7 C
Toronto
Wednesday, November 26, 2025
spot_img
Homeਪੰਜਾਬਮੁਤਵਾਜ਼ੀ ਜਥੇਦਾਰਾਂ ਵੱਲੋਂ ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦਾ ਸੱਦਾ

ਮੁਤਵਾਜ਼ੀ ਜਥੇਦਾਰਾਂ ਵੱਲੋਂ ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦਾ ਸੱਦਾ

logo-2-1-300x105-3-300x105ਦਮਦਮਾ ਸਾਹਿਬ ਵਿਖੇ ਹੀ ਹੋਵੇਗਾ ਸਰਬੱਤ ਖ਼ਾਲਸਾ, ਰਸਮੀ ਐਲਾਨ ਛੇਤੀ
ਬਠਿੰਡਾ/ਬਿਊਰੋ ਨਿਊਜ਼
ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਧਿਰਾਂ ਨੇ ਵੀਰਵਾਰ ਨੂੰ ਸਿੱਖ ਕੌਮ ਨੂੰ ਬਾਦਲ ਪਰਿਵਾਰ ਦਾ ਮੁਕੰਮਲ ਸਿਆਸੀ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਪੰਥਕ ਆਗੂਆਂ ਨੇ ਬੁੱਢਾ ਜੌਹੜ (ਰਾਜਸਥਾਨ) ਵਿੱਚ ਕਈ ਘੰਟੇ ਚੱਲੀ ਪੰਥਕ ਇਕੱਤਰਤਾ ਵਿੱਚ ਵਿਚਾਰਾਂ ਮਗਰੋਂ ਇਹ ਐਲਾਨ ਕੀਤਾ।
ਪੰਥਕ ਆਗੂਆਂ ਨੇ ਕੌਮ ਨੂੰ ਆਖਿਆ ਹੈ ਕਿ ਬਾਦਲ ਪਰਿਵਾਰ ਦੇ ਰਾਜਸੀ ਖਾਤਮੇ ਲਈ ਮੁਕੰਮਲ ਸਿਆਸੀ ਬਾਈਕਾਟ ਕੀਤਾ ਜਾਵੇ ਤਾਂ ਜੋ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਤੋਂ ‘ਆਜ਼ਾਦ’ ਕਰਾਇਆ ਜਾ ਸਕੇ। ਸੂਤਰਾਂ ਅਨੁਸਾਰ ਪੰਥਕ ਇਕੱਤਰਤਾ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਦਮਦਮਾ ਸਾਹਿਬ ਵਿੱਚ ਹੀ ਸਰਬੱਤ ਖ਼ਾਲਸਾ ਸੱਦਣ ਦਾ ਐਲਾਨ ਕੀਤਾ ਗਿਆ ਹੈ।
ਵੇਰਵਿਆਂ ਅਨੁਸਾਰ ਰਾਜਸਥਾਨ ਦੇ ਬੁੱਢਾ ਜੌਹੜ ਵਿੱਚ ਵੀਰਵਾਰ ਨੂੰ ਪੰਥਕ ਇਕੱਤਰਤਾ ਵਿੱਚ 11 ਤੋਂ ਚਾਰ ਵਜੇ ਤੱਕ ਵਿਚਾਰ-ਚਰਚਾ ਚਲਦੀ ਰਹੀ। ਰਾਜਸਥਾਨ ਪੁਲੀਸ ਨੇ ਇਸ ਇਕੱਤਰਤਾ ਵਿੱਚ ਕੋਈ ਦਖ਼ਲ ਨਹੀਂ ਦਿੱਤਾ ਪਰ ਸਮਾਗਮਾਂ ਦੇ ਬਾਹਰ ਪੁਲੀਸ ਦਾ ਪਹਿਰਾ ਰਿਹਾ। ਮੁੱਖ ਤੌਰ ‘ਤੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਪਰਮਿੰਦਰ ਸਿੰਘ ਬਾਲਿਆਂ ਵਾਲੀ, ਸਰਬੱਤ ਖ਼ਾਲਸਾ ਦੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਬਠਿੰਡਾ ਤੋਂ ਇਲਾਵਾ ਅਕਾਲੀ ਦਲ (1920), ਸੁਤੰਤਰ ਅਕਾਲੀ ਦਲ, ਦਲ ਖ਼ਾਲਸਾ, ਸੰਤ ਸਮਾਜ, ਅਖੰਡ ਕੀਰਤਨੀ ਜਥੇ, ਏਕਨੂਰ ਖ਼ਾਲਸਾ ਫੌਜ ਤੇ ਸਿੰਘ ਸਭਾਵਾਂ ਆਦਿ ਦੇ ਵੱਡੀ ਗਿਣਤੀ ਆਗੂ ਪੰਥਕ ਇਕੱਤਰਤਾ ਵਿੱਚ ਸ਼ਾਮਲ ਹੋਏ।  ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਸਾਰੀਆਂ ਧਿਰਾਂ ਨੇ ਪੰਥਕ ਇਕੱਤਰਤਾ ਵਿੱਚ ਸਹਿਮਤੀ ਨਾਲ ਬਾਦਲ ਪਰਿਵਾਰ ਦੇ ਰਾਜਸੀ ਬਾਈਕਾਟ ਦਾ ਫ਼ੈਸਲਾ ਕੀਤਾ ਹੈ ਅਤੇ ਕੌਮ ਨੂੰ ਵੀ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਸਰਬੱਤ ਖ਼ਾਲਸਾ ਪੰਜਾਬ ਦੀ ਧਰਤੀ ‘ਤੇ ਹੋਵੇਗਾ, ਜਿਸ ਦਾ ਰਸਮੀ ਐਲਾਨ ਛੇਤੀ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇ ਪੰਜਾਬ ਸਰਕਾਰ ਨੇ ਮੁੜ ਸਰਬੱਤ ਖ਼ਾਲਸਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੀਨੀਅਰ ਆਗੂ ਇਸ ਵਾਸਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੋਣਗੇ। ਦੱਸਣਯੋਗ ਹੈ ਕਿ ਸਰਬੱਤ ਖ਼ਾਲਸਾ ਸਬੰਧੀ 11 ਨਵੰਬਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਵੀ ਹੈ।
ਪ੍ਰਬੰਧਕਾਂ ਨੇ ਪਹਿਲਾਂ ਹਾਈ ਕੋਰਟ ਵਿੱਚੋਂ ਕੇਸ ਵਾਪਸ ਲੈ ਲਿਆ ਸੀ ਅਤੇ ਮਗਰੋਂ ਕੁਝ ਸੋਧਾਂ ਕਰਕੇ ਪਟੀਸ਼ਨ ਪਾ ਦਿੱਤੀ।
ਬਾਦਲ ਤੇ ਅਮਰਿੰਦਰ ਡਰਾਮੇਬਾਜ਼: ਪੰਥਕ ਆਗੂ : ਭਾਈ ਗੁਰਦੀਪ ਸਿੰਘ ਨੇ ਪੰਥਕ ਧਿਰਾਂ ਵੱਲੋਂ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ‘ਤੇ ਟਿੱਪਣੀ ਕਰਦੇ ਹੋਏ ਆਖਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਲੀਭੁਗਤ ਨਾਲ ਇਹ ਸਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਧਿਰਾਂ ਐੱਸਵਾਈਐਲ ਦੀਆਂ ਹਮਾਇਤੀ ਰਹੀਆਂ ਹਨ ਤੇ ਹੁਣ ਡਰਾਮੇ ਕਰ ਰਹੀਆਂ ਹਨ।

RELATED ARTICLES
POPULAR POSTS