ਚੋਣ ਕਮਿਸ਼ਨ ਵਲੋਂ ਵੋਟਾਂ ਦੀ ਸੁਧਾਈ ਦੇ ਹੁਕਮ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰਾਜ ਚੋਣ ਕਮਿਸ਼ਨ ਨੇ 3 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ 32 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ ਸਬੰਧਤ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਤਿਆਰ ਕਰਨ ਅਤੇ ਉਨ੍ਹਾਂ ਵਿਚ ਸੋਧ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
ਇਹ ਚੋਣਾਂ ਦਸੰਬਰ ਵਿਚ ਹੋਣ ਦੀ ਸੰਭਾਵਨਾ ਹੈ। ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਕਾਰਜ ਲਈ ਵੋਟਰ ਸੂਚੀਆਂ ਵਿਚ ਸੋਧ ਕਰਨ ਲਈ ਪੰਜਾਬ ਵਿਧਾਨ ਸਭਾ ਚੋਣਾਂ-2017 ਦੀਆਂ ਵੋਟਰ ਸੂਚੀਆਂ ਨੂੰ ਆਧਾਰ ਮੰਨਿਆ ਜਾਵੇਗਾ। ਇਹ ਵੋਟਰ ਸੂਚੀਆਂ 11 ਤੋਂ 13 ਨਵੰਬਰ 2017 ਤੱਕ ਬਣਾਈਆਂ ਜਾਣਗੀਆਂ। ਵੋਟਰ ਸੂਚੀਆਂ ਲਈ ਛਪਾਈ ਦਾ ਖਰੜਾ 14 ਨਵੰਬਰ ਨੂੰ ਤਿਆਰ ਕੀਤਾ ਜਾਵੇਗਾ। ਦਾਅਵੇ ਅਤੇ ਇਤਰਾਜ਼ਾਂ ਲਈ ਆਖ਼ਰੀ ਤਰੀਕ 20 ਨਵੰਬਰ 2017 ਹੋਵੇਗੀ ਅਤੇ ਇਨ੍ਹਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਬੇੜਾ 27 ਨਵੰਬਰ 2017 ਤੱਕ ਕਰ ਦਿੱਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ 28 ਨਵੰਬਰ, 2017 ਨੂੰ ਛਾਪੀ ਜਾਵੇਗੀ। ਜਿਨ੍ਹਾਂ ਵੋਟਰ ਸੂਚੀਆਂ ਵਿਚ ਸੋਧ ਕੀਤੀ ਜਾਣੀ ਹੈ ਉਨ੍ਹਾਂ ਵਿਚ 3 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਹਨ ਅਤੇ 32 ਨਗਰ ਕੌਂਸਲਾਂ/ ਨਗਰ ਪੰਚਾਇਤਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਰਾਜਾਸਾਂਸੀ (ਅੰਮ੍ਰਿਤਸਰ), ਹੰਡਿਆਇਆ (ਬਰਨਾਲਾ), ਅਮਲੋਹ (ਫ਼ਤਿਹਗੜ੍ਹ ਸਾਹਿਬ), ਮੱਲਾਂਵਾਲਾ ਖ਼ਾਸ ਅਤੇ ਮੱਖੂ (ਫ਼ਿਰੋਜ਼ਪੁਰ), ਭੋਗਪੁਰ, ਸ਼ਾਹਕੋਟ, ਗੋਰਾਇਆ ਅਤੇ ਬਿਲਗਾ (ਜਲੰਧਰ), ਢਿੱਲਵਾਂ, ਬੇਗੋਵਾਲ, ਭੁਲੱਥ, (ਕਪੂਰਥਲਾ), ਮਾਛੀਵਾੜਾ, ਮੁੱਲਾਂਪੁਰ ਦਾਖਾਂ, ਮਲੌਦ ਅਤੇ ਸਾਹਨੇਵਾਲ (ਲੁਧਿਆਣਾ), ਬਾਘਾਪੁਰਾਣਾ, ਧਰਮਕੋਟ ਅਤੇ ਪੰਜਤੂਰ (ਮੋਗਾ), ਬਰੀਵਾਲਾ (ਮੁਕਤਸਰ) ਘੱਗਾ, ਘਨੌਰ (ਪਟਿਆਲਾ), ਨਰੋਟ ਜੈਮਲ ਸਿੰਘ (ਪਠਾਨਕੋਟ), ਦਿੜ੍ਹਬਾ, ਚੀਮਾ, ਖਨੌਰੀ ਅਤੇ ਮੂਨਕ (ਸੰਗਰੂਰ), ਖੇਮਕਰਨ (ਤਰਨਤਾਰਨ), ਭੀਖੀ (ਮਾਨਸਾ), ਬਲਾਚੌਰ (ਐਸ.ਬੀ.ਐਸ ਨਗਰ), ਤਲਵੰਡੀ ਸਾਬੋ (ਬਠਿੰਡਾ) ਅਤੇ ਮਾਹਿਲਪੁਰ (ਹੁਸ਼ਿਆਰਪੁਰ) ਸ਼ਾਮਿਲ ਹਨ।