6.3 C
Toronto
Saturday, April 25, 2026
spot_img
Homeਦੁਨੀਆਚੀਨ ਦੇ ਟਾਕਰੇ ਲਈ ਚਹੁੰ-ਪੱਖੀ ਸਹਿਯੋਗ

ਚੀਨ ਦੇ ਟਾਕਰੇ ਲਈ ਚਹੁੰ-ਪੱਖੀ ਸਹਿਯੋਗ

ਮਨੀਲਾ/ਬਿਊਰੋ ਨਿਊਜ਼ : ਤਜਵੀਜ਼ਤ ਚਹੁੰ-ਪੱਖੀ ਗਠਜੋੜ ਤਹਿਤ ਸੁਰੱਖਿਆ ਸਹਿਯੋਗ ਦਾ ਘੇਰਾ ਮੋਕਲਾ ਕਰਨ ਦਾ ਸੰਕੇਤ ਦਿੰਦਿਆਂ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦੇ ਅਧਿਕਾਰੀਆਂ ਨੇ ਰਣਨੀਤਕ ਪੱਖੋਂ ਅਹਿਮ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਾਂਝੇ ਹਿੱਤਾਂ ‘ਤੇ ਪਹਿਰਾ ਦੇਣ ਲਈ ਵਿਸਤਾਰ ਨਾਲ ਗੱਲਬਾਤ ਕੀਤੀ। ਇਸ ਖਿੱਤੇ ਵਿੱਚ ਚੀਨ ਹਮਲਾਵਰ ਰੁਖ਼ ਅਪਣਾਉਂਦਿਆਂ ਆਪਣੀ ਫੌਜੀ ਮੌਜੂਦਗੀ ਵਧਾ ਰਿਹਾ ਹੈ।

ਚਹੁੰ-ਪੱਖੀ ਸੁਰੱਖਿਆ ਸੰਵਾਦ ਦਾ ਸਰੂਪ ਤੈਅ ਕਰਨ ਦੀ ਦਿਸ਼ਾ ਵਿੱਚ ਵੱਡੇ ਕਦਮ ਵਜੋਂ ਦੇਖੀ ਜਾ ਰਹੀ ਇਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਅੱਤਵਾਦ ਤੇ ਹੋਰ ਸੁਰੱਖਿਆ ਚੁਣੌਤੀਆਂ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਟਾਕਰੇ ਦਾ ਰਾਹ ਲੱਭਣ ਤੋਂ ਇਲਾਵਾ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਬਣੇ ਸੁਰੱਖਿਆ ਪਰਿਪੇਖ ਬਾਰੇ ਵਿਚਾਰ-ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਇਲਾਕੇ ਵਿੱਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਨੂੰ ਹੁਲਾਰਾ ਦੇਣ ਉਤੇ ਧਿਆਨ ਕੇਂਦਰਤ ਕਰਨ ਦੇ ਨਾਲ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਾਂਝੇ ਹਿੱਤਾਂ ਦੇ ਮੁੱਦੇ ਵਿਚਾਰੇ ਗਏ। ਇਹ ਮੀਟਿੰਗ ਇੱਥੇ ਹੋ ਰਹੇ ਆਸੀਆਨ ਅਤੇ ਪੂਰਬੀ ਏਸ਼ੀਆ ਸੰਮੇਲਨਾਂ ਤੋਂ ਪਹਿਲਾਂ ਹੋਈ। ਇਨ੍ਹਾਂ ਸੰਮੇਲਨਾਂ ਵਿੱਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਪਹਿਲਾਂ ਹੀ ਇੱਥੇ ਪੁੱਜ ਚੁੱਕੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ”ਅਧਿਕਾਰੀ ਇਸ ਗੱਲ ਉਤੇ ਸਹਿਮਤ ਹੋਏ ਕਿ ਖੁੱਲ੍ਹਾ, ਖ਼ੁਸ਼ਹਾਲ ਅਤੇ ਇਕਜੁੱਟ ਭਾਰਤ-ਪ੍ਰਸ਼ਾਂਤ ਖਿੱਤਾ ਲੰਮੇ ਸਮੇਂ ਤੱਕ ਇਸ ਖਿੱਤੇ ਦੇ ਸਾਰੇ ਮੁਲਕਾਂ ਤੇ ਵਿਸ਼ਵ ਦੇ ਹਿੱਤ ਵਿੱਚ ਹੋਵੇਗਾ। ਅਧਿਕਾਰੀਆਂ ਨੇ ਅੱਤਵਾਦੀ ਦੀ ਚੁਣੌਤੀ ਅਤੇ ਇਸ ਖਿੱਤੇ ਉਤੇ ਅਸਰ ਪਾ ਰਹੀਆਂ ਪਸਾਰਵਾਦੀ ਰੁਚੀਆਂ ਵਰਗੀਆਂ ਸਾਂਝੀਆਂ ਚੁਣੌਤੀਆਂ ਦੇ ਨਾਲ-ਨਾਲ ਸੰਪਰਕ ਵਧਾਉਣ ਬਾਰੇ ਚਰਚਾ ਕੀਤੀ।” ਚੀਨ ਵੱਲੋਂ ਦੱਖਣੀ ਚੀਨ ਸਾਗਰ ਵਿੱਚ ਫੌਜੀ ਟਿਕਾਣੇ ਬਣਾਉਣ ਦਾ ਮੁੱਦਾ ਵੀ ਇਸ ਮੀਟਿੰਗ ਵਿੱਚ ਵਿਚਾਰਿਆ ਗਿਆ। ਮੀਟਿੰਗ ਵਿੱਚ ਸਾਰੇ ਮੁਲਕਾਂ ਦੇ ਵਿਦੇਸ਼ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ। ਭਾਰਤ ਵੱਲੋਂ ਸੰਯੁਕਤ ਸਕੱਤਰ (ਦੱਖਣੀ ਡਿਵੀਜ਼ਨ) ਵਿਨੈ ਕੁਮਾਰ ਅਤੇ ਸੰਯੁਕਤ ਸਕੱਤਰ (ਪੂਰਬ ਏਸ਼ੀਆ) ਪ੍ਰਣਯ ਵਰਮਾ ਹਾਜ਼ਰ ਸਨ।

 

RELATED ARTICLES
POPULAR POSTS