ਟੈਂਟ ਸਿਟੀ ਬਣਦਾ ਜਾ ਰਿਹਾ ਹੈ ਕੈਨੇਡਾ
ਟੋਰਾਂਟੋ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਜਿੱਥੇ ਗੈਰਕਾਨੂੰਨੀ ਪਰਵਾਸੀਆਂ ਖਿਲਾਫ ਸਖਤ ਰੁਖ ਅਪਣਾਇਆ ਹੋਇਆ ਹੈ, ਉਥੇ ਹੀ ਕੈਨੇਡਾ ਤੋਂ ਵੀ ਇਕ ਡਰਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2026 ਕੈਨੇਡਾ ਵਿਚ ਰਹਿ ਰਹੇ ਲੱਖਾਂ ਵਿਦੇਸ਼ੀ ਕਾਮਿਆਂ ਅਤੇ ਖਾਸ ਕਰਕੇ ਭਾਰਤੀਆਂ ਲਈ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ।
ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 2025 ਅਤੇ 2026 ਦੌਰਾਨ ਵੱਡੀ ਗਿਣਤੀ ‘ਚ ਵਰਕ ਪਰਮਿਟ ਖਤਮ ਹੋਣ ਕਾਰਨ ਕਰੀਬ 10 ਲੱਖ ਭਾਰਤੀਆਂ ਦੇ ਗੈਰਕਾਨੂੰਨੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਅਤੇ ਉਨ੍ਹਾਂ ਦੇ ਸਿਰ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਸਕਦੀ ਹੈ। ਲੰਘੇ ਸਾਲ 2025 ਦੇ ਅੰਤ ਤੱਕ ਕਰੀਬ 10 ਲੱਖ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਹੋਣਗੇ ਅਤੇ 2026 ਵਿਚ ਹੋਰ 9 ਲੱਖ ਪਰਮਿਟ ਖਤਮ ਹੋਣ ਦੀ ਸੰਭਾਵਨਾ ਹੈ। ਇਸ ਨੂੰ ‘ਵਰਕ-ਪਰਮਿਟ ਕਲਿਫ’ ਕਿਹਾ ਜਾ ਰਿਹਾ ਹੈ।
ਕੈਨੇਡਾ ਵਿਚ ਭਾਰਤੀ ਕਾਮਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਖਾਸ ਕਰਕੇ ਤਕਨੀਕੀ, ਸਿਹਤ ਸੇਵਾਵਾਂ ਅਤੇ ਹੋਟਲ ਇੰਡਸਟਰੀ ਵਿਚ। ਅਨੁਮਾਨ ਹੈ ਕਿ ਵਰਕ ਪਰਮਿਟ ਖਤਮ ਹੋਣ ਮਗਰੋਂ ਕਾਨੂੰਨੀ ਦਰਜਾ ਗੁਆਉਣ ਵਾਲੇ ਲੋਕਾਂ ਵਿਚੋਂ ਕਰੀਬ ਅੱਧੇ ਭਾਰਤੀ ਹੋ ਸਕਦੇ ਹਨ। ਪਰਮਾਨੈਂਟ ਰੈਜ਼ੀਡੈਂਟ (ਪੀਆਰ) ਦੇ ਰਾਹ ਸਖਤ ਹੋਣਾ, ਵੀਜ਼ਾ ਐਕਸਟੈਨਸ਼ਨ ਵਿਚ ਦੇਰੀ ਅਤੇ ਕੈਨੇਡਾ ਸਰਕਾਰ ਦੁਆਰਾ ਪਰਵਾਸੀਆਂ ਦੀ ਗਿਣਤੀ ਨੂੰ ਕਾਬੂ ਕਰਨ ਦੀਆਂ ਨਵੀਆਂ ਨੀਤੀਆਂ ਇਸ ਸੰਕਟ ਦੇ ਮੁੱਖ ਕਾਰਨ ਹਨ। ਸਥਿਤੀ ਇੰਨੀ ਗੰਭੀਰ ਹੋ ਰਹੀ ਹੈ ਕਿ ਗਰੇਟਰ ਟੋਰਾਂਟੋ ਏਰੀਆ, ਬਰੈਂਪਟਨ ਅਤੇ ਮਿਸੀਸਾਗਾ ਵਰਗੇ ਇਲਾਕਿਆਂ ਵਿਚ ਲੋਕਾਂ ਨੂੰ ਵਾਧੂ ਕਿਰਾਏ ਅਤੇ ਰੁਜ਼ਗਾਰ ਦੀ ਘਾਟ ਕਾਰਨ ਟੈਂਟਾਂ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ, ਟਰੱਕ ਡਰਾਈਵਰਾਂ, ਫੈਕਟਰੀ ਵਰਕਰਾਂ ਅਤੇ ਡਿਲੀਵਰੀ ਸੈਕਟਰ ਵਿਚ ਕੰਮ ਕਰਨ ਵਾਲਿਆਂ ‘ਤੇ ਪੈ ਰਿਹਾ ਹੈ। ਜੇਕਰ ਸਰਕਾਰ ਵਲੋਂ ਕੋਈ ਠੋਸ ਨੀਤੀ ਜਾਂ ਰਾਹਤ ਨਾ ਦਿੱਤੀ ਗਈ ਤਾਂ 2026 ਦੇ ਮੱਧ ਤੱਕ ਕੈਨੇਡਾ ਵਿਚ ਬਿਨਾ ਕਾਨੂੰਨੀ ਦਸਤਾਵੇਜ਼ਾਂ ਦੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਸਕਦਾ ਹੈ।
10 ਲੱਖ ਭਾਰਤੀ ਹੋਣਗੇ ਡਿਪੋਰਟ!
RELATED ARTICLES

