19.6 C
Toronto
Saturday, October 18, 2025
spot_img
Homeਪੰਜਾਬਜਲ੍ਹਿਆਂਵਾਲਾ ਬਾਗ 'ਚ ਪੰਜਾਬੀ ਲੱਗੀ ਨੁੱਕਰੇ

ਜਲ੍ਹਿਆਂਵਾਲਾ ਬਾਗ ‘ਚ ਪੰਜਾਬੀ ਲੱਗੀ ਨੁੱਕਰੇ

ਅੰਮ੍ਰਿਤਸਰ/ਬਿਊਰੋ ਨਿਊਜ਼
ਘਰੋਂ ਭੱਜ ਕੇ ਜਿਸ ਖੂਨ ਨਾਲ ਭਿੱਜੀ ਸ਼ਹੀਦਾਂ ਦੀ ਮਿੱਟੀ ਸ਼ੀਸ਼ੀ ਵਿਚ ਬੰਦ ਕਰ ਭਗਤ ਸਿੰਘ ਘਰ ਲੈ ਆਇਆ ਸੀ, ਜਿਸ ਬੇਗੁਨਾਹ ਸ਼ਹੀਦਾਂ ਦਾ ਬਦਲਾ ਲੈਣ ਲਈ ਊਧਮ ਸਿੰਘ ਸੱਤ ਸਮੁੰਦਰ ਪਾਰ ਚਲਾ ਗਿਆ ਸੀ, ਉਸ ਸ਼ਹੀਦੀ ਸਮਾਰਕ ਦਾ ਅੱਜ ਦੇ ਸਰਕਾਰੀ ਰਾਖੇ ਮਜ਼ਾਕ ਵੀ ਉੱਡਾ ਰਹੇ ਹਨ ਤੇ ਅਪਮਾਨ ਵੀ ਕਰ ਰਹੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਲ੍ਹਿਆਂਵਾਲੇ ਬਾਗ ਦੀ, ਪੰਜਾਬ ਦੀ ਇਤਿਹਾਸਕ ਧਰਤੀ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ ਵਿਚ 13 ਅਪ੍ਰੈਲ 1919 ਨੂੰ 381 ਤੋਂ ਵੱਧ ਵਿਅਕਤੀ ਅੰਗਰੇਜ਼ਾਂ ਦੀ ਗੋਲੀਆਂ ਦਾ ਸ਼ਿਕਾਰ ਹੋ ਕੇ ਸ਼ਹਾਦਤਾਂ ਪਾ ਜਾਂਦੇ ਹਨ ਤੇ ਅੱਜ ਉਨ੍ਹਾਂ ਦੀ ਸ਼ਹਾਦਤ ਨੂੰ ਮੂੰਹ ਚਿੜਾ ਰਿਹਾ ਹੈ ਸਮਾਰਕ ਦੇ ਬੂਹੇ ‘ਤੇ ਲੱਗਾ ਅੰਗਰੇਜ਼ੀ ਭਾਸ਼ਾ ਵਾਲਾ ਬੋਰਡ। ਇਸ ਬੋਰਡ ‘ਤੇ ਸਭ ਤੋਂ ਉਪਰ ਅੰਗਰੇਜ਼ੀ ਉਸ ਤੋਂ ਥੱਲੇ ਹਿੰਦੀ ਤੇ ਅਖੀਰ ਵਿਚ ਮਾਂ ਬੋਲੀ ਪੰਜਾਬੀ ‘ਚ “ਜਲ੍ਹਿਆਂਵਾਲੇ ਬਾਗ ਦੀ ਯਾਦਗਾਰ” ਲਿਖਿਆ ਹੋਇਆ ਹੈ। ਇਹੋ ਨਹੀਂ ਗੋਲੀਆਂ ਦੇ ਨਿਸ਼ਾਨ ਵਾਲੀ ਥਾਂ ਹੋਵੇ, ਚਾਹੇ ਸ਼ਹੀਦਾਂ ਦੇ ਸਮਾਰਕ ਵਾਲੀ ਥਾਂ ਹੋਵੇ, ਚਾਹੇ ਸ਼ਹੀਦੀ ਖੂਹ ਹੋਵੇ ਸਭ ਥਾਈਂ ਮਾਂ ਬੋਲੀ ਪੰਜਾਬੀ ਨੁਕਰੇ ਹੈ ਤੇ ਅੰਗਰੇਜ਼ੀ-ਹਿੰਦੀ ਕਾਬਜ਼ ਹੈ। ਇਹੋ ਨਹੀਂ ਜਲ੍ਹਿਆਂਵਾਲੇ ਬਾਗ ਦਾ ਇਤਿਹਾਸ ਬਿਆਨ ਕਰਨ ਵਾਲੀਆਂ ਤਖਤੀਆਂ ਵਿਚ ਵੀ ਪੰਜਾਬੀ ਵਾਲੀ ਤਖਤੀ ਸਭ ਤੋਂ ਥੱਲੇ ਹੈ।
ਪੰਜਾਬੀ ਨੂੰ ਪਿਆਰ ਕਰਨ ਵਾਲੇ ਮਾਂ ਬੋਲੀ ਦਰਦੀਆਂ ਦੀ ਸਮੇਂ ਦੀਆਂ ਸਰਕਾਰਾਂ ਤੋਂ ਇਹੋ ਮੰਗ ਹੈ ਕਿ ਇਸ ਗਲਤੀ ਦਾ ਤੁਰੰਤ ਸੁਧਾਰ ਕਰਦਿਆਂ ਪੰਜਾਬੀ ਭਾਸ਼ਾ ਨੂੰ ਸ਼ਹੀਦੀ ਸਮਾਰਕ ਜਲਿਆਂਵਾਲਾ ਬਾਗ ਵਿਚ ਹਰ ਥਾਂ ‘ਤੇ ਪਹਿਲੇ ਨੰਬਰ ‘ਤੇ ਲਿਖਿਆ ਜਾਵੇ। ਕੁੱਝ ਲੋਕ ਅੰਗਰੇਜ਼ੀ ਨੂੰ ਸਭ ਥਾਂ ਤੋਂ ਹਟਾਉਣ ਦੀ ਗੱਲ ਕਰ ਰਹੇ ਹਨ, ਪਰ ਬੁੱਧੀਜੀਵੀਆਂ ਦੀ ਰਾਇ ਹੈ ਕਿ ਦੇਸ਼ ਦੇ ਬਾਕੀ ਕੋਨਿਆਂ ਤੋਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਅੰਗਰੇਜ਼ ਹਕੂਮਤ ਦਾ ਜਾਲਮ ਰੂਪ ਦਿਖਾਉਣ ਲਈ ਅੰਗਰੇਜ਼ੀ ਭਾਸ਼ਾ ਵਿਚ ਜਲ੍ਹਿਆਂਵਾਲੇ ਬਾਗ ਦਾ ਨਾਂ ਅਤੇ ਸਮਾਰਕਾਂ ਦੇ ਨਾਂ ਲਿਖੇ ਜ਼ਰੂਰ ਹੋਣੇ ਚਾਹੀਦੇ ਹਨ। ਪਰ ਤਰਤੀਬ ਇਹੋ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਪੰਜਾਬੀ, ਫਿਰ ਹਿੰਦੀ, ਫਿਰ ਅੰਗਰੇਜ਼ੀ ਹੋਵੇ।

 

RELATED ARTICLES
POPULAR POSTS