Breaking News
Home / ਕੈਨੇਡਾ / ‘ਦਿਸ਼ਾ’ ਵੱਲੋਂ ਕਰਵਾਏ ਗਏ ਸਮਾਗ਼ਮ ਵਿੱਚ ਹਿਊਮਨ ਐਕਟੀਵਿਸਟ ਨੂਰ ਜ਼ਹੀਰ ਦਾ ਭਾਸ਼ਣ ਔਰਤਾਂ ਲਈ ਨਵੀਂ ਦਿਸ਼ਾ ਨਿਰਧਾਰਤ ਕਰਨ ਲਈ ਬਣਿਆ ਪ੍ਰੇਰਨਾ ਸ੍ਰੋਤ

‘ਦਿਸ਼ਾ’ ਵੱਲੋਂ ਕਰਵਾਏ ਗਏ ਸਮਾਗ਼ਮ ਵਿੱਚ ਹਿਊਮਨ ਐਕਟੀਵਿਸਟ ਨੂਰ ਜ਼ਹੀਰ ਦਾ ਭਾਸ਼ਣ ਔਰਤਾਂ ਲਈ ਨਵੀਂ ਦਿਸ਼ਾ ਨਿਰਧਾਰਤ ਕਰਨ ਲਈ ਬਣਿਆ ਪ੍ਰੇਰਨਾ ਸ੍ਰੋਤ

Disha function with Noor Zaheer 1 copy copyਬਰੈਂਪਟਨ/ਡਾ. ਝੰਡ
ਦੋ ਕੁ ਸਾਲ ਪਹਿਲਾਂ ਹੋਂਦ ਵਿੱਚ ਆਈ ਟੋਰਾਂਟੋ ਏਰੀਏ ਦੀਆਂ ਔਰਤਾਂ ਦੀ ਸੰਸਥਾ ‘ਦਿਸ਼ਾ’ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਪ੍ਰੋਗਰਾਮ ਸਫ਼ਲਤਾ ਪੂਰਵਕ ਕਰਵਾਏ ਗਏ ਹਨ, ਪਰੰਤੂ ਬੀਤੇ ਸ਼ਨੀਵਾਰ 21 ਮਈ ਨੂੰ 470 ਕਰਾਈਸਲਰ ਰੋਡ ਦੇ ਯੂਨਿਟ 18 ਵਿੱਚ ਆਯੋਜਿਤ ਕੀਤਾ ਗਿਆ ਸਮਾਗ਼ਮ ਵੱਖਰੀ ਛਾਪ ਛੱਡ ਗਿਆ। ਇਸ ਸਮਾਗ਼ਮ ਵਿੱਚ ਮੁੱਖ-ਬੁਲਾਰੇ ਭਾਰਤ ਵਿੱਚ ਹਿਊਮਨ ਰਾਈਟਸ ਐਕਟੀਵਿਸਟ, ਅਗਾਂਹ-ਵਧੂ ਲੇਖਕ ਅਤੇ ਔਰਤਾਂ ਦੇ ਹੱਕਾਂ ਲਈ ਸਰਗਰਮ ਨੂਰ ਜ਼ਹੀਰ ਦਾ ਲੱਗਭੱਗ ਇੱਕ ਘੰਟੇ ਦਾ ਭਾਸ਼ਣ ਬੀਬੀਆਂ ਲਈ ਵੱਖਰੀ ਦਿਸ਼ਾ ਨਿਰਧਾਰਤ ਕਰ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਨੂਰ ਜ਼ਹੀਰ ਤੋਂ ਇਲਾਵਾ, ਲਾਹੌਰ ਤੋਂ ਨੁੱਜ਼ਤ ਸਿਦੀਕੀ, ਬਲਰਾਜ ਚੀਮਾ, ਸੁਰਜਣ ਸਿੰਘ ਜ਼ੀਰਵੀ, ਵਰਿਆਮ ਸਿੰਘ ਸੰਧੂ ਅਤੇ ਸੁਰਜੀਤ ਕੌਰ ਸੁਸ਼ੋਭਿਤ ਸਨ।
ਸਮਾਗ਼ਮ ਦੇ ਆਰੰਭ ਵਿੱਚ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਨੂਰ ਜ਼ਹੀਰ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਭਾਰਤ ਦੀ ਖੱਬੇ-ਪੱਖੀ ਲਹਿਰ ਵਿੱਚ ਸਰਗ਼ਰਮ ਚਿੰਤਕ ਅਤੇ ਆਗੂ ਜਨਾਬ ਸੱਜਾਦ ਜ਼ਹੀਰ ਦੀ ਸਪੁੱਤਰੀ ਹਨ ਅਤੇ ਉਨ੍ਹਾਂ ਦੇ ਮਾਤਾ ਜੀ ਰਜ਼ੀਆ ਜ਼ਹੀਰ ਵੀ ਇਸ ਲਹਿਰ ਵਿੱਚ ਆਪਣੇ ਪਤੀ-ਦੇਵ ਨਾਲ ਪੂਰੀ ਤਰ੍ਹਾਂ ਸਰਗ਼ਰਮ ਰਹੇ। ਲਖਨਊ ਦੀ ਜੰਮਪਲ ਅਤੇ ਮਹਾਂਨਗਰ ਦਿੱਲੀ ਅਤੇ ਤਾਸ਼ਕੰਦ ਇੰਸਟੀਚਿਊਟ ਆਫ਼ ਓਰੀਐਂਟਲ ਸਟੱਡੀਜ਼ ਤੋਂ ਵਿੱਦਿਆ ਪ੍ਰਾਪਤ ਨੂਰ ਜ਼ਹੀਰ ਨੇ ਲੋਕਾਂ ਨੂੰ ਜਾਗਰਤ ਕਰਨ ਦਾ ਪਾਠ ਘਰ ਤੋਂ ਹੀ ਸਿੱਖਿਆ ਅਤੇ ਵੱਡੇ ਹੋ ਕੇ ਇਸ ਨੂੰ ਅਮਲੀ ਜਾਮਾ ਪਹਿਨਾਇਆ। ਉਹ ਅਗਾਂਹ-ਵਧੂ ਵਿਚਾਰਾਂ ਵਾਲੀ ਲੇਖਿਕਾ ਹਨ ਅਤੇ ਉਨ੍ਹਾਂ ਦੀਆਂ ਪੁਸਤਕਾਂ ‘ਮੇਰੇ ਹਿੱਸੇ ਕੀ ਰੌਸ਼ਨੀ’, ‘ਰੇਤ ਪਰ ਖ਼ੂਨ’, ‘ਸੁਰਖ਼ ਕਾਰਵਾਂ ਕੇ ਹਮਸਫ਼ਰ’, ‘ਮਾਈ ਗੌਡ ਇਜ਼ ਏ ਵੋਮੈਨ’, ‘ਡੀਨਾਈਡ ਬਾਈ ਅੱਲ੍ਹਾ’, ‘ਆਜ ਕੇ ਨਾਮ’ ਅੱਜ ਦੇ ਸਮਾਜ ਨੂੰ ਨਵੀਂ ਰੌਸ਼ਨੀ ਪ੍ਰਦਾਨ ਕਰਦੀਆਂ ਹਨ। ਉਹ ਨੈਸ਼ਨਲ ਫੈੱਡਰੇਸ਼ਨ ਆਫ਼ ਇੰਡੀਅਨ ਵੁਮੈੱਨ ਦੇ ਨੈਸ਼ਨਲ ਸਕੱਤਰ ਅਤੇ ਇਸ ਫੈੱਡਰੇਸ਼ਨ ਦੀ ਦਿੱਲੀ ਬਰਾਂਚ ਦੇ ਪ੍ਰਧਾਨ ਹਨ। ਇਸ ਤੋਂ ਪਹਿਲਾਂ ‘ਦਿਸ਼ਾ’ ਸੰਸਥਾ ਦੀ ਸਰਗ਼ਰਮ ਵਰਕਰ ਪਰਮਜੀਤ ਦਿਓਲ ਨੇ ਇਸ ਸੰਸਥਾ ਦੀ ਸਥਾਪਨਾ ਅਤੇ ਇਸ ਦੀ ਕਾਰਗ਼ੁਜ਼ਾਰੀ ਬਾਰੇ ਸੰਖੇਪ ਵਿੱਚ ਦੱਸਿਆ।
ਉਪਰੰਤ, ਨੂਰ ਜ਼ਹੀਰ ਨੇ ‘ਕੁਅਸਚਨਿੰਗ ਟ੍ਰੈਡੀਸ਼ਨ ਐਂਡ ਡਿਸਕੱਵਰਿੰਗ ਫੈਮੀਨਿਜ਼ਮ’ ਵਿਸ਼ੇ ਉੱਪਰ ਆਪਣੇ ਲੱਗਭੱਗ ਇੱਕ ਘੰਟੇ ਦੇ ਭਾਸ਼ਨ ਵਿੱਚ ਔਰਤਾਂ ਨੂੰ ਮਰਦ ਦੇ ਬਰਾਬਰ ਸਮਾਜਿਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਹੱਕਾਂ ਦੀ ਵਕਾਲਤ ਕਰਦਿਆਂ ਉਨ੍ਹਾਂ ਨੂੰ ਪ੍ਰਚੱਲਤ ਰਵਾਇਤਾਂ ਨੂੰ ਤਿਆਗਣ ਅਤੇ ਸਮਾਜਿਕ ਬੰਧਨਾਂ ਤੋਂ ਬਾਹਰ ਆਉਣ ਦੀ ਗੱਲ ਕੀਤੀ। ਉਨ੍ਹਾਂ ਨੇ 1950 ਤੋਂ ਹੀ ਡਾ. ਬੀ. ਆਰ. ਅੰਬੇਦਕਰ ਵੱਲੋਂ ਭਾਰਤੀ ਸੰਵਿਧਾਨ ਵਿੱਚ ਦਰਜ ਕੀਤੇ ਗਏ ਔਰਤਾਂ ਲਈ ਰਾਖਵੇਂਕਰਨ ਦੀ ਗੱਲ ਕਰਦਿਆਂ ਕਿਹਾ ਕਿ ਅਮਲੀ ਤੌਰ ‘ਤੇ ਇਸ ਦਾ ਔਰਤਾਂ ਨੂੰ ਕੋਈ ਲਾਭ ਨਹੀਂ ਮਿਲਿਆ। ਅਜੇ ਵੀ ਜੇਕਰ ਉਹ ਪਿੰਡ ਦੀ ਸਰਪੰਚ ਹੈ ਤਾਂ ਅਮਲੀ ਤੌਰ ‘ਤੇ ਕੰਮ ਉਸ ਦੀ ਥਾਂ ‘ਤੇ ਉਸ ਦਾ ਪਤੀ ਜਾਂ ਪੁੱਤਰ ਹੀ ਕਰ ਰਿਹਾ ਹੈ। ਨੂਰ ਜ਼ਹੀਰ ਅਨੁਸਾਰ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਉਹ ਸਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਰਵਾਇਤਾਂ ਨੂੰ ਤਿਆਗ ਕੇ ਸਮਾਜਿਕ ਵਲਗਣਾਂ ਵਿੱਚੋਂ ਬਾਹਰ ਆਉਣ ਅਤੇ ਮਰਦਾਂ ਨਾਲ ਬਰਾਬਰ ਦੇ ਹੱਕ ਵੰਡਾਉਣ। ਆਪਣੇ ਭਾਸ਼ਨ ਵਿੱਚ ਉਨ੍ਹਾਂ ਨੇ ‘ਇਸਲਾਮਿਕ ਮੁਸਲਿਮ ਲਾਅ’ ਰਾਹੀਂ ਮੁਸਲਿਮ ਔਰਤਾਂ ਨਾਲ ਹੋ ਰਹੇ ਅਨਿਆਂ ਦੀ ਗੱਲ ਵੀ ਕੀਤੀ ਅਤੇ ਇਸ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਲਈ ਕਿਹਾ।
ਉਨ੍ਹਾਂ ਦੇ ਦਿਲਚਸਪ ਲੈੱਕਚਰ ਤੋਂ ਬਾਅਦ ਸੁਆਲਾਂ-ਜਵਾਬਾਂ ਦੇ ਸੈਸ਼ਨ, ਜਿਸ ਨੂੰ ਪ੍ਰਧਾਨਗੀ ਮੰਡਲ ਵਿੱਚੋਂ ਬਲਰਾਜ ਚੀਮਾ ਨੇ ਤਰਤੀਬ ਦਿੱਤੀ, ਵਿੱਚ ਉਨ੍ਹਾਂ ਨੇ ਸੁਆਲਾਂ ਦੇ ਜੁਆਬ ਬੜੇ ਠਰ੍ਹੰਮੇ ਨਾਲ ਤਸੱਲੀ-ਪੂਰਵਕ ਦਿੱਤੇ। ਸੁਆਲ ਮੁੱਖ ਤੌਰ ‘ਤੇ ਰੂਸ ਦੀ ਟੁੱਟ-ਭੱਜ ਤੇ ਅੰਤਰਰਾਸ਼ਟਰੀ ਪੱਧਰ ‘ਤੇ ਕਮਿਊਨਿਜ਼ਮ ਲਹਿਰ ਵਿੱਚ ਆਈ ਗਿਰਾਵਟ, ਭਾਰਤ ਦੇ ਕੁਝ ਰਾਜਾਂ ਕੇਰਲਾ, ਪੱਛਮੀ ਬੰਗਾਲ ਆਦਿ ਵਿੱਚ ਇਸ ਦੇ ਉਭਾਰ ਤੇ ਨਿਘਾਰ, ਭਾਰਤੀ ਔਰਤ ਨੇਤਾਵਾਂ ਨੂੰ ਕਮਿਊਨਿਜ਼ਮ ਤੇ ਇਮਾਨਦਾਰੀ ਦਾ ਪਾਠ ਪੜ੍ਹਾਉਣ, ‘ਨਰੇਗਾ’ ਤੇ ‘ਮਨਰੇਗਾ’ ਯੋਜਨਾਵਾਂ ਦਾ ਔਰਤਾਂ ਨੂੰ ਲਾਭ ਅਤੇ ਇਨ੍ਹਾਂ ਵਿੱਚ ਹੋ ਰਹੀਆਂ ਧਾਂਦਲੀਆਂ, ਸੰਸਾਰ ਵਿੱਚ ਕਮਿਊਨਿਜ਼ਮ ਦੇ ਭਵਿੱਖ ਆਦਿ ਵਿਸ਼ਿਆਂ ਨਾਲ ਸਬੰਧਿਤ ਸਨ। ਸੁਆਲ-ਕਰਤਾਵਾਂ ਵਿੱਚ ਸੁੰਦਰਪਾਲ ਰਾਜਾਸਾਂਸੀ, ਰਛਪਾਲ ਕੌਰ, ਨੁੱਜ਼ਤ ਸਿਦੀਕੀ, ਕੁਲਵਿੰਦਰ ਖਹਿਰਾ, ਸੰਤੋਖ ਸਿੰਘ ਨੱਤ, ਕਰਨ ਅਜਾਇਬ ਸਿੰਘ ਸੰਘਾ, ਸੁਖਦੇਵ ਸਿੰਘ ਝੰਡ, ਨਾਹਰ ਸਿੰਘ ਔਜਲਾ, ਮਿਸ ਮਨਜੀਤ ਬੱਬਰਾ, ਸੁਖਮਿੰਦਰ ਰਾਮਪੁਰੀ, ਸੁਰਜਣ ਸਿੰਘ ਜ਼ੀਰਵੀ ਅਤੇ ਬਲਰਾਜ ਚੀਮਾ ਸ਼ਾਮਲ ਹੋਏ।
ਪ੍ਰਧਾਨਗੀ-ਭਾਸ਼ਨ ਵਿੱਚ ਡਾ. ਵਰਿਆਮ ਸਿੰਘ ਸੰਧੂ ਨੇ ਨੂਰ ਜ਼ਹੀਰ ਦੇ ਮਾਪਿਆਂ ਦੇ ਨਾਲ ਨਾਲ ਉਸ ਦੀ ਧੀ ਦੇ ਵੀ ਔਰਤਾਂ ਦੀ ਮੁਕਤੀ ਲਈ ਸੰਘਰਸ਼ ਵਿੱਚ ਹਿੱਸਾ ਪਾਉਣ ਦੀ ਗੱਲ ਕਰਦਿਆਂ ਇਨ੍ਹਾਂ ‘ਤਿੰਨਾਂ ਪੀੜ੍ਹੀਆਂ’ ਦੇ ਇਸ ਮਹਾਨ ਯੋਗਦਾਨ ਦੀ ਖ਼ੂਬ ਸਰਾਹਨਾ ਕੀਤੀ। ਉਨ੍ਹਾਂ ਵੱਖ-ਵੱਖ ਧਰਮਾਂ ਵਿੱਚ ਔਰਤਾਂ ਲਈ ਕਥਿਤ ‘ਮੁਕਤੀ ਦੇ ਰਾਹ’ ਦੀ ਚਰਚਾ ਕਰਦਿਆਂ ਇਨ੍ਹਾਂ ਨੂੰ ਤਰਕਹੀਣ ਦੱਸਦਿਆਂ ਹੋਇਆਂ ਸਾਰਿਆਂ ਨੂੰ ਸਮੁੱਚੀ ਮਨੁੱਖਤਾ ਦੀ ਭਲਾਈ ਵਾਲਾ ਰਾਹ ਅਪਨਾਉਣ ਲਈ ਕਿਹਾ। ਉਨ੍ਹਾਂ ਹੋਰ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਲਗਾਤਾਰ ਜੱਦੋ-ਜਹਿਦ ਦਾ ਰਸਤਾ ਅਪਨਾਉਣਾ ਪਵੇਗਾ। ਅਖ਼ੀਰ ਵਿੱਚ ‘ਦਿਸ਼ਾ’ ਦੀ ਕੋ-ਕਨਵੀਨਰ ਸੁਰਜੀਤ ਕੌਰ ਨੇ ਇਸ ਸਮਾਗ਼ਮ ਦੀ ਮੁੱਖ-ਮਹਿਮਾਨ ਨੂਰ ਜ਼ਹੀਰ ਅਤੇ ਆਏ ਹੋਰ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਅਜਿਹੇ ਹੋਰ ਵੀ ਲੈੱਕਚਰ ਕਰਵਾਉਂਦੇ ਰਹਿਣ ਦੀ ਗੱਲ ਕਹੀ। ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਕਮਲਜੀਤ ਨੱਤ ਨੇ ਬਾਖ਼ੂਬੀ ਨਿਭਾਈ।
ਇਸ ਸਮਾਗ਼ਮ ਦੀ ਵਿਲੱਖਣਤਾ ਇਹ ਵੀ ਸੀ ਕਿ ਇਸ ਵਿਚ ਔਰਤਾਂ ਨਾਲੋਂ ਵਧੇਰੇ ਗਿਣਤੀ ਮਰਦਾਂ ਦੀ ਸੀ ਜਿਸ ਦੀ ਕਈ ਵੱਕਤਾਵਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਹਾਜ਼ਰੀਨ ਵਿੱਚ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਅਣਖੀਲਾ, ਮੋਹਿੰਦਰਦੀਪ ਗਰੇਵਾਲ, ਪਰਮਜੀਤ ਸਿੰਘ ਬੜਿੰਗ, ਬਲਦੇਵ ਸਿੰਘ ਰਹਿਪਾ, ਹਰਜੀਤ ਬੇਦੀ, ਨਛੱਤਰ ਸਿੰਘ ਬਦੇਸ਼ਾ, ਬੀ.ਸੀ ਤੋਂ ਆਏ ਜਰਨੈਲ ਸਿੰਘ ਆਰਟਿਸਟ, ਕੁਲਵੰਤ ਸਿੰਘ ਆਰਟਿਸਟ, ਤਲਵਿੰਦਰ ਮੰਡ, ਕੁਲਜੀਤ ਮਾਨ, ਕੁਲਜੀਤ ਸਿੰਘ ਜੰਜੂਆ, ਸ਼ਮਸ਼ਾਦ ਇਲਾਹੀ, ਦੇਵ ਦੂਹੜੇ, ਇਕਬਾਲ ਬਰਾੜ, ਪਰਮਜੀਤ ਢਿੱਲੋਂ, ਪਿਆਰਾ ਸਿੰਘ ਕੁੱਦੋਵਾਲ, ਹਰਚੰਦ ਬਾਸੀ, ਜੋਗਿੰਦਰ ਪੱਡਾ, ਅਮਰ ਸਿੰਘ ਢੀਂਡਸਾ, ਤਾਹਿਰ ਕਾਜ਼ੀ,  ਹੰਸ ਰਾਜ, ਲਾਲ ਸਿੰਘ ਬੈਂਸ, ਨਵਜੀਵਨ ਸਿੰਘ ਢਿੱਲੋਂ, ਸਰਬਜੀਤ ਕਾਹਲੋਂ, ਜਗਦੀਸ਼ ਝੰਡ, ਰਾਜਵੰਤ ਕੌਰ ਸੰਧੂ, ਰਿੰਟੂ ਭਾਟੀਆ, ਪਰਮ ਸਰਾਂ, ਅਰੂਜ਼ ਰਾਜਪੂਤ, ਸ਼ੀਬਾ ਚੀਮਾ ਆਦਿ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …