
ਕਿਹਾ : ਮੀਡੀਆ ਦੇ ਸਾਹਮਣੇ ਕਰਵਾਈ ਜਾਵੇ ਡਿਬੇਟ
ਬਠਿੰਡਾ/ਬਿਊਰੋ ਨਿਊਜ਼
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਠਿੰਡਾ ਵਿਚ ਸੀਵਰੇਜ ਪਾਈਪਲਾਈਨ ਯੋਜਨਾ ਦਾ ਵਿਰੋਧ ਕਰਨ ਵਾਲੇ ਕਈ ਕਿਸਾਨਾਂ ਨੂੰ ਜੇਲ੍ਹ ਵਿਚ ਡੱਕਣ ਦੇ ਵਿਰੋਧ ਵਿਚ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੇ ਹੱਕ ਵਿਚ ਪਹੁੰਚੇ ਡੱਲੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਡਿਬੇਟ ਨੂੰ ਸਵੀਕਾਰ ਕਰ ਲਿਆ ਹੈ ਅਤੇ ਕਿਹਾ ਕਿ ਇਹ ਡਿਬੇਟ ਮੀਡੀਆ ਦੇ ਸਾਹਮਣੇ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕਿਸਾਨ ਆਗੂਆਂ ਨੂੰ ਹਾਊਸ ਅਰੈਸਟ ਕਰਨ ਤੋਂ ਬਾਅਦ ਸੀਐਮ ਨੇ ਡਿਬੇਟ ਦੀ ਚੁਣੌਤੀ ਦਿੱਤੀ ਸੀ। ਸੀਐਮ ਮਾਨ ਨੇ ਕਿਹਾ ਸੀ ਕਿ ਇਹ ਕਿਸਾਨ ਕਦੀ ਸੜਕੀ ਮਾਰਗ ਅਤੇ ਕਦੀ ਰੇਲ ਮਾਰਗ ਬਲੌਕ ਕਰ ਦਿੰਦੇ ਹਨ ਅਤੇ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਠਿੰਡਾ ਵਿਚ ਕਿਸਾਨਾਂ ਦੇ ਹੱਕ ਵਿਚ ਹੋ ਰਹੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਆਲੋਚਨਾ ਕੀਤੀ ਹੈ।

