7.2 C
Toronto
Saturday, May 23, 2026
spot_img
Homeਹਫ਼ਤਾਵਾਰੀ ਫੇਰੀਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਬਹੁਮਤ ਦੇ ਹੋਰ ਨੇੜੇ ਪਹੁੰਚੀ

ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਬਹੁਮਤ ਦੇ ਹੋਰ ਨੇੜੇ ਪਹੁੰਚੀ

ਜ਼ਿਮਨੀ ਚੋਣਾਂ ‘ਚ ਲਿਬਰਲ ਪਾਰਟੀ ਨੂੰ ਮਿਲ ਸਕਦਾ ਹੈ ਬਹੁਮਤ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਸਰਕਾਰ ਵਿਚ ਇਕ ਹੋਰ ਮੁੱਖ ਵਿਰੋਧੀ ਪਾਰਟੀ ਦਾ ਸੰਸਦ ਮੈਂਬਰ ਸ਼ਾਮਲ ਹੋ ਗਿਆ ਹੈ। ਕੰਸਰਵੇਟਿਵ ਪਾਰਟੀ ਦੇ ਇੱਕ ਹੋਰ ਮੈਂਬਰ ਪਾਰਲੀਮੈਂਟ ਮੈਂਬਰ ਵਲੋਂ ਪਾਰਟੀ ਬਦਲਣ ਦਾ ਐਲਾਨ ਕਰਨ ਦੇ ਨਾਲ 343 ਮੈਂਬਰੀ ਹਾਊਸ ਆਫ ਕਾਮਨ ਵਿਚ ਲਿਬਰਲ ਪਾਰਟੀ ਮੈਂਬਰਾਂ ਦੀ ਗਿਣਤੀ 169 ਹੋ ਗਈ ਹੈ। ਬੇਸ਼ੱਕ ਮਾਰਕ ਕਾਰਨੀ ਸਰਕਾਰ ਨੂੰ ਸਪਸ਼ਟ ਬਹੁਮੱਤ ਲਈ 172 ਮੈਂਬਰਾਂ ਦੀ ਜ਼ਰੂਰਤ ਹੈ ਪਰ ਲਿਬਰਲਾਂ ਵਲੋਂ ਅਪਰੈਲ ਮਹੀਨੇ ਜਿੱਤੀਆਂ ਤਿੰਨ ਸੀਟਾਂ ਖਾਲੀ ਹੋਣ ਅਤੇ ਉੱਥੇ ਜ਼ਿਮਨੀ ਚੋਣਾਂ ‘ਚ ਲਿਬਰਲਾਂ ਦੇ ਜਿੱਤਣ ਦੀਆਂ ਕਿਆਸਰਾਈਆਂ ਜੇ ਸੱਚ ਹੋਈਆਂ ਤਾਂ ਅਗਲੇ ਮਹੀਨੇ ਲਿਬਰਲ ਸਰਕਾਰ ਸਪਸ਼ਟ ਬਹੁਮੱਤ ਹਾਸਲ ਕਰ ਸਕਦੀ ਹੈ। ਵਿਸ਼ੇਸ਼ ਗੱਲ ਇਹ ਵੀ ਹੈ ਕਿ ਟੋਰੀਆਂ ਵਾਲੀ ਟੋਪੀ ਲਾਹ ਕੇ ਲਿਬਰਲਾਂ ਵੱਲ ਆਏ ਤਿੰਨਾਂ ‘ਚੋਂ 2 ਸੰਸਦ ਮੈਂਬਰ ਅਲਬਰਟਾ ਸੂਬੇ ਵਿਚੋਂ ਹਨ। ਟੋਰੀਆਂ ਨੇ ਕਈ ਸਾਲਾਂ ਤੋਂ ਅਲਬਰਟਾ ਵਿੱਚ ਲਿਬਰਲਾਂ ਦੇ ਪੈਰ ਨਹੀਂ ਲੱਗਣ ਦਿੱਤੇ, ਪਰ ਇਸ ਟੁੱਟ ਭੱਜ ਨੇ ਲਿਬਰਲ ਆਗੂਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ।
ਕੰਸਰਵੇਟਿਵ ਐਮ.ਪੀ. ਮੈਟ ਜੈਨਰੌਕਸ ਦੇ ਪਾਰਟੀ ਬਦਲਣ ਦੇ ਐਲਾਨ ਨੇ ਸਿਆਸੀ ਹਲਕਿਆਂ ਵਿੱਚ ਬਹੁਤੀ ਹਿੱਲਜੁਲ ਨਹੀਂ ਕੀਤੀ। ਉਨ੍ਹਾਂ ਕਿਹਾ, ‘ਕੈਨੇਡਾ ਨੂੰ ਦਰਪੇਸ਼ ਸਮੱਸਿਆਵਾਂ ਨਾਲ ਸਿੱਝ ਕੇ ਦੇਸ਼ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਮੈਂ ਮਾਰਕ ਕਾਰਨੀ ਸਰਕਾਰ ਨਾਲ ਸਹਿਯੋਗ ਕਰਾਂਗਾ।’ ਕੰਸਰਵੇਟਿਵ ਆਗੂ ਪੀਅਰੇ ਪੋਲੀਵਰ ਨੇ ਉਸਦੀ ਦਲਬਦਲੀ ‘ਤੇ ਕੋਈ ਪ੍ਰਤੀਕ੍ਰਿਆ ਨਹੀਂ ਕੀਤੀ। ਇਸ ਤੋਂ ਪਹਿਲਾਂ ਕਰਿਸ ਐਟਰਮੌਂਟ ਨੇ ਨਵੰਬਰ ਵਿੱਚ ਅਤੇ ਮਾਈਕਲ ਮਾ ਨੇ ਦਸੰਬਰ ਵਿੱਚ ਪਾਸਾ ਬਦਲਿਆ ਸੀ। ਤਿੰਨਾਂ ਦੇ ਆਉਣ ਤੋਂ ਬਾਅਦ ਵੀ ਹਾਊਸ ਵਿਚ ਲਿਬਰਲ ਪਾਰਟੀ ਮੈਬਰਾਂ ਦੀ ਗਿਣਤੀ ਉਹੀ 169 ਹੀ ਹੈ, ਜੋ 29 ਅਪਰੈਲ ਨੂੰ ਨਿਕਲੇ ਚੋਣ ਨਤੀਜਿਆਂ ਮੌਕੇ ਸੀ। ਲਿਬਰਲ ਪਾਰਟੀ ਦੇ ਦੋ ਐਮ.ਪੀ. ਬਿਲ ਬਲੇਅਰ ਅਤੇ ਕ੍ਰਿਸਟੀਆ ਫਰੀਲੈਂਡ ਨੂੰ ਵਿਦੇਸ਼ੀ ਨਿਯੁਕਤੀਆਂ ਕਾਰਨ ਮੈਂਬਰੀ ਤੋਂ ਅਸਤੀਫੇ ਦੇਣੇ ਪਏ ਤੇ ਕਿਊਬਕ ਤੋਂ ਇੱਕ ਵੋਟ ਦੇ ਫਰਕ ਨਾਲ ਜਿੱਤਣ ਵਾਲੇ ਲਿਬਰਲ ਉਮੀਦਵਾਰ ਦੀ ਚੋਣ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਸੀ। ਇੰਜ ਅਗਲੇ ਮਹੀਨੇ ਇਨ੍ਹਾਂ ਤਿੰਨਾਂ ਸੀਟਾਂ ‘ਤੇ ਹੋਣ ਵਾਲੀ ਉਪ ਚੋਣ ਵਿੱਚ ਤਿੰਨੇ ਸੀਟਾਂ ਲਿਬਰਲਾਂ ਦੀ ਝੋਲੀ ਪੈਣ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ। ਜੇਕਰ ਇੰਜ ਹੋ ਗਿਆ ਤਾਂ ਮਾਰਕ ਕਾਰਨੀ ਸਰਕਾਰ ਸਪਸ਼ਟ ਬਹੁਮੱਤ ਵਿੱਚ ਹੋ ਜਾਵੇਗੀ।
ਕੰਸਰਵੇਟਿਵ ਪਾਰਟੀ ਕੋਲ ਇਸ ਵੇਲੇ 141 ਸੀਟਾਂ ਹਨ, ਕਿਊਬਕ ਵਾਲਿਆਂ ਕੋਲ 22, ਐਨਡੀਪੀ ਕੋਲ 7 ਤੇ ਇੱਕ ਸੀਟ ਗਰੀਨ ਪਾਰਟੀ ਕੋਲ ਹੈ। ਕੈਨੇਡਿਆਈ ਸਿਆਸਤ ਨੂੰ ਨੇੜਿਓਂ ਤੱਕਣ ਵਾਲੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਮਾਰਕ ਕਾਰਨੀ ਵਲੋਂ ਅਮਰੀਕਨ ਟੈਰਿਫ ਵਿਰੁੱਧ ਚਲਾਈ ਆਲਮੀ ਮੁਹਿੰਮ ਵਿੱਚ ਉਹ ਸਫਲ ਰਹਿੰਦੇ ਹਨ ਤਾਂ ਹਾਊਸ ਵਿੱਚ ਲਿਬਰਲਾਂ ਦੇ ਹੱਥ ਹੋਰ ਮਜ਼ਬੂਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

RELATED ARTICLES
POPULAR POSTS