ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ‘ਤੇ ਬਣੀ ਲਘੂ ਫਿਲਮ ‘ਸਿੰਘ’ ਨੇ ਮੋਨਟਾਨਾ ਵਿਚ ਹੋਏ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਵਿਚ ‘ਸ਼ਾਰਟ ਆਫ਼ ਦਿ ਯੀਅਰ’ ਪੁਰਸਕਾਰ ਜਿੱਤਿਆ ਹੈ। ਫਿਲਮ ‘ਸਿੰਘ’ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ਦੀ ਉਸ ਘਟਨਾ ‘ਤੇ ਆਧਾਰਿਤ ਹੈ ਜਿਸ ਵਿਚ ਉਸ ਨੂੰ ਦਸਤਾਰ ਉਤਾਰੇ ਬਿਨਾ ਜਹਾਜ਼ ਵਿਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਜੇਨਾ ਰੂਈਜ਼ ਵੱਲੋਂ ਨਿਰਦੇਸ਼ਿਤ ਫਿਲਮ ਨੇ ਇਸ ਸ਼੍ਰੇਣੀ ਦੀਆਂ ਦਾਅਵੇਦਾਰ 100 ਫਿਲਮਾਂ ਨੂੰ ਪਿੱਛੇ ਛੱਡ ਕੇ ਇਹ ਪੁਰਸਕਾਰ ਹਾਸਲ ਕੀਤਾ ਹੈ। ਫਿਲਮ ਮੇਲੇ ਦੇ ਪ੍ਰਬੰਧਕਾਂ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ‘ਸਿੰਘ’ ਦੀ ਕਹਾਣੀ ਮਈ 2007 ਵਿਚ ਵਾਪਰੀ ਘਟਨਾ ‘ਤੇ ਆਧਾਰਿਤ ਹੈ। ਲਘੂ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਗੁਰਿੰਦਰ ਸਿੰਘ ਨੂੰ ਆਪਣੇ ਧਾਰਮਿਕ ਅਕੀਦੇ ਅਤੇ ਅੰਤਿਮ ਸਾਹ ਲੈ ਰਹੀ ਮਾਂ ਨਾਲ ਮਿਲਣ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਸੀ। ਇਸ ਘਟਨਾ ਮਗਰੋਂ ਖ਼ਾਲਸਾ ਨੇ ਅਮਰੀਕੀ ਸੰਸਦ ਵਿਚ ਇਸ ਮੁੱਦੇ ਵੱਲ ਧਿਆਨ ਖਿੱਚਣ ਲਈ ਕੰਮ ਕੀਤਾ। ਇਸ ਮਗਰੋਂ ਹਵਾਈ ਅੱਡਿਆਂ ‘ਤੇ ਹੈੱਡਗਿਅਰ ਸਬੰਧੀ ਨੀਤੀਆਂ ਵਿਚ ਬਦਲਾਅ ਆਇਆ। ਫਿਲਮ ਦੀ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਨੇ ‘ਇੰਡੀ ਸ਼ਾਰਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਲਈ ਅਧਿਕਾਰਤ ਤੌਰ ਉਤੇ ਚੋਣ ਕੀਤੀ ਹੈ। ‘ਇੰਡੀ ਸ਼ਾਰਟਸ’ ਇੰਡੀਆਨਾਪੋਲਿਸ ਵਿਚ 25 ਤੋਂ 28 ਜੁਲਾਈ ਤਕ ਦੁਨੀਆ ਭਰ ਦੀਆਂ ਫਿਲਮਾਂ ਦਿਖਾਵੇਗਾ।
Check Also
ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ
ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …