ਕਿਸ਼ਤਾਂ ਨਾ ਭਰਨ ਦੇ ਮਾਮਲਿਆਂ ‘ਚ 31 ਫੀਸਦੀ ਵਾਧਾ
ਓਟਵਾ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਵਿੱਚ ਮਕਾਨ ਮਾਲਕਾਂ ਲਈ ਘਰ ਦੀਆਂ ਕਿਸ਼ਤਾਂ ਭਰਨੀਆਂ ਦਿਨੋ-ਦਿਨ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ। ਵਿਆਜ ਦਰਾਂ ਵਿੱਚ ਵਾਧੇ ਅਤੇ ਕਰਜ਼ਿਆਂ ਦੀ ਵਧਦੀ ਲਾਗਤ ਕਾਰਨ ਲੋਕਾਂ ਉੱਤੇ ਵਿੱਤੀ ਦਬਾਅ ਲਗਾਤਾਰ ਵਧ ਰਿਹਾ ਹੈ। ਇਸ ਗੱਲ ਦਾ ਖੁਲਾਸਾ ਇਕੁਇਫੈਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਮੁਤਾਬਕ ਮੌਰਗੇਜ ਦੀਆਂ ਲਗਾਤਾਰ ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਨਾ ਭਰਨ ਵਾਲੇ ਮਕਾਨ ਮਾਲਕਾਂ ਦੀ ਗਿਣਤੀ ਚਿੰਤਾਜਨਕ ਪੱਧਰ ‘ਤੇ ਪਹੁੰਚ ਗਈ ਹੈ। ਇਕੁਇਫੈਕਸ ਕੈਨੇਡਾ ਦੀ ਤੀਜੀ ਤਿਮਾਹੀ ਦੀ ਕਰਜ਼ਾ ਰੁਝਾਨਾਂ ਬਾਰੇ ਰਿਪੋਰਟ ਅਨੁਸਾਰ, ਮੌਰਗੇਜ ਦੀਆਂ ਲਗਾਤਾਰ ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਬਕਾਇਆ ਰਹਿਣ ਦੀ ਦਰ ਵਧ ਕੇ 0.32 ਫ਼ੀਸਦੀ ਹੋ ਗਈ ਹੈ। ਇਹ 2013 ਵਿੱਚ ਅੰਕੜਿਆਂ ਦੀ ਨਿਗਰਾਨੀ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 31.1 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਪਿੱਛੇ ਮੁੱਖ ਤੌਰ ‘ਤੇ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਹਮਣੇ ਆ ਰਹੇ ਮਾਮਲੇ ਹਨ।
ਇਕੁਇਫੈਕਸ ਕੈਨੇਡਾ ਦੀ ਉੱਨਤ ਵਿਸ਼ਲੇਸ਼ਣ ਵਿਭਾਗ ਦੀ ਉਪ ਪ੍ਰਧਾਨ ਰਬੈਕਾ ਓਕਸ ਨੇ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ, ਖ਼ਾਸ ਕਰਕੇ ਉਨਟਾਰੀਓ ਵਿੱਚ। ਉਨ÷ ੍ਹਾਂ ਮੁਤਾਬਕ ਇਹ ਦਰ ਅਜੇ ਵੀ ਵਧ ਰਹੀ ਹੈ, ਜੋ ਚਿੰਤਾ ਦਾ ਵੱਡਾ ਕਾਰਨ ਹੈ। ਇਕੁਇਫੈਕਸ ਦੇ ਅੰਕੜਿਆਂ ਦੀ ਪੁਸ਼ਟੀ ਟੀਡੀ ਬੈਂਕ ਦੀ ਤਾਜ਼ਾ ਰਿਪੋਰਟ ਵੀ ਕਰਦੀ ਹੈ। ਇਸ ਰਿਪੋਰਟ ਅਨੁਸਾਰ ਉਨਟਾਰੀਓ ਵਿੱਚ ਮੌਰਗੇਜ ਦੀਆਂ ਕਿਸ਼ਤਾਂ ਬਕਾਇਆ ਰਹਿਣ ਦੇ ਮਾਮਲੇ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਹੋ ਗਏ ਹਨ। ਇਹ ਅੰਕੜੇ 2008 ਦੇ ਵਿਸ਼ਵ ਵਿੱਤੀ ਸੰਕਟ ਦੌਰਾਨ ਦਰਜ ਕੀਤੇ ਗਏ ਉੱਚੇ ਪੱਧਰ ਦੇ ਵੀ ਨੇੜੇ ਪਹੁੰਚ ਰਹੇ ਹਨ। ਮਕਾਨ ਮਾਲਕਾਂ ਦੀਆਂ ਮੁਸ਼ਕਲਾਂ ਅਜਿਹੇ ਸਮੇਂ ਵਧੀਆਂ ਹਨ, ਜਦੋਂ ਬੈਂਕ ਆਫ਼ ਕੈਨੇਡਾ ਨੇ ਪਿਛਲੇ ਮਹੀਨੇ ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਆਪਣੀ ਮੁੱਖ ਵਿਆਜ ਦਰ ਵਿੱਚ 0.25 ਫ਼ੀਸਦੀ ਅੰਕਾਂ ਦਾ ਵਾਧਾ ਕਰਕੇ ਇਸ ਨੂੰ 2.5 ਫ਼ੀਸਦੀ ਕਰ ਦਿੱਤਾ ਸੀ। ਊਰਜਾ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਹੋਰ ਖੇਤਰਾਂ ਵਿੱਚ ਫੈਲਣ ਦੇ ਖ਼ਦਸ਼ੇ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਸੀ। ਇਸ ਤੋਂ ਬਾਅਦ ਦੇਸ਼ ਦੇ ਵੱਡੇ ਬੈਂਕਾਂ ਨੇ ਵੀ ਆਪਣੀਆਂ ਮੁੱਖ ਵਿਆਜ ਦਰਾਂ ਵਧਾ ਦਿੱਤੀਆਂ।
ਇਨ÷ ੍ਹਾਂ ਵਾਧਿਆਂ ਦਾ ਸਭ ਤੋਂ ਵੱਧ ਅਸਰ ਬਦਲਵੀਆਂ ਵਿਆਜ ਦਰਾਂ ਵਾਲੇ ਮੌਰਗੇਜ ਲੈਣ ਵਾਲਿਆਂ ਉੱਤੇ ਪੈ ਰਿਹਾ ਹੈ। ਇਕੁਇਫੈਕਸ ਅਨੁਸਾਰ ਕੈਨੇਡਾ ਦੇ ਲਗਭਗ 91 ਲੱਖ ਮਕਾਨ ਮਾਲਕਾਂ ਵਿੱਚੋਂ 14 ਲੱਖ ਲੋਕਾਂ ਕੋਲ ਬਦਲਵੀਂ ਵਿਆਜ ਦਰ ਵਾਲੇ ਮੌਰਗੇਜ ਹਨ। ਇਸ ਤੋਂ ਇਲਾਵਾ 13 ਲੱਖ ਲੋਕਾਂ ਨੇ ਆਪਣੇ ਘਰ ਦੀ ਇਕੁਇਟੀ ਦੇ ਆਧਾਰ ‘ਤੇ 50 ਹਜ਼ਾਰ ਡਾਲਰ ਤੋਂ ਵੱਧ ਦੀ ਕਰਜ਼ਾ ਸਹੂਲਤ ਵੀ ਲਈ ਹੋਈ ਹੈ। ਕੰਪਨੀ ਦੇ ਅੰਦਾਜ਼ੇ ਮੁਤਾਬਕ ਵਿਆਜ ਦਰ ਵਿੱਚ ਹਰ 0.25 ਫ਼ੀਸਦੀ ਅੰਕਾਂ ਦੇ ਵਾਧੇ ਨਾਲ ਬਦਲਵੀਂ ਵਿਆਜ ਦਰ ਵਾਲੇ ਮੌਰਗੇਜ ਧਾਰਕਾਂ ਉੱਤੇ ਸਾਲਾਨਾ ਲਗਭਗ 86 ਕਰੋੜ ਡਾਲਰ ਦਾ ਵਾਧੂ ਵਿਆਜ ਪੈਂਦਾ ਹੈ। ਦੂਜੇ ਪਾਸੇ, ਮੌਰਗੇਜ ਤੋਂ ਇਲਾਵਾ ਹੋਰ ਕਰਜ਼ਿਆਂ ਦਾ ਬੋਝ ਵੀ ਵਧ ਰਿਹਾ ਹੈ। ਇਕੁਇਫੈਕਸ ਦੇ ਅੰਕੜਿਆਂ ਅਨੁਸਾਰ ਤੀਜੀ ਤਿਮਾਹੀ ਵਿੱਚ ਕ੍ਰੈਡਿਟ ਕਾਰਡਾਂ ਦਾ ਕੁੱਲ ਬਕਾਇਆ ਕਰਜ਼ਾ 136.2 ਬਿਲੀਅਨ ਡਾਲਰ ਹੋ ਗਿਆ, ਜੋ ਪਿਛਲੇ ਸਾਲ ਨਾਲੋਂ 4.82 ਫ਼ੀਸਦੀ ਵੱਧ ਹੈ। ਇਸੇ ਤਰ÷ ਾਂ ਕੈਨੇਡੀਅਨਾਂ ਦਾ ਕੁੱਲ ਨਿੱਜੀ ਕਰਜ਼ਾ ਵਧ ਕੇ 2.74 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜੋ ਸਾਲਾਨਾ ਆਧਾਰ ‘ਤੇ 4.68 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ। ਮਾਹਿਰਾਂ ਅਨੁਸਾਰ ਭਾਵੇਂ ਮੌਰਗੇਜ ਦੀਆਂ ਕਿਸ਼ਤਾਂ ਨਾ ਭਰਨ ਵਾਲਿਆਂ ਦੀ ਦਰ ਅਜੇ ਵੀ ਇੱਕ ਫ਼ੀਸਦੀ ਤੋਂ ਘੱਟ ਹੈ, ਪਰ ਵਧਦਾ ਕਰਜ਼ਾ ਅਤੇ ਮਹਿੰਗੀ ਹੁੰਦੀ ਉਧਾਰ ਰਕਮ ਕੈਨੇਡੀਅਨ ਪਰਿਵਾਰਾਂ ਦੀ ਵਿੱਤੀ ਸਥਿਤੀ ਲਈ ਚਿੰਤਾ ਦਾ ਵਿਸ਼ਾ ਬਣ ਰਹੇ ਹਨ।
ਕੈਨੇਡਾ ਵਿੱਚ ਮਕਾਨ ਮਾਲਕਾਂ ਲਈ ਘਰ ਦੀਆਂ ਕਿਸ਼ਤਾਂ ਭਰਨੀਆਂ ਹੋਈਆਂ ਮੁਸ਼ਕਲ
RELATED ARTICLES

