ਪ੍ਰਸ਼ਾਂਤ ਭੂਸ਼ਣ ਨੇ ਡਾ. ਧਰਮਵੀਰ ਗਾਂਧੀ ਨੂੰ ਦਿੱਤਾ ਸਮਰਥਨ
ਪਟਿਆਲਾ: ਪਟਿਆਲਾ ਵਿਖੇ ਬਾਰ ਐਸੋਸੀਏਸ਼ਨ ਵਿੱਚ ਹੋਏ ਸਮਾਗਮ ਵਿੱਚ ਸੁਪਰੀਮ ਕੋਰਟ ਦੇ ਉਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਆਪਣਾ ਸਮਰਥਨ ਦਿੱਤਾ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਚੋਣ ਬਾਂਡ ਰਾਹੀਂ ਭਾਰਤੀ ਜਨਤਾ ਪਾਰਟੀ ਨੇ ਦੇਸ਼ ਵਿੱਚ ਵੱਡਾ ਭ੍ਰਿਸ਼ਟਾਚਾਰ ਕੀਤਾ ਹੈ।
ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਸ਼ਾਂਤ ਭੂਸ਼ਣ ਨੇ ਚੋਣ ਬਾਂਡ ਸਕੀਮ ਦਾ ਮੁੱਦਾ ਉਭਾਰਦਿਆਂ ਦਲੀਲ ਦਿੱਤੀ ਕਿ ਭਾਰਤ ਵਿੱਚ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਤੇ ਭ੍ਰਿਸ਼ਟ ਕਰਨ ਲਈ ਭਾਜਪਾ ਵੱਲੋਂ ਹੇਰਾਫੇਰੀ ਕੀਤੀ ਜਾ ਰਹੀ ਹੈ।
ਸਕੀਮ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਘਾਟ ਦੱਸਦਿਆਂ ਭੂਸ਼ਣ ਨੇ ਦਾਅਵਾ ਕੀਤਾ ਕਿ ਇਹ ਸਕੀਮ ਚੋਣ ਪ੍ਰਣਾਲੀ ਦੀ ਅਖੰਡਤਾ ਨਾਲ ਸਮਝੌਤਾ ਕਰਨ ਵਾਲੇ ਫੰਡਾਂ ਦੀ ਬੇਰੋਕ ਆਮਦ ਦੀ ਆਗਿਆ ਦਿੰਦੀ ਹੈ। ਉਨ੍ਹਾਂ ਵਕੀਲਾਂ ਨੂੰ ਨਿਆਂ ਤੇ ਲੋਕਤੰਤਰ ਦੇ ਰਾਖਿਆਂ ਵਜੋਂ ਆਪਣੀ ਇਤਿਹਾਸਕ ਭੂਮਿਕਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਵੀ ਭੂਸ਼ਣ ਦੀਆਂ ਤਕਰੀਰਾਂ ਦੀ ਪ੍ਰੋੜ੍ਹਤਾ ਕੀਤੀ। ਉਨ੍ਹਾਂ ਨੇ ਪਾਰਦਰਸ਼ੀ ਅਤੇ ਨਿਰਪੱਖ ਚੋਣ ਪ੍ਰਣਾਲੀ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਚੁਣੇ ਜਾਣ ‘ਤੇ ਇਨ੍ਹਾਂ ਸਿਧਾਂਤਾਂ ਪ੍ਰਤੀ ਵਚਨਬੱਧ ਰਹਿਣ ਦਾ ਵਾਅਦਾ ਕੀਤਾ। ਡਾ. ਗਾਂਧੀ ਨੇ ਪ੍ਰਸ਼ਾਂਤ ਭੂਸ਼ਣ ਤੇ ਕਾਨੂੰਨੀ ਭਾਈਚਾਰੇ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਇਮਾਨਦਾਰੀ ਤੇ ਜਵਾਬਦੇਹੀ ਨਾਲ ਪਟਿਆਲਾ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਆਪਣੇ ਸਮਰਪਣ ‘ਤੇ ਜ਼ੋਰ ਦਿੱਤਾ।