ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਸੂਬੇ ਵਿਚ ਨਿਗਮ ਦੀਆਂ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੇਗੀ ਕਿਉਂਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਹੱਥਾਂ ਵਿਚ ਜਦੋਂ ਤਕ ਸ਼ਹਿਰਾਂ ਦੀ ਕਮਾਂਡ ਰਹੀ, ਸ਼ਹਿਰਾਂ ਦੀ ਹਾਲਤ ਨਰਕ ਵਰਗੀ ਬਣੀ ਰਹੀ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਵਲੋਂ ਸ਼ਹਿਰਾਂ ਲਈ ਗ੍ਰਾਂਟਾਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਯੋਜਨਾਬੱਧ ਢੰਗ ਨਾਲ ਸ਼ਹਿਰਾਂ ਦਾ ਵਿਕਾਸ ਹੋਵੇਗਾ। ਆਉਂਦੇ ਇਕ ਦੋ ਸਾਲਾਂ ਤੱਕ ਇਸ ਦੀ ਝਲਕ ਲੋਕਾਂ ਨੂੰ ਦੇਖਣ ਲਈ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਸਾਨੀ ਨਾਲ ਸਭ ਨਿਗਮਾਂ ਨੂੰ ਅਕਾਲੀ-ਭਾਜਪਾ ਗਠਜੋੜ ਵਿਚੋਂ ਆਪਣੇ ਕਬਜ਼ੇ ‘ਚ ਲੈ ਲਵੇਗੀ।
ਗੁਜਰਾਤ ‘ਚ ਪ੍ਰਚਾਰ ਲਈ ਨਹੀਂ ਜਾਣਗੇ ਪੰਜਾਬ ਦੇ ਕਾਂਗਰਸੀ
ਜਲੰਧਰ ઠ: ਗੁਜਰਾਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਤੋਂ ਕਾਂਗਰਸੀ ਇਸ ਵਾਰ ਚੋਣ ਪ੍ਰਚਾਰ ਲਈ ਨਹੀਂ ਜਾ ਸਕਣਗੇ। ਇਸ ਦਾ ਕਾਰਨ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਸੂਬੇ ਵਿਚ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ‘ਚ ਨਗਰ ਨਿਗਮ ਦੀਆਂ ਚੋਣਾਂ 12 ਤੋਂ 15 ਦਸੰਬਰ ਦਰਮਿਆਨ ਕਰਵਾਉਣ ਜਾ ਰਹੀ ਹੈ। ਨਗਰ ਨਿਗਮ ਚੋਣਾਂ ਲਈ ਕਾਂਗਰਸੀਆਂ ਨੂੰ ਪੰਜਾਬ ਵਿਚ ਰਹਿਣਾ ਪਵੇਗਾ, ਇਸ ਲਈ ਗੁਜਰਾਤ ਵਿਚ ਕਾਂਗਰਸ ਉਮੀਦਵਾਰਾਂ ਦੇ ਪੱਖ ਵਿਚ ਪ੍ਰਚਾਰ ਲਈ ਉਹ ਸਮਾਂ ਨਹੀਂ ਕੱਢ ਸਕਣਗੇ। ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿਚ ਹੋਣ ਜਾ ਰਹੀਆਂ ਹਨ।
9 ਦਸੰਬਰ ਨੂੰ ਪਹਿਲੇ ਪੜਾਅ ਵਿਚ ਪੋਲਿੰਗ ਹੋਵੇਗੀ ਜਦਕਿ ਦੂਜੇ ਪੜਾਅ ਲਈ ਪੋਲਿੰਗ 14 ਦਸੰਬਰ ਨੂੰ ਹੋਣੀ ਹੈ। ਚੋਣ ਨਤੀਜੇ 18 ਦਸੰਬਰ ਨੂੰ ਇਕੱਠੇ ਹੀ ਹਿਮਾਚਲ ਪ੍ਰਦੇਸ਼ ਨਾਲ ਐਲਾਨੇ ਜਾਣਗੇ।ਹਿਮਾਚਲ ਪ੍ਰਦੇਸ਼ ‘ਚ ਸੂਬਾਈ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਤਿੰਨ ਦਿਨ ਤੱਕ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ। ਦੂਜੇ ਪਾਸੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਵੀ ਪ੍ਰਚਾਰ ਲਈ ਗਏ ਹੋਏ ਸਨ। ਕਾਂਗਰਸੀ ਮੰਤਰੀ ਪੰਜਾਬੀ ਬਹੁਗਿਣਤੀ ਵਾਲੇ ਖੇਤਰਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਮਦਦ ਲਈ ਗਏ ਸਨ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …