Breaking News
Home / ਪੰਜਾਬ / ਆਮ ਆਦਮੀ ਪਾਰਟੀ ‘ਚ ਸੀਐੱਮ ਚਿਹਰੇ ਨੂੰ ਲੈ ਕੇ ਬਾਗ਼ੀ ਸੁਰਾਂ ਉੱਠਣੀਆਂ ਸ਼ੁਰੂ

ਆਮ ਆਦਮੀ ਪਾਰਟੀ ‘ਚ ਸੀਐੱਮ ਚਿਹਰੇ ਨੂੰ ਲੈ ਕੇ ਬਾਗ਼ੀ ਸੁਰਾਂ ਉੱਠਣੀਆਂ ਸ਼ੁਰੂ

ਵਲੰਟੀਅਰ ਵੀ ਹਾਈ ਕਮਾਨ ਨੂੰ ਖੁੱਲ੍ਹੀ ਚੁਣੌਤੀ ਦੇਣ ਲੱਗੇ
ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚ ਬਾਗ਼ੀ ਸੁਰਾਂ ਉੱਭਰਨ ਲੱਗੀਆਂ ਹਨ। ਦਿੱਲੀ ਦੇ ਆਗੂਆਂ ਦੀ ਪੰਜਾਬ ਦੇ ਢਾਂਚੇ ਵਿਚ ਸਿੱਧੀ ਦਖ਼ਲ ਅੰਦਾਜ਼ੀ ਤੋਂ ਸਥਾਨਕ ਲੀਡਰਸ਼ਿਪ ਪਹਿਲਾਂ ਹੀ ਪਰੇਸ਼ਾਨ ਚੱਲ ਰਹੀ ਹੈ, ਹੁਣ ਪੰਜਾਬ ਦੇ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਨੂੰ ਲੈ ਕੇ ਵਲੰਟੀਅਰਾਂ ਨੇ ਹਾਈ ਕਮਾਨ ਨੂੰ ਖੁੱਲ੍ਹੀ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਪਹਿਲਾਂ ਹੀ ਸੂਬੇ ਦਾ ਮੁੱਖ ਮੰਤਰੀ ਦਾ ਚਿਹਰਾ ਕਿਸੇ ਸਿੱਖ ਆਗੂ ਦੇ ਹੋਣ ਦੀ ਗੱਲ ਆਖ ਚੁੱਕੇ ਹਨ। ਪਰ ਹੁਣ ਵੱਖ-ਵੱਖ ਜ਼ਿਲ੍ਹਿਆਂ, ਬਲਾਕਾਂ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਵੱਲੋਂ ਜਿੱਥੇ ਸੋਸ਼ਲ ਮੀਡੀਆ ‘ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਉੱਥੇ ਕੁਝ ਜ਼ਿਲ੍ਹਿਆਂ ਦੇ ਅਹੁਦੇਦਾਰ ਤੇ ਵਲੰਟੀਅਰ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਸਰਕਾਰੀ ਕੋਠੀ ‘ਤੇ ਭਗਵੰਤ ਮਾਨ ਦੇ ਹੱਕ ‘ਚ ਇਕ ਮੰਗ-ਪੱਤਰ ਦੇਣ ਲਈ ਪੁੱਜੇ ਹਾਲਾਂਕਿ ਚੀਮਾ ਆਪਣੀ ਕੋਠੀ ‘ਚ ਮੌਜੂਦ ਨਹੀਂ ਸਨ। ਇਕ ਦਰਜਨ ਤੋਂ ਵੱਧ ਆਗੂ ਤੇ ਵਲੰਟੀਅਰ ਵਿਰੋਧੀ ਧਿਰ ਦੇ ਨੇਤਾ ਦੇ ਦਫ਼ਤਰੀ ਸਟਾਫ ਨੂੰ ਮੰਗ ਪੱਤਰ ਦੇ ਕੇ ਗਏ ਹਨ। ਭਾਵੇਂ ਕਿ ਚੀਮਾ ਦੀ ਕੋਠੀ ਪੁੱਜੇ ਇਨ੍ਹਾਂ ਆਗੂਆਂ ਵੱਲੋਂ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਹੈ , ਪਰ ਪਾਰਟੀ ਆਗੂਆਂ ਨੇ ਵਿਰੋਧ ਦੀ ਥਾਂ ਮੰਗ ਪੱਤਰ ਦੇਣ ਦਾ ਦਾਅਵਾ ਕੀਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਅੰਦਰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੇ ਜਾਣ ਨੂੰ ਲੈ ਕੇ ਬਾਗ਼ੀ ਸੁਰਾਂ ਉੱਠ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਭਗਵੰਤ ਮਾਨ ਖ਼ਫ਼ਾ ਚੱਲ ਰਹੇ ਹਨ ਤ ਉਨ੍ਹਾਂ ਆਪਣੀਆਂ ਸਿਆਸੀ ਸਰਗਰਮੀਆਂ ਇਕ ਤਰ੍ਹਾਂ ਠੱਪ ਕੀਤੀਆਂ ਹੋਈਆਂ ਹਨ। ਭਾਵੇਂਕਿ ਸੰਸਦ ‘ਚ ਭਗਵੰਤ ਮਾਨ ਦੀ ਸਰਗਰਮੀ ਕਾਫ਼ੀ ਰਹੀ ਤੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਪਾਰਟੀ ਦਾ ਪੱਖ ਰੱਖਦਿਆਂ ਚੰਗੀ ਲੜਾਈ ਵੀ ਲੜੀ ਹੈ ਪਰ ਪਾਰਟੀ ਹਾਈ ਕਮਾਨ ਮਹਿਸੂਸ ਕਰ ਰਹੀ ਹੈ ਕਿ ਭਗਵੰਤ ਮਾਨ ਨੂੰ ਜਿਸ ਢੰਗ ਨਾਲ ਹੇਠਲੇ ਪੱਧਰ ‘ਤੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਲੜਾਈ ਲੜਨੀ ਚਾਹੀਦੀ ਸੀ ਉਹ ਲੜੀ ਨਹੀਂ ਗਈ। ਜਦੋਂ ਕਿ ਦੂਜੀਆਂ ਪਾਰਟੀਆਂ ਖ਼ਾਸ ਕਰਕੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਇਹ ਗੱਲ ਵੱਖਰੀ ਹੈ ਕਿ ਕਿਸਾਨਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਤੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਸੀਐੱਮ ਚਿਹਰੇ ਬਾਰੇ ਫ਼ੈਸਲਾ ਪਾਰਟੀ ਹਾਈਕਮਾਨ ਲਵੇਗੀ : ਚੀਮਾ
ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਪਾਰਟੀ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਪ੍ਰਧਾਨ ਹਨ ਤੇ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਉਮੀਦਵਾਰ ਪਾਰਟੀ ਹਾਈ ਕਮਾਨ ਨੇ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਆਪਣਾ ਇਲਾਜ ਕਰਵਾਉਣ ਗਏ ਹੋਏ ਹਨ। ਜਦੋਂ ਉਹ ਵਾਪਸ ਆਉਣਗੇ ਤਾਂ ਤਮਾਮ ਲੀਡਰਸ਼ਿਪ ਉਨ੍ਹਾਂ ਨੂੰ ਮਿਲ ਕੇ ਆਵੇਗੀ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …