ਅੰਮ੍ਰਿਤਸਰ/ਬਿਊਰੋ ਨਿਊਜ਼ : ਨਵੀਂ ਦਿੱਲੀ/ਬਿਊਰੋ ਨਿਊਜ਼
ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਬੀਬੀ ਪ੍ਰੀਤ ਕੌਰ ਗਿੱਲ ਸਮੇਤ ਬਰਤਾਨਵੀ ਸੰਸਦ ਮੈਂਬਰਾਂ ਦਾ ਇਕ ਵਫ਼ਦ ਭਾਰਤ ਦੌਰੇ ‘ਤੇ ਹਨ। ਇਸ ਮੌਕੇ ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ, ਗੁਰੂ ਘਰ ਵਲੋਂ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੈ। ਬਰਤਾਨਵੀ ਵਫ਼ਦ ਵਲੋਂ ਜਿੱਥੇ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮੁਲਾਕਾਤ ਕਰ ਕੇ ਭਾਰਤ ਅਤੇ ਬਰਤਾਨੀਆ ਦੇ ਸਬੰਧਾਂ, ਕਾਰੋਬਾਰ ਅਤੇ ਹੋਰ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ। ਉੱਥੇ ਹੀ ਪ੍ਰੀਤ ਕੌਰ ਨੇ ਭਾਰਤੀ ਹਵਾਈ ਮਾਮਲਿਆਂ ਬਾਰੇ ਸੈਕਟਰੀ ਆਰ. ਐਨ. ਚੌਬੇ ਨਾਲ ਮੁਲਾਕਾਤ ਕਰਕੇ ਬਰਮਿੰਘਮ ਤੋਂ ਅੰਮ੍ਰਿਤਸਰ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ। ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਭਾਰਤ ਵਲੋਂ ਉਸ ਨੂੰ ਮਿ: ਚੌਬੇ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ, ਤਾਂ ਕਿ ਬਾਹਰ ਵਸਦੇ ਪੰਜਾਬੀਆਂ ਨੂੰ ਲਾਭ ਮਿਲ ਸਕੇ। ਬਰਤਾਨਵੀ ਵਫ਼ਦ ਵਿਚ ਐਮ. ਪੀ. ਡਾਨ ਕਾਰਡੈਨ, ਮਿਸ. ਐਨਾ ਮੈਕਮੌਰਿਨ ਅਤੇ ਮਿਸ. ਸਾਰਾਹ ਚੈਂਪੀਅਨ ਸ਼ਾਮਿਲ ਹਨ।
ਪਾਕਿਸਤਾਨ ਰੇਂਜਰਜ਼ ਦੇ ਇੱਕ ਵਫ਼ਦ ਨੇ ਅੱਜ ਵਤਨ ਵਾਪਸੀ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ।
ਪਾਕਿ ਰੇਂਜਰਜ਼ ਦਾ ਇਹ ਵਫ਼ਦ ਮੇਜਰ ਜਨਰਲ ਮੁਹੰਮਦ ਸਈਦ ਦੀ ਅਗਵਾਈ ਹੇਠ ਦਿੱਲੀ ਵਿੱਚ ਹੋਈ ਦੋ ਰੋਜ਼ਾ 44ਵੀਂ ਦੁਵੱਲੀ ਗੱਲਬਾਤ ਵਿੱਚ ਹਿੱਸਾ ਲੈਣ ਆਇਆ ਸੀ। ਇਹ ਦੁਵੱਲੀ ਗੱਲਬਾਤ ਬੀਐਸਐਫ ਅਤੇ ਪਾਕਿ ਰੇਂਜਰਜ਼ ਵਿਚਾਲੇ ਹੋਈ, ਜਿਸ ਵਿੱਚ ਬੀਐਸਐਫ ਦੇ ਡਾਇਰੈਕਟਰ ਜਨਰਲ ਕੇ.ਕੇ. ਸ਼ਰਮਾ ਅਤੇ ਪਾਕਿ ਰੇਂਜਰਜ਼ ਦੇ ਡਾਇਰੈਕਟਰ ਜਨਰਲ ਮੁਹੰਮਦ ਸਈਦ ਦੀ ਅਗਵਾਈ ਹੇਠ ਵਫ਼ਦ ਸ਼ਾਮਲ ਹੋਇਆ।