ਭਾਰਤੀ ਵਰਕਰਾਂ ਨੇ ਪਰਿਵਾਰਾਂ ਸਮੇਤ ਵਾੲ੍ਹੀਟ ਹਾਊਸ ਸਾਹਮਣੇ ਕੀਤੀ ਰੈਲੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗਰੇਸ਼ਨ ਸਬੰਧੀ ਨੀਤੀ ਦੀ ਹਮਾਇਤ ਵਿਚ ਹਜ਼ਾਰਾਂ ਹੁਨਰਮੰਦ ਭਾਰਤੀ ਵਰਕਰਾਂ ਨੇ ਆਪਣੇ ਬੱਚਿਆਂ ਅਤੇ ਪਤਨੀਆਂ ਨਾਲ ਮਿਲ ਕੇ ਇਥੇ ਵ੍ਹਾਈਟ ਹਾਊਸ ਸਾਹਮਣੇ ਰੈਲੀ ਕੀਤੀ। ਕੈਲੀਫੋਰਨੀਆ, ਟੈਕਸਸ, ਸ਼ਿਕਾਗੋ, ਫਲੋਰਿਡਾ, ਨਿਊਯਾਰਕ ਅਤੇ ਮੈਸਾਚੁਸੈਟਸ ਤੋਂ ਆਏ ਇਨ੍ਹਾਂ ਭਾਰਤੀਆਂ ਨੇ ਟਰੰਪ ਨੂੰ ਬੇਨਤੀ ਕੀਤੀ ਕਿ ਉਹ ਕਾਨੂੰਨੀ ਤੌਰ ‘ਤੇ ਪੱਕੀ ਨਾਗਰਿਕਤਾ ਸਬੰਧੀ ਹਰ ਮੁਲਕ ਦੀ ਹੱਦ ਨੂੰ ਖ਼ਤਮ ਕਰਨ ਤਾਂ ਜੋ ਹੁਨਰਮੰਦ ਭਾਰਤੀਆਂ ਦੇ ਵੱਡੀ ਗਿਣਤੀ ਵਿਚ ਰੁਕੇ ਹੋਏ ਗਰੀਨ ਕਾਰਡਾਂ ਦੀ ਉਡੀਕ ਖ਼ਤਮ ਹੋ ਸਕੇ।ਇਹ ਭਾਰਤੀ ਪਿਛਲੇ ਕਈ ਵਰ੍ਹਿਆਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਕਈ ਤਾਂ ਪਿਛਲੇ ਇਕ ਦਹਾਕੇ ਤੋਂ ਵਧ ਸਮੇਂ ਤੋਂ ਉਥੇ ਵਸੇ ਹੋਏ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਰਿਪਬਲਿਕਨ ਹਿੰਦੂ ਕੋਲਿਸ਼ਨ ਦੇ ਕੌਮੀ ਨੀਤੀ ਅਤੇ ਸਿਆਸੀ ਡਾਇਰੈਕਟਰ ਕ੍ਰਿਸ਼ਨਾ ਬਾਂਸਲ ਨੇ ਕਿਹਾ,”ਅਸੀਂ ਮੈਰਿਟ ਆਧਾਰਿਤ ਇਮੀਗਰੇਸ਼ਨ ਨੀਤੀ ‘ਤੇ ਗੰਭੀਰਤਾ ਨਾਲ ਵਿਚਾਰ ਰਹੇ ਹਾਂ। ਇਸ ਨਾਲ ਅਮਰੀਕਾ ਵਿਚ ਖੁਸ਼ਹਾਲੀ ਆਏਗੀ ਅਤੇ ਤੇਜ਼ੀ ਨਾਲ ਮੁਲਕ ਦਾ ਆਰਥਿਕ ਵਿਕਾਸ ਹੋਵੇਗਾ।” ਟਰੰਪ ਨੂੰ ਹਮਾਇਤ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ਅਤੇ ਕਾਨੂੰਨਸਾਜ਼ਾਂ ਨਾਲ ਵਿਆਪਕ ਇਮੀਗਰੇਸ਼ਨ ਬਿੱਲ ਲਿਆਉਣ ਬਾਰੇ ਉਨ੍ਹਾਂ ਦਾ ਧੜਾ ਕੰਮ ਕਰ ਰਿਹਾ ਹੈ ਜਿਸ ਵਿਚ ਇਹ ਸਾਰੀਆਂ ਗੱਲਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਬਾਂਸਲ ਨੇ ਕਿਹਾ ਕਿ ਭਾਰਤ ਦੇ ਹਜ਼ਾਰਾਂ ਹੁਨਰਮੰਦ ਮਾਹਿਰਾਂ ਨੂੰ ਗਰੀਨ ਕਾਰਡ ਦੇਣ ਨਾਲ ਉਨ੍ਹਾਂ ਦੀ ਪੂਰੀ ਸਮਰੱਥਾ ਦਾ ਲਾਹਾ ਲਿਆ ਜਾ ਸਕੇਗਾ। ਕੱਲ ਹੋਈ ਰੈਲੀ ਦੌਰਾਨ ਕਈ ਸਾਫਟਵੇਅਰ ਇੰਜਨੀਅਰ ਵੀ ਹਾਜ਼ਰ ਸਨ ਅਤੇ ਉਨ੍ਹਾਂ ਬੈਨਰ ਅਤੇ ਪੋਸਟਰ ਹੱਥਾਂ ਵਿਚ ਫੜੇ ਹੋਏ ਸਨ ਜਿਨ੍ਹਾਂ ‘ਤੇ ‘ਗਰੀਨ ਕਾਰਡ ਬੈਕਲਾਗ ‘ਤੇ ਕਟੌਤੀ ਖ਼ਤਮ ਕਰੋ, ਸਖ਼ਤੀ ਨਾਲ ਮੈਰਿਟ ਆਧਾਰਿਤ ਅੰਕ ਪ੍ਰਣਾਲੀ ਲਾਗੂ ਕਰੋ, ਮੁਲਕਾਂ ਵਿਚੋਂ ਪਰਵਾਸੀਆਂ ਦੀ ਹੱਦ ਸੀਮਾ ਖ਼ਤਮ ਕਰੋ, ਕਾਨੂੰਨੀ ਡਰੀਮਰਜ਼ ਦੀ ਹਮਾਇਤ ਕਰਨ ਦੀ ਲੋੜ ਅਤੇ ਅਸੀਂ ਟਰੰਪ ਨੂੰ ਹਮਾਇਤ ਦਿੰਦੇ ਹਾਂ’ ਵਰਗੇ ਨਾਅਰੇ ਲਿਖੇ ਹੋਏ ਸਨ। ਵ੍ਹਾਈਟ ਹਾਊਸ ‘ਤੇ ਟਰੰਪ ਪੱਖੀ ਇਮੀਗਰੇਸ਼ਨ ਰੈਲੀਆਂ ਵਿਚੋਂ ਇਹ ਇਕ ਵੱਡੀ ਰੈਲੀ ਸੀ। ਵਰਜੀਨੀਆ ਦੇ ਰੋਨਲਡ ਰੀਗਨ ਮਿਡਲ ਸਕੂਲ ਵਿਚ ਪੜ੍ਹਦੀ ਅਕਸ਼ਿਤਾ ਰਮੇਸ਼ (13) ਨੇ ਕਿਹਾ ਕਿ ਗਰੀਨ ਕਾਰਡ ਬੈਕਲਾਗ ਹੁਨਰਮੰਦ ਪਰਵਾਸੀਆਂ ਨੂੰ ਪਰੇਸ਼ਾਨ ਕਰ ਰਹੇ ਹਨ ਜੋ ਬਿਹਤਰ ਜ਼ਿੰਦਗੀ ਲਈ ਇਸ ਮੁਲਕ ਵਿਚ ਆਏ ਸਨ। ਰਿਪਬਲਿਕਨ ਹਿੰਦੂ ਕੋਲਿਸ਼ਨ ਮੁਤਾਬਕ ਭਾਰਤ ਦੇ ਕਰੀਬ ਦੋ ਲੱਖ ਬੱਚੇ ਅਮਰੀਕਾ ਵਿਚ ਹਨ ਜਿਨ੍ਹਾਂ ਕਦੇ ਕਾਨੂੰਨ ਨਹੀਂ ਤੋੜਿਆ ਪਰ 21 ਸਾਲ ਦੀ ਉਮਰ ਹੋਣ ਕਰਕੇ ਉਨ੍ਹਾਂ ਨੂੰ ਮੁਲਕ ਪਰਤਣਾ ਪਏਗਾ ਕਿਉਂਕਿ ਉਨ੍ਹਾਂ ਦੇ ਮਾਪਿਆਂ ਨੂੰ ਗਰੀਨ ਕਾਰਡ ਦੀ ਉਡੀਕ ਕਰਨੀ ਪੈ ਰਹੀ ਹੈ। ઠ
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …