ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 14 ਨਵੰਬਰ ਨੂੰ ਬਰੈਂਪਟਨ ਸਿਟੀ ਹਾਲ ਵਿਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਅਤੇ ਮੇਅਰ ਲਿੰਡਾ ਜੈਫ਼ਰੀ ਨੇ ਨਵੰਬਰ ਮਹੀਨੇ ਨੂੰ ‘ਡਾਇਬਟੀਜ਼ ਜਾਗਰੂਕਤਾ ਮਹੀਨਾ’ ਅਤੇ 14 ਨਵੰਬਰ ਨੂੰ ਬਰੈਂਪਟਨ ਵਿਚ ‘ਵਰਲਡ ਡਾਇਬੇਟੀਜ਼ ਡੇਅ’ ਦੇ ਤੌਰ ‘ਤੇ ਮਨਾਉਣ ਦਾ ਬਾਕਾਇਦਾ ਐਲਾਨ ਕੀਤਾ। ਇਸ ਮੌਕੇ ਬਰੈਂਪਟਨ ਦੇ ਸਮੂਹ ਕਾਊਂਸਲਰ ਸਾਹਿਬਾਨ, ਵਿਲੀਅਮ ਔਸਲਰ ਹੈੱਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀ.ਈ.ਓ. ਡਾ. ਬਰੈਂਡਨ ਕਾਰ, ਕਮਿਊਨਿਟੀ ਅਤੇ ਮੀਡੀਆ ਦੇ ਕਈ ਮੈਂਬਰ ਸਮਾਗ਼ਮ ਵਿਚ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸੋਨੀਆ ਨੇ ਕਿਹਾ, ”ਮੇਅਰ ਲਿੰਡਾ ਜੈਫ਼ਰੀ ਅਤੇ ਬਰੈਂਪਟਨ ਕਾਊਂਸਲ ਵੱਲੋਂ ਮਿਲ ਕੇ ਤਿਆਰ ਕੀਤਾ ਗਿਆ ਇਹ ਐਲਾਨ-ਨਾਮਾ ਬਰੈਂਪਟਨ ਵਾਸੀਆਂ ਲਈ ਡਾਇਬਟੀਜ਼ ਦੇ ਵਿਰੁੱਧ ਆਵਾਜ਼ ਉਠਾਉਣ ਲਈ ਬੜਾ ਸਹਾਈ ਹੋਵੇਗਾ। ਓਨਟਾਰੀਓ ਸੂਬੇ ਵਿਚ ਸੱਭ ਤੋਂ ਵਧੇਰੇ ਡਾਇਬਟੀਜ਼ ਦੇ ਕੇਸ ਬਰੈਂਪਟਨ ਵਿਚ ਹਨ ਅਤੇ ਲੋਕਾਂ ਨੂੰ ਇਸ ਸਬੰਧੀ ਦਿੱਤੀ ਗਈ ਜਾਗਰੂਕਤਾ ਇਸ ਦੇ ਸੰਭਾਵੀ ਖ਼ਤਰਿਆਂ, ਸਿਹਤਮੰਦ ਜੀਵਨ-ਜਾਚ ਅਤੇ ਇਸ ਦੀ ‘ਟਾਈਪ-2’ ਹੋਣ ਤੋਂ ਬਚਾਅ ਬਾਰੇ ਜਾਣੂੰ ਕਰਵਾਏਗੀ।” ਉਨ੍ਹਾਂ ਹੋਰ ਕਿਹਾ, ”ਇਸ ਸਾਲ ਵਿਸ਼ਵ-ਵਿਆਪੀ ਡਾਇਬਟੀਜ਼ ਦਿਵਸ ਮੌਕੇ ਅਸੀਂ ਸਮਾਜ ਵਿਚ ਔਰਤਾਂ ਨਾਲ ਹੋ ਰਹੇ ਪੱਖਪਾਤ ਵਿਰੁੱਧ ਆਵਾਜ਼ ਉਠਾਉਣ ਲਈ ਵੀ ਇਕੱਠੇ ਹੋਏ ਹਾਂ। ਭਾਵੇਂ ਉਨ੍ਹਾਂ ਨੂੰ ਵਿੱਦਿਆ ਦੇ ਮੌਕੇ ਦੇਣ ਦੀ ਗੱਲ ਹੋਵੇ ਜਾਂ ਉਨ੍ਹਾਂ ਦੇ ਇਲਾਜ ਤੇ ਸਿਹਤ ਸੰਭਾਲ ਦਾ ਮਸਲਾ ਹੋਵੇ, ਲਿੰਗ ਦੇ ਆਧਾਰ ‘ਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ।” ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣ ਅਤੇ ਇਨ੍ਹਾਂ ਦੇ ਹੱਲ ਲੱਭਣ ਲਈ ਬਹੁਤ ਸਾਰੇ ਲੋਕ ਇੰਟਰਨੈਸ਼ਨਲ ਡਾਇਬਟੀਜ਼ ਫ਼ਾਊਡੇਸ਼ਨ ਤੇ ਵਰਲਡ ਹੈੱਲਥ ਆਰਗੇਨਾਈਜ਼ੇਸ਼ਨ ਦੇ ਸਾਂਝੇ ਵਿਸ਼ਵ-ਵਿਆਪੀ ਨਿਸ਼ਾਨ ‘ਬਲਿਊ ਸਰਕਲ’ ਦੇ ਬੈਨਰ ਹੇਠ ਇਕੱਠੇ ਹੋਏ ਹਨ ਜੋ ਕਿ ਸੰਸਾਰ-ਪੱਧਰ ‘ਤੇ ਇਸ ਭਿਆਨਕ ਬੀਮਾਰੀ ਵਿਰੁੱਧ ਇਕ-ਮੁੱਠ ਹੋ ਕੇ ਡੱਟਣ ਦੀ ਗੱਲ ਕਰਦਾ ਹੈ। ਹਾਜ਼ਰੀਨ ਨਾਲ ਇਹ ਐਲਾਨ-ਨਾਮਾ ਸਾਂਝਾ ਕਰਨ ਤੋਂ ਬਾਅਦ ਸੋਨੀਆ ਸਿੱਧੂ ਨੇ ਮੇਅਰ ਅਤੇ ਕਾਊਂਸਲਰਾਂ ਨੂੰ ਇਸ ਬੀਮਾਰੀ ਸਬੰਧੀ ਜਾਗਰੂਕਤਾ ਫੈਲਾਉਣ ਅਤੇ ਟਾਈਪ-2 ਡਾਇਬਟੀਜ਼ ਨੂੰ ਘਟਾਉਣ ਦੇ ਮੱਦੇ-ਨਜ਼ਰ ਸਰੀਰਕ ਕ੍ਰਿਆਵਾਂ ਵਧਾਉਣ ਲਈ ‘ਸਟੈੱਪ-ਚੈਲਿੰਜ’ ਦਿੱਤਾ। ਅਜਿਹਾ ਹੀ ‘ਸਟੈੱਪ-ਚੈਲਿੰਜ’ ਉਨ੍ਹਾਂ ਨੇ ਲੰਘੇ ਹਫ਼ਤੇ 50 ਤੋਂ ਵਧੀਕ ਪਾਰਲੀਮੈਂਟ ਮੈਂਬਰਾਂ ਨੂੰ ਵੀ ਦਿੱਤਾ ਸੀ ਜਿਨ੍ਹਾਂ ਵਿਚ ਫ਼ੈੱਡਰਲ ਸਿਹਤ ਮੰਤਰੀ ਮਾਣਯੋਗ ਗਿਨੇਟ ਪੈਟੀਪਸ ਵੀ ਸ਼ਾਮਲ ਸਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਡਾਇਬਟੀਜ਼ ਦੇ ਵਿਸ਼ਵ-ਵਿਆਪੀ ਖ਼ਤਰੇ ਨੂੰ ਮਹਿਸੂਸ ਕਰਦਿਆਂ ਹੋਇਆਂ ‘ਵਰਲਡ ਡਾਇਬੇਟੀਜ਼ ਡੇਅ’ ਰੱਖਣ ਦਾ ਸੁਝਾਅ ਇੰਟਰਨੈਸ਼ਨਲ ਡਾਇਬੇਟੀਜ਼ ਫ਼ੈੱਡਰੇਸ਼ਨ ਅਤੇ ਵਰਲਡ ਹੈੱਲਥ ਆਰਗੇਨਾਈਜ਼ੇਸ਼ਨ ਵੱਲੋਂ ਆਇਆ ਸੀ ਜਿਸ ਨੇ 2006 ਵਿਚ ਇਸ ਨੂੰ 14 ਨਵੰਬਰ ਵਾਲੇ ਦਿਨ ਮਨਾਇਆ ਅਤੇ ਉਸ ਤੋਂ ਬਾਅਦ ਇਹ ਹਰ ਸਾਲ ਇਸ ਦਿਨ ਭਾਵ 14 ਨਵੰਬਰ ਨੂੰ ਸੰਸਾਰ-ਪੱਧਰ ‘ਤੇ ਮਨਾਇਆ ਜਾਂਦਾ ਹੈ। ਐੱਮ.ਪੀ. ਸੋਨੀਆ ਸਿੱਧੂ ਨੇ ਆਲ ਪਾਰਟੀ ਡਾਇਬਟੀਜ਼ ਕਾਕੱਸ ਦੀ ਚੇਅਰ-ਪਰਸਨ ਵਜੋਂ ਅਤੇ ਇਨ੍ਹਾਂ ਗਰਮੀਆਂ ਵਿਚ ਇਸ ਰੋਗ ਦੇ ਬਚਾਅ ਅਤੇ ਤੰਦਰੁਸਤ ਜੀਵਨ-ਜਾਚ ਸਬੰਧੀ ਜਾਗਰੂਕਤਾ ਲਈ ਬਹੁਤ ਕੰਮ ਕੀਤਾ ਹੈ।