1.6 C
Toronto
Wednesday, April 1, 2026
spot_img
Homeਪੰਜਾਬਅਮਨ ਅਰੋੜਾ ਨੇ ਬੰਗਲੌਰ 'ਚ ਸ਼ਹਿਰੀ ਤੇ ਖੇਤੀਬਾੜੀ ਰਹਿੰਦ-ਖੂੰਹਦ ਤੋਂ ਸੀਐੱਨਜੀ ਅਤੇ...

ਅਮਨ ਅਰੋੜਾ ਨੇ ਬੰਗਲੌਰ ‘ਚ ਸ਼ਹਿਰੀ ਤੇ ਖੇਤੀਬਾੜੀ ਰਹਿੰਦ-ਖੂੰਹਦ ਤੋਂ ਸੀਐੱਨਜੀ ਅਤੇ ਸੀਬੀਜੀ ਦੇ ਉਤਪਾਦਨ ਦਾ ਅਧਿਐਨ ਕੀਤਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਨੂੰ ਸਾਫ਼-ਸੁਥਰੀ ਅਤੇ ਗਰੀਨ ਊਰਜਾ ਦੇ ਉਤਪਾਦਨ ਵਿੱਚ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਮਿਉਂਸੀਪਲ ਅਤੇ ਖੇਤੀ ਰਹਿੰਦ-ਖੂੰਹਦ ਤੋਂ ਕੰਪਰੈੱਸਡ ਨੈਚੂਰਲ ਗੈਸ (ਸੀਐੱਨਜੀ) ਅਤੇ ਕੰਪਰੈੱਸਡ ਬਾਇਓਗੈਸ (ਸੀਬੀਜੀ) ਦੇ ਉਤਪਾਦਨ ਦਾ ਅਧਿਐਨ ਕਰਨ ਲਈ ਬੰਗਲੌਰ ਸਥਿਤ ਸਸਟੇਨਏਬਲ ਇੰਪੈਕਟਸ ਪਲਾਂਟ ਦਾ ਦੌਰਾ ਕੀਤਾ।
ਜ਼ਿਕਰਯੋਗ ਹੈ ਕਿ ਸਸਟੇਨਏਬਲ ਇੰਪੈਕਟਸ ਬੰਗਲੌਰ ਆਧਾਰਤ ਦੋ ਸਟਾਰਟਅੱਪਜ਼, ਕਾਰਬਨ ਮਾਸਟਰਜ਼ ਅਤੇ ਹਾਸੀਰੂ ਡਾਲਾ ਇਨੋਵੇਸ਼ਨਜ਼ ਦਾ ਸਾਂਝਾ ਉੱਦਮ ਹੈ।
ਇਨ੍ਹਾਂ ਕੋਲ ਕੂੜਾ ਪ੍ਰਬੰਧਨ ਅਤੇ ਕਾਰਬਨ ਦੀ ਨਿਕਾਸੀ ‘ਤੇ ਨਿਯੰਤਰਣ ਸਬੰਧੀ ਵਿਸ਼ੇਸ਼ ਸਮਰੱਥਾ ਅਤੇ ਮੁਹਾਰਤ ਹੈ। ਅਰੋੜਾ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਮੁੱਖ ਕਾਰਜਕਾਰੀ ਸੁਮੀਤ ਜਾਰੰਗਲ ਅਤੇ ਪੇਡਾ ਦੇ ਡਾਇਰੈਕਟਰ ਐੱਮਪੀ ਸਿੰਘ ਨਾਲ ਸਸਟੇਨਏਬਲ ਇੰਪੈਕਟਸ ਦੀ ਟੀਮ ਨੂੰ ਸੂਬੇ ਦਾ ਦੌਰਾ ਕਰਕੇ ਪਲਾਂਟ ਲਗਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ। ਪਲਾਂਟ ਦਾ ਦੌਰਾ ਕਰਨ ਉਪਰੰਤ ਆਪਣਾ ਤਜਰਬਾ ਸਾਂਝਾ ਕਰਦਿਆਂ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟ ਪੰਜਾਬ ਦੇ ਸ਼ਹਿਰਾਂ, ਕਸਬਿਆਂ ਅਤੇ ਵੱਡੇ ਪਿੰਡਾਂ ਵਿੱਚ ਵੀ ਲਗਾਏ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਤੀ ਰਹਿੰਦ-ਖੂੰਹਦ ਦੀ ਬਹੁਤਾਤ ਹੋਣ ਕਾਰਨ ਇਹ ਤਕਨੀਕ ਨਾ ਸਿਰਫ਼ ਸੀਬੀਜੀ ਅਤੇ ਸੀਐੱਨਜੀ ਦੇ ਉਤਪਾਦਨ ਵਿੱਚ ਵਧੇਰੇ ਲਾਹੇਵੰਦ ਹੋਵੇਗੀ, ਸਗੋਂ ਇਸ ਨਾਲ ਜੈਵਿਕ ਖਾਦ ਵੀ ਤਿਆਰ ਹੋਵੇਗੀ, ਜਿਸ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਵਿੱਚ ਵੀ ਕਮੀ ਆਵੇਗੀ। ਸ਼ਹਿਰਾਂ ਵਿੱਚ ਠੋਸ ਕੂੜਾ-ਕਰਕਟ ਦਾ ਜੇ ਢੁਕਵੇਂ ਢੰਗ ਨਾਲ ਨਿਬੇੜਾ ਨਾ ਕੀਤਾ ਗਿਆ ਤਾਂ ਕੂੜੇ ਦੇ ਪਹਾੜ ਖੜ੍ਹੇ ਹੋ ਜਾਣਗੇ, ਜਿਸ ਨਾਲ ਸਿਹਤ ਅਤੇ ਵਾਤਾਵਰਣ ਲਈ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਚੁਣੌਤੀ ਨਾਲ ਨਜਿੱਠਣ ਵਾਸਤੇ ਸਥਾਈ ਹੱਲ ਲੱਭਣ ਲਈ ਵੱਖ-ਵੱਖ ਨੀਤੀਆਂ, ਪ੍ਰੋਗਰਾਮ ਅਤੇ ਪ੍ਰਬੰਧਕੀ ਰਣਨੀਤੀਆਂ ਘੜਨ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ।

RELATED ARTICLES
POPULAR POSTS