Breaking News
Home / ਦੁਨੀਆ / ਭਾਰਤ ਤੇ ਅਮਰੀਕਾ ‘ਚ ਹੋ ਰਹੀ ਹੈ ਮਜ਼ਬੂਤ ਭਾਈਵਾਲੀ : ਮੋਦੀ

ਭਾਰਤ ਤੇ ਅਮਰੀਕਾ ‘ਚ ਹੋ ਰਹੀ ਹੈ ਮਜ਼ਬੂਤ ਭਾਈਵਾਲੀ : ਮੋਦੀ

ਦਹਿਸ਼ਤਗਰਦੀ ਦੇ ਖਤਰੇ ਬਾਰੇ ਭਾਰਤ ਨੇ ਸਾਰੀ ਦੁਨੀਆ ਨੂੰ ਸਮਝਾਇਆ
ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਅਮਰੀਕਾ ਦੇ ਰਣਨੀਤਕ ਰਿਸ਼ਤਿਆਂ ਨੂੰ ‘ਨਿਰਵਿਵਾਦ’ ਤਰਕ ‘ਤੇ ਆਧਾਰਿਤ ਕਰਾਰ ਦਿੰਦਿਆਂ ਕਿਹਾ ਹੈ ਕਿ ਦੋਵੇਂ ਮੁਲਕ ਦੁਨੀਆਂ ਨੂੰ ਦਹਿਸ਼ਤਗਰਦੀ, ਕੱਟੜਪੰਥੀ ਵਿਚਾਰਧਾਰਾਵਾਂ ਅਤੇ ਗ਼ੈਰ-ਰਵਾਇਤੀ ਸੁਰੱਖਿਆ ਖ਼ਤਰਿਆਂ ਤੋਂ ਬਚਾਉਣ ਦੇ ਚਾਹਵਾਨ ਹਨ। ਉਨ੍ਹਾਂ ਇਹ ਗੱਲ ਅਮਰੀਕੀ ਅਖ਼ਬਾਰ ‘ਵਾਲ ਸਟਰੀਟ ਜਰਨਲ’ ਵਿੱਚ ਛਪੇ ਆਪਣੇ ਲੇਖ ਵਿੱਚ ਕਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦਰਮਿਆਨ ਬਹੁਤ ਹੀ ਮਜ਼ਬੂਤ ਭਾਈਵਾਲੀ ਪੈਦਾ ਹੋ ਰਹੀ ਹੈ। ਅਮਰੀਕੀ ਸਦਰ ਡੋਲਨਡ ਟਰੰਪ ਨਾਲ ਆਪਣੀ ਪਲੇਠੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਲਿਖਿਆ ਕਿ ਇਕ ਬੇਯਕੀਨੀ ਵਾਲੇ ਆਰਥਿਕ ਵਰਤਾਰੇ ਦੌਰਾਨ ਭਾਰਤ ਅਤੇ ਅਮਰੀਕਾ ਆਪਸ ਵਿੱਚ ਮਿਲ ਕੇ ਚੱਲਣ ਵਾਲੇ ਵਿਕਾਸ ਤੇ ਨਵੀਆਂ ਕਾਢਾਂ ਦੇ ਵਾਹਕ ਹਨ। ਉਨ੍ਹਾਂ ਵਾਸ਼ਿੰਗਟਨ ਦੀ ਆਪਣੀ ਪਿਛਲੀ ਫੇਰੀ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਉਸ ਵਕਤ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਨੇ ‘ਇਤਿਹਾਸ ਦੀ ਝਿਜਕ’ ਨੂੰ ਪਾਰ ਪਾ ਲਿਆ ਹੈ।
ਇਸ ਦੌਰਾਨ ਵਾਸ਼ਿੰਗਟਨ ਦੇ ਉਪਨਗਰੀ ਖੇਤਰ ਵਰਜੀਨੀਆ ਵਿੱਚ ਆਪਣੇ ਸਵਾਗਤ ਲਈ ਇਕੱਠੇ ਹੋਏ ਕਰੀਬ 600 ਭਾਰਤੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ‘ਦਹਿਸ਼ਤਗਰਦੀ ਦੇ ਖ਼ਤਰੇ’ ਬਾਰੇ ਭਾਰਤ ਸਾਰੀ ਦੁਨੀਆਂ ਨੂੰ ਸਮਝਾਉਣ ਵਿੱਚ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਭਾਰਤ ਵੱਲੋਂ ਦਹਿਸ਼ਤਗਰਦਾਂ ਖ਼ਿਲਾਫ਼ ਪਾਕਿਸਤਾਨ ਵਿੱਚ ਕੀਤੀ ਗਈ ਸਰਜੀਕਲ ਸਟਰਾਈਕ ਉਤੇ ਕਿਸੇ ਵੀ ਮੁਲਕ ਨੇ ਇਤਰਾਜ਼ ਨਹੀਂ ਕੀਤਾ।
ਉਨ੍ਹਾਂ ਇਸ ਮੌਕੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਵਿਚ ਆਪਣੀ ਸਰਕਾਰ ਦੀ ਕਾਮਯਾਬੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਲੰਘੇ ਤਿੰਨ ਸਾਲਾਂ ਦੌਰਾਨ ਉਨ੍ਹਾਂ ਦੀ ਸਰਕਾਰ ‘ਤੇ ‘ਇਕ ਵੀ ਦਾਗ਼’ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਿਛਲੀਆਂ ਸਰਕਾਰਾਂ ਦੇ ਸੱਤਾ ਤੋਂ ਬਾਹਰ ਹੋਣ ਲਈ ਭ੍ਰਿਸ਼ਟਾਚਾਰ ਇਕ ਵੱਡਾ ਕਾਰਨ ਸੀ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਵੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰੀ ਅਤੇ ਉਨ੍ਹਾਂ ਦੇ ਮੰਤਰਾਲੇ ਨੇ ਦੁਨੀਆ ਭਰ ਵਿੱਚ ਕਿਤੇ ਵੀ ਮੁਸੀਬਤ ਵਿੱਚ ਫਸੇ ਭਾਰਤੀਆਂ ਦੀ ਮੱਦਦ ਵਾਸਤੇ ਸੋਸ਼ਲ ਮੀਡੀਆ ਦੀ ਅਸਰਦਾਰ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ, ”ਸੋਸ਼ਲ ਮੀਡੀਆ ਬਹੁਤ ਤਾਕਤਵਰ ਬਣ ਗਿਆ ਹੈ।੩ ਵਿਦੇਸ਼ ਮੰਤਰਾਲੇ ਅਤੇ ਸੁਸ਼ਮਾ ਸਵਰਾਜ ਨੇ ਇਸ ਗੱਲ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ ਕਿ ਕਿਵੇਂ ਕੋਈ ਵਿਭਾਗ ਇਸ ਦੀ ਵਰਤੋਂ ਨਾਲ ਮਜ਼ਬੂਤ ਕੀਤਾ ਜਾ ਸਕਦਾ ਹੈ।”

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …