Breaking News
Home / ਭਾਰਤ / ਐਨਐਸਜੀ : ਭਾਰਤ ਦੀ ਖੁੱਲ੍ਹ ਸਕਦੀ ਹੈ ਲਾਟਰੀ

ਐਨਐਸਜੀ : ਭਾਰਤ ਦੀ ਖੁੱਲ੍ਹ ਸਕਦੀ ਹੈ ਲਾਟਰੀ

logo-2-1-300x105-3-300x105ਸਾਲ ਦੇ ਅਖੀਰ ਵਿੱਚ ਬੈਠਕ ਦੌਰਾਨ ਮੁੜ ਹੋਣਗੀਆਂ ਵਿਚਾਰਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਰਮਾਣੂ ਸਪਲਾਇਰ ਗਰੁੱਪ (ਐਨਐਸਜੀ) ਦੀ ਇਸ ਸਾਲ ਦੇ ਅਖੀਰ ‘ਚ ਮੁੜ ਬੈਠਕ ਹੋ ਸਕਦੀ ਹੈ ਅਤੇ ਉਸ ਦੌਰਾਨ ਭਾਰਤ ਸਮੇਤ ਹੋਰ ਮੁਲਕਾਂ ਦੀ ਮੈਂਬਰਸ਼ਿਪ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਚੀਨ ਵੱਲੋਂ ਐਨਐਸਜੀ ‘ਚ ਰਾਹ ਡੱਕਣ ‘ਤੇ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਨੂੰ ਅੱਗੇ ਸੁਖਾਵੇਂ ਰੱਖਣ ਲਈ ਉਸ ਨੂੰ (ਚੀਨ) ਭਾਰਤ ਦੇ ਹਿੱਤਾ ਦਾ ਧਿਆਨ ਰੱਖਣਾ ਪਏਗਾ। ਪਰਮਾਣੂ ਅਪਸਾਰ ਸੰਧੀ ‘ਤੇ ਦਸਤਖ਼ਤ ਨਾ ਕਰਨ ਵਾਲੇ ਮੁਲਕਾਂ ਦੇ ਐਨਐਸਜੀ ‘ਚ ਦਾਖ਼ਲੇ ਲਈ ਵਿਚਾਰ ਕਰਨ ਬਾਰੇ ਸਾਲ ਦੇ ਅਖੀਰ ‘ਚ ਉਚੇਚੇ ਤੌਰ ‘ਤੇ ਬੈਠਕ ਹੋ ਸਕਦੀ ਹੈ। ਜੇਕਰ ਇਹ ਬੈਠਕ ਹੁੰਦੀ ਹੈ ਤਾਂ ਭਾਰਤ ਆਪਣੀ ਦਾਅਵੇਦਾਰੀ ਨੂੰ ਨਵੇਂ ਸਿਰੇ ਤੋਂ ਪੇਸ਼ ਕਰ ਸਕਦਾ ਹੈ ਕਿਉਂਕਿ ਸ਼ੁੱਕਰਵਾਰ ਨੂੰ ਸਿਓਲ ‘ਚ ਹੋਈ ਬੈਠਕ ਦੌਰਾਨ ਭਾਰਤ ਨੂੰ ਉਸ ਸਮੇਂ ਝਟਕਾ ਲੱਗਿਆ ਸੀ ਜਦੋਂ ਚੀਨ ਸਮੇਤ ਕੁਝ ਹੋਰ ਮੁਲਕਾਂ ਨੇ ਐਨਐਸਜੀ ‘ਚ ਉਸ ਦੇ ਦਾਖ਼ਲੇ ਨੂੰ ਰੋਕ ਦਿੱਤਾ ਸੀ। ਕੂਟਨੀਤਕ ਸੂਤਰਾਂ ਨੇ ਕਿਹਾ ਕਿ ਮੈਕਸਿਕੋ ਦੇ ਸੁਝਾਅ ‘ਤੇ ਫ਼ੈਸਲਾ ਲਿਆ ਗਿਆ ਹੈ ਕਿ ਐਨਐਸਜੀ ਦੀ ਸਾਲ ਦੇ ਅਖੀਰ ‘ਚ ਇਕ ਹੋਰ ਬੈਠਕ ਕਰ ਕੇ ਪਰਮਾਣੂ ਅਪਸਾਰ ਸੰਧੀ ‘ਤੇ ਦਸਤਖ਼ਤ ਨਾ ਕਰਨ ਵਾਲੇ ਮੁਲਕਾਂ ਦੇ ਐਨਐਸਜੀ ‘ਚ ਦਾਖ਼ਲੇ ਸਬੰਧੀ ਕੋਈ ਮਾਪਦੰਡ ਬਣਾਏ ਜਾਣ ਬਾਰੇ ਵਿਚਾਰ ਕੀਤਾ ਜਾਏਗਾ। ਆਮ ਤੌਰ ‘ਤੇ ਐਨਐਸਜੀ ਦੀ ਅਗਲੀ ਬੈਠਕ ਅਗਲੇ ਵਰ੍ਹੇ ਹੋਣੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਕਿਹਾ,”ਅਸੀਂ ਚੀਨ ‘ਤੇ ਦਬਾਅ ਪਾਉਣਾ ਜਾਰੀ ਰੱਖਾਂਗੇ ਅਤੇ ਉਨ੍ਹਾਂ ਨੂੰ ਦੁਵੱਲੇ ਰਿਸ਼ਤਿਆਂ ਨੂੰ ਅੱਗੇ ਲੈ ਕੇ ਜਾਣ ਦੀ ਲੋੜ ‘ਤੇ ਜ਼ੋਰ ਦਿਆਂਗੇ।” ਉਨ੍ਹਾਂ ਕਿਹਾ ਕਿ ਭਾਰਤ ਨੂੰ ਸਿਓਲ ਬੈਠਕ ‘ਚ ਆਸ ਮੁਤਾਬਕ ਨਤੀਜੇ ਨਹੀਂ ਮਿਲੇ ਪਰ ਉਹ ਐਨਐਸਜੀ ‘ਚ ਦਾਖ਼ਲੇ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।ਭਾਰਤ ਦੀ ਮੈਂਬਰਸ਼ਿਪ ਬਾਰੇ ਗ਼ੈਰ ਰਸਮੀ ਤੌਰ ‘ਤੇ ਵਿਚਾਰ ਵਟਾਂਦਰੇ ਲਈ ਐਨਐਸਜੀ ਵੱਲੋਂ ਕਮੇਟੀ ਬਣਾਈ ਗਈ ਹੈ ਜਿਸ ਦੀ ਅਗਵਾਈ ਅਰਜਨਟੀਨਾ ਦੇ ਸਫ਼ੀਰ ਰਾਫੇਲ ਗਰੋਸੀ ਕਰਨਗੇ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …