-12.5 C
Toronto
Thursday, January 29, 2026
spot_img
HomeUncategorizedਲੋਕ ਸਭਾ ਚੋਣਾਂ ਲਈ ਕੁਰਸੀ ਛੱਡਣ ਲਈ ਤਿਆਰ ਨਹੀਂ ਪੰਜਾਬ ਦੇ ਮੰਤਰੀ,...

ਲੋਕ ਸਭਾ ਚੋਣਾਂ ਲਈ ਕੁਰਸੀ ਛੱਡਣ ਲਈ ਤਿਆਰ ਨਹੀਂ ਪੰਜਾਬ ਦੇ ਮੰਤਰੀ, ਪਰਿਵਾਰਕ ਮੈਂਬਰਾਂ ਲਈ ਮੰਗ ਰਹੇ ਨੇ ਟਿਕਟਾਂ

ਲੁਧਿਆਣਾ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਵਿਚ ਵੱਡੇ ਚਿਹਰਿਆਂ ਜ਼ਰੀਏ ਮੁਕਾਬਲਾ ਕਰਨ ਦੀ ਯੋਜਨਾ ਅਧੀਨ ਕਾਂਗਰਸ ਵਲੋਂ ਕੈਬਨਿਟ ਮੰਤਰੀਆਂ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਉਸਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਦੀ ਸ਼ੁਰੂਆਤ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਫਿਰੋਜ਼ਪੁਰ ਸੀਟ ‘ਤੇ ਦਾਅਵੇਦਾਰੀ ਜਤਾ ਕੇ ਕੀਤੀ ਗਈ ਹੈ। ਪਰ ਪੰਜਾਬ ਦੇ ਕਈ ਕੈਬਨਿਟ ਮੰਤਰੀ ਲੋਕ ਸਭਾ ਚੋਣਾਂ ਲਈ ਆਪਣੀ ਕੁਰਸੀ ਛੱਡਣ ਲਈ ਤਿਆਰ ਨਹੀਂ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਟਿਕਟ ਮੰਗ ਰਹੇ ਹਨ।
ਇਸ ਵਿਚ ਮੁੱਖ ਤੌਰ ‘ਤੇ ਪਿਛਲੀ ਵਾਰ ਲੋਕ ਸਭਾ ਚੋਣਾਂ ਲੜਨ ਵਾਲੇ ਮਨਪ੍ਰੀਤ ਬਾਦਲ ਤੇ ਵਿਜੇਇੰਦਰ ਸਿੰਗਲਾ ਦਾ ਨਾਂ ਸ਼ਾਮਲ ਹੈ। ਦੱਸਣਾ ਸਹੀ ਹੋਵੇਗਾ ਕਿ ਮਨਪ੍ਰੀਤ ਵਲੋਂ ਆਪਣੀ ਬਣਾਈ ਹੋਈ ਪੰਜਾਬ ਪੀਪਲਜ਼ ਪਾਰਟੀ ਨਾਲ ਗਠਜੋੜ ਤਹਿਤ ਪਿਛਲੀਆਂ ਲੋਕ ਸਭਾ ਚੋਣਾਂ ਬਠਿੰਡਾ ਤੋਂ ਕਾਂਗਰਸ ਦੇ ਚੋਣ ਚਿੰਨ੍ਹ ‘ਤੇ ਲੜੀਆਂ ਗਈਆਂ ਸਨ ਤੇ ਹੁਣ ਕਾਂਗਰਸ ਵਿਚ ਸ਼ਾਮਲ ਹੋ ਕੇ ਉਹ ਵਿੱਤ ਮੰਤਰੀ ਬਣ ਚੁੱਕੇ ਹਨ। ਮਨਪ੍ਰੀਤ ਕਿਉਂਕਿ ਬਠਿੰਡਾ ਤੋਂ ਵਿਧਾਇਕ ਹਨ ਤਾਂ ਉਨ੍ਹਾਂ ਨੂੰ ਹਰਸਿਮਰਤ ਕੌਰ ਬਾਦਲ ਖਿਲਾਫ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ, ਪਰ ਉਹ ਆਪਣੀ ਪਤਨੀ ਲਈ ਟਿਕਟ ਚਾਹੁੰਦੇ ਹਨ। ਇਸੇ ਤਰ੍ਹਾਂ ਵਿਜੇਇੰਦਰ ਸਿੰਗਲਾ ਪਹਿਲਾਂ ਸੰਗਰੂਰ ਤੋਂ ਐਮ.ਪੀ. ਰਹੇ ਹਨ ਤੇ ਪਿਛਲੀਆਂ ਚੋਣਾਂ ਹਾਰ ਗਏ ਸਨ, ਹਾਲਾਂਕਿ ਪਿਛਲੀ ਵਿਧਾਨ ਸਭਾ ਚੋਣ ਹਾਰ ਚੁੱਕੀ ਰਾਜਿੰਦਰ ਕੌਰ ਭੱਠਲ ਤੇ ਕੇਵਲ ਸਿੰਘ ਢਿੱਲੋਂ ਅਤੇ ਸੰਗਰੂਰ ਤੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਪਾਰਟੀ ਵਲੋਂ ਸਿੰਗਲਾ ਨੂੰ ਪੇਸ਼ਕਸ਼ ਕੀਤੀ ਗਈ ਹੈ, ਪਰ ਉਹ ਆਪਣੀ ਜਗ੍ਹਾ ਪਤਨੀ ਲਈ ਟਿਕਟ ਮੰਗ ਰਹੇ ਹਨ।
ਪੰਜਾਬ ਦੀ ਇਕ ਪਾਸੇ ਲੋਕ ਸਭਾ ਸੀਟ ਫਤਤਿਹਗੜ੍ਹ ਸਾਹਿਬ ਵਿਚ ਪਿਛਲੀਆਂ ਚੋਣਾਂ ਲੜਨ ਵਾਲੇ ਸਾਧੂ ਸਿੰਘ ਧਰਮਸੋਤ ਹੁਣ ਕੈਬਨਿਟ ਮੰਤਰੀ ਬਣ ਚੁੱਕੇ ਹਨ, ਜਦੋਂਕਿ ਇਸ ਵਾਰ ਸੀਟ ‘ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਚੱਲ ਰਿਹਾ ਹੈ, ਪਰ ਉਨ੍ਹਾਂ ਨੇ ਆਪਣੇ ਭਰਾ ਦਾ ਨਾਂ ਅੱਗੇ ਕਰ ਦਿੱਤਾ ਹੈ, ਹਾਲਾਂਕਿ ਇਸ ਸੀਟ ‘ਤੇ ਡਾ. ਅਮਰ ਸਿੰਘ ਤੇ ਲਖਬੀਰ ਸਿੰਘ ਲੱਖਾ ਦਾ ਨਾਂ ਵੀ ਸੁਣਨ ਨੂੰ ਮਿਲ ਰਿਹਾ ਹੈ।

ਸਿੱਧੂ ਜੋੜੇ ਦੇ ਅੰਮ੍ਰਿਤਸਰ ਤੋਂ ਚੋਣਾਂ ਲੜਨ ‘ਤੇ ਔਜਲਾ ਦੀ ਖਡੂਰ ਸਾਹਿਬ ‘ਚ ਹੋ ਸਕਦੀ ਟਰਾਂਸਫਰ
ਇਸ ਲਿਸਟ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ, ਜੋ ਪਹਿਲਾਂ ਕਈ ਵਾਰ ਅੰਮ੍ਰਿਤਸਰ ਤੋਂ ਐਮ ਪੀ ਰਹਿ ਚੁੱਕੇ ਹਨ ਅਤੇ ਇਸ ਵਾਰ ਆਪਣੀ ਪਤਨੀ ਨੂੰ ਅੱਗੇ ਕਰ ਰਹੇ ਹਨ। ਅੰਮ੍ਰਿਤਸਰ ਤੋਂ ਟਿਕਟ ਮੰਗਣ ‘ਤੇ ਸਿੱਧੂ ‘ਤੇ ਦਬਾਅ ਵਧਣ ਦੇ ਮੱਦੇਨਜ਼ਰ ਹੀ ਮਿਸਿਜ਼ ਸਿੱਧੂ ਨੇ ਚੰਡੀਗੜ੍ਹ ਦਾ ਰੁਖ਼ ਕੀਤਾ ਹੈ, ਜੇਕਰ ਚੰਡੀਗੜ੍ਹ ਵਿਚ ਦੋ ਸਾਬਕਾ ਕੇਂਦਰੀ ਮੰਤਰੀਆਂ ਪਵਨ ਬਾਂਸਲ ਤੇ ਮੁਨੀਸ਼ ਤਿਵਾੜੀ ਦੀ ਖਿੱਚੋਤਾਣ ਵਿਚ ਸਿੱਧੂ ਨੂੰ ਸਫਲਤਾ ਨਾ ਮਿਲੀ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਵਾਪਸੀ ਕਰਨੀ ਪੈ ਸਕਦੀ ਹੈ। ਇਸ ਸੂਰਤ ਵਿਚ ਅੰਮ੍ਰਿਤਸਰ ਦੇ ਮੌਜੂਦਾ ਐਮ ਪੀ ਗੁਰਜੀਤ ਸਿੰਘ ਔਜਲਾ ਦੀ ਖਡੂਰ ਸਾਹਿਬ ‘ਚ ਟਰਾਂਸਫਰ ਹੋ ਸਕਦੀ ਹੈ।
ਅੰਬਿਕਾ ਸੋਨੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਦੁਬਾਰਾ ਚੋਣ ਲੜਨ ਤੋਂ ਕੀਤੀ ਤੌਬਾ, ਬੇਟੇ ਦਾ ਨਾਂ ਕੀਤਾ ਅੱਗੇ
ਸ੍ਰੀ ਅਨੰਦਪੁਰ ਸਾਹਿਬ ਤੋਂ 2009 ਦੌਰਾਨ ਰਵਨੀਤ ਬਿੱਟੂ ਨੇ ਚੋਣ ਜਿੱਤੀ ਸੀ ਪਰ 2014 ਵਿਚ ਬਿੱਟੂ ਨੂੰ ਲੁਧਿਆਣਾ ਭੇਜ ਕੇ ਇੱਥੋਂ ਅੰਬਿਕਾ ਸੋਨੀ ਨੂੰ ਟਿਕਟ ਦਿੱਤੀ ਗਈ ਸੀ, ਪਰ ਉਹ ਹਾਰ ਗਈ। ਹੁਣ ਉਨ੍ਹਾਂ ਦੁਬਾਰਾ ਉਸ ਸੀਟ ਤੋਂ ਚੋਣ ਲੜਨ ਤੋਂ ਤੌਬਾ ਕਰ ਲਈ ਹੈ ਤੇ ਆਪਣੇ ਬੇਟੇ ਦਾ ਨਾਂ ਅੱਗੇ ਕੀਤਾ ਹੈ। ਹਾਲਾਂਕਿ ਇਸ ਸੀਟ ‘ਤੇ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ, ਕੈਬਨਿਟ ਮੰਤਰੀ ਬਲਬੀਰ ਸਿੱਧੂ ਤੇ ਸਾਬਕਾ ਮੰਤਰੀ ਜਗਮੋਹਨ ਕੰਗ ਦਾ ਨਾਂ ਵੀ ਚੱਲ ਰਿਹਾ ਹੈ।
ਇਨ੍ਹਾਂ ਦੀ ਟਿਕਟ ਮੰਨੀ ਜਾ ਰਹੀ ਹੈ ਪੱਕੀ
ਪਟਿਆਲਾ : ਪਰਨੀਤ ਕੌਰ, ਗੁਰਦਾਸਪੁਰ : ਸੁਨੀਲ ਜਾਖੜ, ਲੁਧਿਆਣਾ : ਰਵਨੀਤ ਬਿੱਟੂ, ਜਲੰਧਰ : ਸੰਤੋਖ ਚੌਧਰੀ
ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਮੱਦੇਨਜ਼ਰ ਹੋਵੇਗਾ ਫੈਸਲਾ
ਕਾਂਗਰਸ ਵਲੋਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਦਿੱਗਜ਼ਾਂ ਨੂੰ ਮੈਦਾਨ ਵਿਚ ਉਤਾਰਨ ਦੀ ਜੋ ਯੋਜਨਾ ਬਣਾਈ ਗਈ ਹੈ, ਉਸ ਵਿਚ ਕੈਬਨਿਟ ਮੰਤਰੀਆਂ ਤੇ ਹੋਰ ਵੱਡੇ ਨੇਤਾਵਾਂ ਦੇ ਨਾਵਾਂ ‘ਤੇ ਫੈਸਲਾ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਮੱਦੇਨਜ਼ਰ ਕੀਤਾ ਜਾਵੇਗਾ।

RELATED ARTICLES

POPULAR POSTS