Breaking News
Home / ਦੁਨੀਆ / ਕੋਰੋਨਾ ਦੀ ਦਵਾਈ ਤਿਆਰ ਕਰਨ ‘ਚ ਵੱਡੀ ਕਾਮਯਾਬੀ

ਕੋਰੋਨਾ ਦੀ ਦਵਾਈ ਤਿਆਰ ਕਰਨ ‘ਚ ਵੱਡੀ ਕਾਮਯਾਬੀ

ਯੇਰੂਸਲਮ/ਬਿਊਰੋ ਨਿਊਜ਼ : ਇਜ਼ਰਾਈਲ ਦੇ ਰੱਖਿਆ ਮੰਤਰੀ ਨਫਤਾਲੀ ਬੇਨੈਟ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਮੁੱਖ ਬਾਇਓਲਾਜੀਕਲ ਰਿਸਰਚ ਇੰਸਟੀਚਿਊਟ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਐਂਟੀਬਾਡੀ ਤਿਆਰ ਕਰ ਲਿਆ ਹੈ। ਬੇਨੈਟ ਨੇ ਦਾਅਵਾ ਕੀਤਾ ਹੈ ਕਿ ਇਸ ਪਹਿਲਕਦਮੀ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦਾ ਇਲਾਜ਼ ਸੰਭਵ ਹੋਣ ‘ਚ ਵੱਡੀ ਕਾਮਯਾਬੀ ਮਿਲ ਸਕੇਗੀ। ਉਨ੍ਹਾਂ ਇੰਸਟੀਚਿਊਟ ਵਲੋਂ ਕੋਰੋਨਾ ਖ਼ਿਲਾਫ਼ ਐਂਟੀਬਾਡੀ ਵਿਕਸਿਤ ਕਰਨ ਨੂੰ ਵੱਡੀ ਸਫ਼ਲਤਾ ਦੱਸਿਆ ਹੈ। ਰੱਖਿਆ ਮੰਤਰੀ ਬੇਨੈਟ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਅਧੀਨ ਕੰਮ ਕਰਨ ਵਾਲੇ ਡਿਫੈਂਸ ਇੰਸਟੀਚਿਊਟ ਫਾਰ ਬਾਇਓਲਾਜੀਕਲ ਰਿਸਰਚ ਦਾ ਦੌਰਾ ਕਰਨ ਬਾਅਦ ਇਸ ਦੇ ਨਤੀਜਿਆਂ ਨੂੰ ਵੇਖ ਕੇ ਐਂਟੀਬਾਡੀ ਤਿਆਰ ਹੋਣ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਐਂਟੀਬਾਡੀ ਵੈਕਸੀਨ ਮੋਨੋਕਲੋਨਲ ਢੰਗ ਨਾਲ ਕੋਰੋਨਾ ਵਾਇਰਸ ‘ਤੇ ਹਮਲਾ ਕਰਕੇ ਵਾਇਰਸ ਨੂੰ ਸਰੀਰ ਦੇ ਅੰਦਰ ਹੀ ਖ਼ਤਮ ਕਰ ਦਿੰਦਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਐਂਟੀਬਾਡੀ ਵਿਕਸਿਤ ਕਰਨ ਦੀ ਪ੍ਰਕਿਰਿਆ ਸੰਪੂਰਨ ਹੋ ਚੁੱਕੀ ਹੈ ਅਤੇ ਅਗਲੇ ਪੜਾਅ ਤਹਿਤ ਇੰਸਟੀਚਿਊਟ ਵਲੋਂ ਆਪਣੀ ਖੋਜ ਨੂੰ ਪੇਟੈਂਟ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਕੰਪਨੀਆਂ ਨਾਲ ਵਪਾਰਕ ਪੱਧਰ ‘ਤੇ ਵੈਕਸੀਨ ਦੇ ਉਤਪਾਦਨ ਲਈ ਸੰਪਰਕ ਕੀਤਾ ਜਾ ਸਕੇਗਾ।
ਕਿਵੇਂ ਕੰਮ ਕਰਦੇ ਹਨ ਵੈਕਸੀਨ ਤੇ ਐਂਟੀਬਾਡੀ : ਵੈਕਸੀਨ ਨੂੰ ਪਿਛਲੇ ਕਈ ਦਹਾਕਿਆਂ ਦੀ ਸਭ ਤੋਂ ਬਿਹਤਰੀਨ ਖੋਜ ਮੰਨਿਆ ਗਿਆ ਹੈ, ਕਿਉਂਕਿ ਇਸ ਨੇ ਪੂਰੀ ਦੁਨੀਆ ਨੂੰ ਪੋਲੀਓ, ਖਸਰਾ ਜਿਹੀਆਂ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦਾ ਕੰਮ ਕੀਤਾ ਹੈ, ਜਿਸ ਨੂੰ ਡਰਾਪ ਜਾਂ ਇੰਜੈਕਸ਼ਨ ਜਰੀਏ ਮਨੁੱਖੀ ਸਰੀਰ ‘ਚ ਦਾਖ਼ਲ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਸਰੀਰ ਖੁਦ-ਬ-ਖੁਦ ਬਿਮਾਰੀ ਦੇ ਵਾਇਰਸ ਖ਼ਿਲਾਫ਼ ਲੜਨ ਯੋਗ ਹੋ ਜਾਂਦਾ ਹੈ। ਇਸੇ ਤਰ੍ਹਾਂ ਐਂਟੀਬਾਡੀ ਅਜਿਹੀ ਦਵਾਈ ਹੈ, ਜੋ ਸਰੀਰ ‘ਚ ਦਾਖ਼ਲ ਕੀਤੀ ਜਾਂਦੀ ਹੈ, ਪਰ ਇਹ ਸਾਡੇ ਸਰੀਰ ਦੇ ਇਮਊਨ ਸਿਸਟਮ (ਰੋਗਾਂ ਨਾਲ ਲੜ੍ਹਨ ਦੀ ਸਮਰੱਥਾ) ਨੂੰ ਉਸ ਰੋਗ ਨਾਲ ਲੜ੍ਹਨ ਦਾ ਮੌਕਾ ਦਿੱਤੇ ਬਗੈਰ ਸਿੱਧਾ ਆਪ ਵਾਇਰਸ ‘ਤੇ ਹਮਲਾ ਕਰਦਾ ਹੈ। ਵੇਖਣ ਸੁਣਨ ‘ਚ ਇਹ ਵਧੇਰੇ ਕਾਰਗਰ ਸਮਝਿਆ ਜਾ ਰਿਹਾ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਸਾਈਡ ਇਫੈਕਟ (ਕੁ-ਪ੍ਰਭਾਵ) ਵੀ ਹੋ ਸਕਦੇ ਹਨ।

Check Also

ਡੋਨਾਲਡ ਟਰੰਪ ’ਤੇ ਫਿਰ ਜਾਨਲੇਵਾ ਹਮਲੇ ਦੀ ਕੋਸ਼ਿਸ਼

ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਨ ਟਰੰਪ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ …