Breaking News
Home / ਪੰਜਾਬ / ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਬੇੜਾ ਗਰਕ ਕੀਤਾ : ਬ੍ਰਹਮਪੁਰਾ

ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਬੇੜਾ ਗਰਕ ਕੀਤਾ : ਬ੍ਰਹਮਪੁਰਾ

ਕਿਹਾ – ਅਕਾਲੀ ਦਲ ਦੀ ਪੰਥਕ ਪਛਾਣ ਨੂੰ ਢਾਹ ਲਾਉਣ ਲਈ ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ੀ
ਜਲੰਧਰ/ਬਿਊਰੋ ਨਿਊਜ਼ : ਟਕਸਾਲੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਾਰਟੀ ਦੀ ਪੰਥਕ ਪਛਾਣ ਨੂੰ ਢਾਹ ਲਾਉਣ ਲਈ ਵੱਡੇ ਬਾਦਲ ਵੀ ਬਰਾਬਰ ਦੇ ਦੋਸ਼ੀ ਹਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਸੁਖਬੀਰ ਬਾਦਲ ਦੇ ਹੱਥਾਂ ਵਿਚ ਆਈ, ਉਦੋਂ ਤੋਂ ਹੀ ਪਾਰਟੀ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ ਸੀ। ਇਸ ਬਾਰੇ ਉਹ ਪਾਰਟੀ ਅੰਦਰ ਸਮੇਂ-ਸਮੇਂ ‘ਤੇ ਆਵਾਜ਼ ਉਠਾਉਂਦੇ ਰਹੇ ਸਨ, ਪਰ ਪੁੱਤਰ ਮੋਹ ਵਿਚ ਫਸੇ ਬਾਦਲ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਜ਼ਿਕਰਯੋਗ ਹੈ ਕਿ ਟਕਸਾਲੀ ਅਕਾਲੀ ਆਗੂ ਸ਼ੁਰੂ ਤੋਂ ਹੀ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਹੀ ਨਿਸ਼ਾਨਾ ਬਣਾਉਂਦੇ ਆ ਰਹੇ ਸਨ, ਪਰ ਉਨ੍ਹਾਂ ਪਹਿਲੀ ਵਾਰ ਸਿੱਧੇ ਤੌਰ ‘ਤੇ ਪ੍ਰਕਾਸ਼ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਵਿਚ ਜਥੇਦਾਰਾਂ ਨੂੰ ਬੁਲਾ ਕੇ ਡੇਰਾ ਮੁਖੀ ਨੂੰ ਮੁਆਫ਼ੀ ਦੇਣਾ ਹੀ ਵੱਡਾ ਗੁਨਾਹ ਸੀ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਤਾਂ ਉਨ੍ਹਾਂ ਕਿਹਾ ਸੀ ਕਿ ਮੀਟਿੰਗ ਦਾ ਇੱਕੋ ਏਜੰਡਾ ਹੀ ਲਿਖਣਾ ਚਾਹੀਦਾ ਹੈ ਕਿ ਹਾਰ ਲਈ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਉਦੋਂ ਵੀ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ ਸੀ ਤੇ ਉਸ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੀ ਦਿਨੋਂ-ਦਿਨ ਹੋ ਰਹੀ ਮਾੜੀ ਹਾਲਤ ਨੂੰ ਲੈ ਕੇ ਉਨ੍ਹਾਂ ਸਮੇਤ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਤੇ ਹੋਰ ਕਈ ਆਗੂ ਰੋਂਦੇ-ਪਿੱਟਦੇ ਰਹੇ ਸਨ। ਜਥੇਦਾਰ ਬ੍ਰਹਮਪੁਰਾ ਨੇ ਮੰਨਿਆ ਕਿ ਉਨ੍ਹਾਂ ਕੋਲੋਂ ਇਹ ਵੱਡੀ ਗਲਤੀ ਹੋ ਗਈ ਕਿ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ‘ਤੇ ਖਡੂਰ ਸਾਹਿਬ ਦੀ ਉਪ ਚੋਣ ਲੜੀ।
ਮਹਾਗੱਠਜੋੜ ਵਿਚੋਂ ‘ਆਪ’ ਬਾਹਰ : ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮਹਾਗੱਠਜੋੜ ਵਿਚੋਂ ਆਮ ਆਦਮੀ ਪਾਰਟੀ ਬਾਹਰ ਹੈ। ਸੀਟਾਂ ਦੀ ਵੰਡ ਦਾ ਐਲਾਨ ਜਲਦੀ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹਾਗੱਠਜੋੜ ਵਿਚ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਐੱਮਪੀ ਧਰਮਵੀਰ ਗਾਂਧੀ, ਪੰਜਾਬੀ ਏਕਤਾ ਪਾਰਟੀ ਅਤੇ ਟਕਸਾਲੀ ਅਕਾਲੀ ਪਾਰਟੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨਾਲ ਉਨ੍ਹਾਂ ਦੀ ਦੋ ਵਾਰ ਗੱਲਬਾਤ ਹੋਈ ਸੀ। ਇਹ ਗੱਲ ਇਸ ਕਰਕੇ ਟੁੱਟ ਗਈ ਕਿਉਂਕਿ ਉਨ੍ਹਾਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਗੱਠਜੋੜ ਵਿਚ ਖਹਿਰੇ ਕਾਰਨ ਉਹ ਸ਼ਾਮਲ ਨਹੀਂ ਹੋ ਸਕਦੇ।
ਬੀਰਦਵਿੰਦਰ ਸਿੰਘ ਵੀ ‘ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ‘ਚ ਹੋਏ ਸ਼ਾਮਲ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਨਰਾਜ਼ ਟਕਸਾਲੀਆਂ ਵਲੋਂ ਬਣਾਈ ਨਵੀਂ ਪਾਰਟੀ ‘ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਜਲੰਧਰ ਵਿਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੀ ‘ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਵਿਚ ਸ਼ਾਮਲ ਹੋ ਗਏ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਰਦਵਿੰਦਰ ਸਿੰਘ 1967 ਵਿੱਚ ਬਤੌਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਿਆਸਤ ਵਿੱਚ ਸ਼ਾਮਲ ਵਿਚ ਹੋਏ ਸਨ। 1980 ਵਿੱਚ ਉਹ ਸਰਹਿੰਦ ਤੋਂ ਵਿਧਾਇਕ ਤੇ 2002 ਵਿੱਚ ਖਰੜ ਤੋਂ ਵਿਧਾਇਕ ਚੁਣੇ ਗਏ।
ਜਨਰਲ ਜੇ ਜੇ ਸਿੰਘ ਸ਼੍ਰੋਮਣੀ ਅਕਾਲੀ ਦਲ ਟਕਸਾਲੀ ‘ਚ ਸ਼ਾਮਲ
ਕਿਹਾ : ਬਾਦਲਾਂ ਨੇ ਮੇਰਾ ਸਿਆਸੀ ਭਵਿੱਖ ਕੀਤਾ ਖਰਾਬ
ਅੰਮ੍ਰਿਤਸਰ : ਸਾਬਕਾ ਫੌਜ ਮੁਖੀ ਜਨਰਲ ਜੇਜੇ ਸਿੰਘ ਵੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ ਹਨ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਦੇ ਝੰਡੇ ਹੇਠ ਚੋਣ ਲੜਨਗੇ। ਜਨਰਲ ਜੇਜੇ ਸਿੰਘ ਦੀ ਸ਼ਮੂਲੀਅਤ ਨਾਲ ਨਵੀਂ ਬਣੀ ਪਾਰਟੀ ਨੂੰ ਹੋਰ ਬਲ ਮਿਲਿਆ ਹੈ। ਇੱਥੇ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਗ੍ਰਹਿ ਵਿਚ ਇਸ ਸਬੰਧੀ ਸਮਾਗਮ ਕੀਤਾ ਗਿਆ, ਜਿਸ ਵਿਚ ਸਾਬਕਾ ਫੌਜ ਮੁਖੀ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਸਾਬਕਾ ਫੌਜ ਮੁਖੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ ਸਨ ਪਰ ਕੁਝ ਦੇਰ ਬਾਅਦ ਹੀ ਤੋੜ ਵਿਛੋੜਾ ਹੋ ਗਿਆ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਫੌਜ ਮੁਖੀ ਨੇ ਆਖਿਆ ਕਿ ਬਾਦਲਾਂ ਨੇ ਉਸ ਦੇ ਸਿਆਸੀ ਭਵਿੱਖ ਨੂੰ ਖਰਾਬ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਪਾਰਟੀ ਛੱਡ ਦਿੱਤੀ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …