-2.9 C
Toronto
Friday, December 26, 2025
spot_img
Homeਪੰਜਾਬਪੰਜਾਬ ਵਿਧਾਨ ਸਭਾ ਨੇ BSF ਦੇ ਵਧੇ ਅਧਿਕਾਰ ਖੇਤਰ ਸਬੰਧੀ ਕੇਂਦਰ ਦਾ...

ਪੰਜਾਬ ਵਿਧਾਨ ਸਭਾ ਨੇ BSF ਦੇ ਵਧੇ ਅਧਿਕਾਰ ਖੇਤਰ ਸਬੰਧੀ ਕੇਂਦਰ ਦਾ ਨੋਟੀਫਿਕੇਸ਼ਨ ਕੀਤਾ ਰੱਦ

ਖੇਤੀ ਕਾਨੂੰਨ ਵੀ ਕੀਤੇ ਰੱਦ, ਪੰਜਾਬੀ ਲਾਗੂ ਕਰਨ ਵਾਲੇ ਮਤੇ ਵੀ ਕੀਤੇ ਪਾਸ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਬੀਐਸਐਫ ਦਾ ਅਧਿਕਾਰ ਖੇਤਰ 15 ਤੋਂ 50 ਕਿਲੋਮੀਟਰ ਕਰਨ ਨੂੂੰ ਲੈ ਕੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਪੰਜਾਬ ਵਿਧਾਨ ਸਭਾ ‘ਚ ਰੱਦ ਕਰ ਦਿੱਤਾ ਗਿਆ। ਇਸੇ ਦੌਰਾਨ ਵਿਧਾਨ ਸਭਾ ਨੇ ਕੇਂਦਰ ਵੱਲੋਂ ਲਿਆਂਦੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਵੀ ਪਾਸ ਕੀਤਾ ਅਤੇ ਪੰਜਾਬੀ ਲਾਗੂ ਕਰਨ ਵਾਲੇ ਮਤੇ ਵੀ ਪਾਸ ਕੀਤੇ ਗਏ।
ਵੀਰਵਾਰ ਨੂੰ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਮਤਾ ਪੇਸ਼ ਕਰਦੇ ਹੋਏ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣਾ ਪੰਜਾਬ ਅਤੇ ਪੁਲਿਸ ਦਾ ਅਪਮਾਨ ਹੈ। ਇਸ ਮਾਮਲੇ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਘੇਰਿਆ।
ਸਿੱਧੂ ਨੇ ਕਿਹਾ ਕਿ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲੇ ਸੁਖਬੀਰ ਉਦੋਂ ਕਿੱਥੇ ਸਨ, ਜਦੋਂ ਇਸ ਮੁੱਦੇ ‘ਤੇ ਆਲ ਪਾਰਟੀ ਮੀਟਿੰਗ ਹੋਈ ਸੀ। ਇਸਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅਕਾਲੀ ਦਲ ਨੂੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਲਿਆਉਣ ਵਾਲਾ ਵੀ ਅਕਾਲੀ ਦਲ ਹੀ ਹੈ। ਇਸ ਨੂੰ ਲੈ ਕੇ ਅਕਾਲੀ ਵਿਧਾਇਕਾਂ ਨੇ ਰੌਲਾ ਵੀ ਪਾਇਆ। ਡਿਪਟੀ ਸੀਐਮ ਰੰਧਾਵਾ ਨੇ ਕਿਹਾ ਕਿ ਬੀਐਸਐਫ ਦੇ ਮਾਮਲੇ ‘ਤੇ ਕੇਂਦਰ ਨੂੰ ਪਹਿਲਾਂ ਪੰਜਾਬ ਸਰਕਾਰ ਨਾਲ ਚਰਚਾ ਕਰਨੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਮਜ਼ਬੂਤ ਹੈ ਅਤੇ ਪੰਜਾਬ ਵਿਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਪੰਜਾਬ ਦੇ ਸਾਰੇ ਰਾਜਨੀਤਕ ਦਲ ਇਸ ਦੀ ਨਿੰਦਾ ਕਰਦੇ ਹਨ।
(ਸਬੰਧਤ ਖ਼ਬਰ ਪੰਨਾ ਨੰ. 08 ‘ਤੇ)
ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਹੱਥੋਪਾਈ ਤੱਕ ਉਤਰੇ
ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮਤੇ ‘ਤੇ ਪੰਜਾਬ ਵਿਧਾਨ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ ਤੇ ਸਿੱਧੂ ਅਤੇ ਮਜੀਠੀਆ ਦੀ ਬਹਿਸਬਾਜ਼ੀ ਇਥੋਂ ਤੱਕ ਪਹੁੰਚ ਗਈ ਕਿ ਉਹ ਹੱਥੋਪਾਈ ਤੱਕ ਵੀ ਉਤਰ ਆਏ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਕਰਮ ਮਜੀਠੀਆ ਨੂੰ ਕਿਹਾ ਕਿ ਤੁਹਾਡਾ ਰੋਮ-ਰੋਮ ਗੰਦਗੀ ਨਾਲ ਜੁੜਿਆ ਹੋਇਆ ਹੈ। ਤੁਸੀਂ ਨਸ਼ਿਆਂ ਦੇ ਮਾਮਲਿਆਂ ਨਾਲ ਜੁੜੇ ਹੋਏ ਹੋ ਅਤੇ ਤੁਸੀਂ ਭ੍ਰਿਸ਼ਟਚਾਰ ਕੀਤਾ ਹੈ। ਇਸ ਤੋਂ ਬਾਅਦ ਮਜੀਠੀਆ ਅਤੇ ਅਕਾਲੀ ਦਲ ਦੇ ਵਿਧਾਇਕ ਸੀਐਮ ਦੀ ਕੁਰਸੀ ਨੇੜੇ ਪਹੁੰਚ ਗਏ। ਤਦ ਤੱਕ ਸਿੱਧੂ ਵੀ ਉਠ ਆ ਗਏ ਅਤੇ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਤੂੰ-ਤੂੰ, ਮੈਂ-ਮੈਂ ਹੋਈ। ਸਿੱਧੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਅਕਾਲੀ ਦਲ ਦੀ ਦੇਣ ਹੈ। ਇਹ ਸੁਣ ਕੇ ਅਕਾਲੀ ਦਲ ਭੜਕ ਗਿਆ ਅਤੇ ਉਨ੍ਹਾਂ ਵਿਧਾਨ ਸਭਾ ਵਿਚ ‘ਠੋਕੋ ਤਾਲੀ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ। ਇਸੇ ਦੌਰਾਨ ਸਪੀਕਰ ਨੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਸਦਨ ‘ਚੋਂ ਬਾਹਰ ਭੇਜ ਦਿੱਤਾ। ਦੂਜੇ ਪਾਸੇ ਨਵਜੋਤ ਸਿੱਧੂ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਅਤੇ ਕਿਸਾਨਾਂ ਦੀ ਕਰਜ਼ ਮਾਫੀ ਲਈ ਕੈਪਟਨ ਅਮਰਿੰਦਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸਦੀ ਸ਼ਲਾਘਾ ਕਰਨੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਨੇ ਕੇਂਦਰ ਸਰਕਾਰ ਦਾ ਕੀਤਾ ਸਮਰਥਨ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਐਸਐਫ ਦੇ ਮੁੱਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਦੇ ਸਮਰਥਨ ਵਿਚ ਆ ਗਏ ਹਨ। ਧਿਆਨ ਰਹੇ ਕਿ ਕੇਂਦਰ ਨੇ ਬੀਐਸਐਫ ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾ ਦਿੱਤਾ ਸੀ, ਜਿਸ ਨੂੰ ਪੰਜਾਬ ਵਿਧਾਨ ਸਭਾ ਵਿਚ ਰੱਦ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੌਮੀ ਸੁਰੱਖਿਆ ਦੇ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਕੈਪਟਨ ਅਮਰਿੰਦਰ ਵੀ ਵਿਧਾਇਕ ਹਨ, ਪਰ ਉਹ ਵਿਧਾਨ ਸਭਾ ਵਿਚ ਨਹੀਂ ਪਹੁੰਚੇ। ਕੈਪਟਨ ਨੇ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਣਾ ਪੰਜਾਬ ਪੁਲਿਸ ਦੀ ਕਾਬਲੀਅਤ ‘ਤੇ ਸਵਾਲ ਨਹੀਂ ਉਠਾਉਂਦਾ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਅਧਿਕਾਰ ਖੇਤਰ ਨੂੰ ਵਧਾਉਣਾ ਦੇਸ਼ ਦੇ ਸੰਘੀ ਢਾਂਚੇ ਦੀ ਉਲੰਘਣਾ ਨਹੀਂ ਹੈ ਅਤੇ ਪੰਜਾਬ ਪੁਲਿਸ ਵਾਂਗ ਹੀ ਬੀਐੱਸਐੱਫ ਵੀ ਸਾਡੀ ਆਪਣੀ ਫੋਰਸ ਹੈ।
ਆਮ ਆਦਮੀ ਪਾਰਟੀ ਦੇ ਦੋ ਐਮ ਐਲ ਏ ਕਾਂਗਰਸ ‘ਚ ਸ਼ਾਮਲ
ਚੰਡੀਗੜ੍ਹ : ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ। ਪਾਰਟੀ ਦੇ ਦੋ ਵਿਧਾਇਕ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਵੀਰਵਾਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਸਥਿਤੀ ਉਸ ਸਮੇਂ ਦਿਲਚਸਪ ਬਣ ਗਈ ਜਦੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਰਾਏਕੋਟ ਤੋਂ ‘ਆਪ’ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਵਿਰੋਧੀ ਬੈਂਚ ਤੋਂ ਉਠ ਕੇ ਨਵਜੋਤ ਸਿੰਘ ਸਿੱਧੂ ਦੇ ਕੋਲ ਆ ਕੇ ਬੈਠ ਗਏ। ਉਨ੍ਹਾਂ ਆਖਿਆ ਕਿ ਇਕ ਆਮ ਆਦਮੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਮੁੱਖ ਮੰਤਰੀ ਵਜੋਂ ਸਵੀਕਾਰਦੇ ਹਨ। ਇਸੇ ਦੌਰਾਨ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਮੁੱਖ ਮੰਤਰੀ ਚੰਨੀ ਨੂੰ ਜੱਫੀ ਪਾ ਕੇ ਲੋਕਪੱਖੀ ਫੈਸਲਿਆਂ ਦੀ ਵਧਾਈ ਵੀ ਦਿੱਤੀ। ਜ਼ਿਕਰਯੋਗ ਹੈ ਕਿ ਲੰਘੇ ਬੁੱਧਵਾਰ ਨੂੰ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਵੀ ਚੰਨੀ ਅਤੇ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਈ ਸੀ। ਵਿਧਾਇਕਾ ਰੂਬੀ ਦਾ ਕਹਿਣਾ ਸੀ ਕਿ ਉਹ ਇਸ ਗੱਲੋਂ ਆਮ ਆਦਮੀ ਪਾਰਟੀ ਨਾਲ ਨਾਰਾਜ਼ ਹੈ ਕਿ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹਾਲੇ ਤੱਕ ਨਹੀਂ ਐਲਾਨਿਆ। ਰੂਬੀ ਨੇ ਇਹ ਵੀ ਦੱਸਿਆ ਕਿ ਆਉਂਦੇ ਦਿਨਾਂ ‘ਚ ‘ਆਪ’ ਦੇ ਤਿੰਨ-ਚਾਰ ਵਿਧਾਇਕ ਪਾਰਟੀ ਛੱਡ ਸਕਦੇ ਹਨ।

RELATED ARTICLES
POPULAR POSTS