18 C
Toronto
Saturday, May 30, 2026
spot_img
Homeਪੰਜਾਬਇਕ ਮਹੀਨੇ ਮਗਰੋਂ ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਚੁੱਕਿਆ

ਇਕ ਮਹੀਨੇ ਮਗਰੋਂ ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਚੁੱਕਿਆ

ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਕਰਕੇ ਕਿਸਾਨਾਂ ਨੇ ਲਿਆ ਫੈਸਲਾ
ਪਟਿਆਲਾ/ਬਿਊਰੋ ਨਿਊਜ਼ : ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 17 ਅਪਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ਕੋਲ ਰੇਲਵੇ ਟਰੈਕ ‘ਤੇ ਲਾਇਆ ਪੱਕਾ ਧਰਨਾ ਮੰਗਲਵਾਰ ਨੂੰ ਸਮਾਪਤ ਕਰ ਦਿੱਤਾ ਗਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਢਾਬੀ ਗੁੱਜਰਾਂ ਤੇ ਸ਼ੰਭੂ ਬਾਰਡਰ ‘ਤੇ ਜਾਰੀ ਧਰਨੇ ਮੰਗਾਂ ਦੀ ਪੂਰਤੀ ਤੱਕ ਚੱਲਦੇ ਰਹਿਣਗੇ।
ਕਿਸਾਨ ਮੋਰਚਾ ਤਿੰਨੋਂ ਕਿਸਾਨਾਂ ਦੀ ਰਿਹਾਈ ਤੱਕ ਰੇਲਵੇ ਟਰੈਕ ਖਾਲੀ ਨਾ ਕਰਨ ਲਈ ਬਜ਼ਿੱਦ ਸੀ ਪਰ ਵਪਾਰੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਹੀ ਕਿਸਾਨਾਂ ਨੇ ਖੁਦ ਹੀ ਇਹ ਧਰਨਾ ਚੁੱਕ ਲਿਆ। ਕਿਸਾਨ ਆਗੂਆਂ ਨਾਲ ਹੋਈ ਗੱਲਬਾਤ ਮੁਤਾਬਿਕ ਰੇਲਵੇ ਟਰੈਕ ਖਾਲੀ ਕਰਨ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਇੱਕ ਤਾਂ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਦੇ ਵਪਾਰੀ ਵਰਗ ਵੱਲੋਂ ਇਹ ਧਰਨਾ ਚੁਕਵਾਉਣ ਲਈ ਕਿਸਾਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਝੋਨੇ ਦੇ ਸੀਜ਼ਨ ਦੌਰਾਨ ਖਾਦ ਅਤੇ ਬਾਹਰੋਂ ਆਉਣ ਵਾਲੀ ਲੇਬਰ ਅਤੇ ਬਿਜਲੀ ਥਰਮਲਾਂ ਲਈ ਲੋੜੀਂਦੇ ਕੋਲੇ ਦੀ ਸਪਲਾਈ ਆਦਿ ਸਬੰਧੀ ਸਮੱਸਿਆਵਾਂ ਕਾਰਨ ਵੀ ਕਿਸਾਨਾਂ ਨੇ ਇਹ ਧਰਨਾ ਚੁੱਕਣ ਦਾ ਫੈਸਲਾ ਲਿਆ ਹੈ। ਇਕ ਕਿਸਾਨ ਜਥੇਬੰਦੀ ਦੇ ਆਗੂ ਸੁਖਜੀਤ ਬਘੌਰਾ ਦੀ ਵੀ ਧਰਨਾ ਸਮਾਪਤ ਕਰਵਾਉਣ ‘ਚ ਭੂਮਿਕਾ ਰਹੀ ਹੈ।
ਉਨ੍ਹਾਂ ਗੁਰਧਾਮਾਂ ‘ਤੇ ਜਾਣ ਵਾਲੀ ਸੰਗਤ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕਿਸਾਨ ਆਗੂਆਂ ਅਤੇ ਅਧਿਕਾਰੀਆਂ ਦਰਮਿਆਨ ਗੱਲਬਾਤ ਚਲਾਈ ਸੀ।
ਅੰਦੋਲਨ ਸਮਾਪਤ ਹੋਣ ਮਗਰੋਂ ਰੇਲ ਆਵਾਜਾਈ ਬਹਾਲ
ਅੰਬਾਲਾ: ਸ਼ੰਭੂ ਰੇਲਵੇ ਸਟੇਸ਼ਨ ‘ਤੇ 17 ਅਪਰੈਲ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਸਮਾਪਤ ਹੋਣ ਮਗਰੋਂ ਸਾਰੀਆਂ ਪ੍ਰਭਾਵਿਤ ਰੇਲ ਗੱਡੀਆਂ ਤੁਰੰਤ ਪ੍ਰਭਾਵ ਨਾਲ ਢੁਕਵੇਂ ਰੂਟਾਂ ‘ਤੇ ਬਹਾਲ ਕਰ ਦਿੱਤੀਆਂ ਗਈਆਂ ਹਨ। ਰੇਲ ਸੇਵਾ ਮੁੜ ਸ਼ੁਰੂ ਹੋਣ ਤੋਂ ਬਾਅਦ ਪ੍ਰਭਾਵਿਤ ਰੂਟ ‘ਤੇ ਪਹਿਲੀ ਰੇਲ ਗੱਡੀ ਅਕਾਲ-ਤਖ਼ਤ ਐਕਸਪ੍ਰੈੱਸ (ਟਰੇਨ ਨੰਬਰ 12317) ਚਲਾਈ ਗਈ। ਉੱਤਰੀ ਰੇਲਵੇ ਅੰਬਾਲਾ ਦੇ ਸੀਨੀਅਰ ਡੀਸੀਐੱਮ ਨਵੀਨ ਕੁਮਾਰ ਨੇ ਦੱਸਿਆ ਕਿ ਅੰਦੋਲਨ ਸਮਾਪਤ ਹੋਣ ਮਗਰੋਂ ਅੰਬਾਲਾ ਸਿਟੀ-ਸ਼ੰਭੂ ਤੇ ਸ਼ੰਭੂ-ਰਾਜਪੁਰਾ ਜੰਕਸ਼ਨ ਵਿਚਾਲੇ ਰੇਲਵੇ ਟਰੈਕ, ਸਿਗਨਲ ਅਤੇ ਓਵਰ-ਹੈੱਡ ਉਪਕਰਨਾਂ ਦੀ ਜਾਂਚ ਕੀਤੀ ਗਈ। 4:35 ਵਜੇ ਟਰੈਕ ਫਿੱਟ ਐਲਾਨੇ ਜਾਣ ਮਗਰੋਂ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ।

RELATED ARTICLES
POPULAR POSTS