Breaking News
Home / ਹਫ਼ਤਾਵਾਰੀ ਫੇਰੀ / ਚੰਡੀਗੜ੍ਹ ਵਿਚ ਵੀਜ਼ਾ ਲਗਾਉਣ ਦੀ ਦਰ 80% ਤੱਕ ਕਰਨਾ ਚਾਹੁੰਦੇ ਹਾਂ : ਇਮੀਗ੍ਰੇਸ਼ਨ ਮੰਤਰੀ

ਚੰਡੀਗੜ੍ਹ ਵਿਚ ਵੀਜ਼ਾ ਲਗਾਉਣ ਦੀ ਦਰ 80% ਤੱਕ ਕਰਨਾ ਚਾਹੁੰਦੇ ਹਾਂ : ਇਮੀਗ੍ਰੇਸ਼ਨ ਮੰਤਰੀ

ਇਮੀਗ੍ਰੇਸ਼ਨ ਮੰਤਰੀ ਦਾ ਵਾਅਦਾ
 ਹੋਰ ਸਟਾਫ਼ ਭਰਤੀ ਕਰਕੇ ਵੀਜ਼ਾ ਐਪਲੀਕੇਸ਼ਨਾਂ ਦਾ ਛੇਤੀ ਕਰਿਆ ਕਰਾਂਗੇ ਨਿਪਟਾਰਾ।
 ਬਿਲ ਸੀ-6 ਛੇਤੀ ਹੀ ਲਵੇਗਾ ਕਾਨੂੰਨ ਦਾ ਰੂਪ, ਫਿਰ ਸਿਟੀਜਨਸ਼ਿਪ ਮਿਲਣਾ ਜਲਦ ਸ਼ੁਰੂ ਹੋ ਜਾਵੇਗਾ।
 ਨਵੇਂ ਆਏ ਇਮੀਗ੍ਰਾਂਟਾ ਨੂੰ ਸੈਟਲ ਕਰਨ ਲਈ 76 ਮਿਲੀਅਨ ਡਾਲਰ ਹੋਰ ਖਰਚ ਕਰਾਂਗੇ।
ਬਰੈਂਪਟਨ/ਪਰਵਾਸੀ ਬਿਊਰੋ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਮੰਨਿਆ ਹੈ ਕਿ ਅਜੇ ਵੀ ਚੰਡੀਗੜ੍ਹ ਵਿੱਚ ਵਿਜ਼ਟਰ ਵੀਜ਼ਾ ਲੱਗਣ ਦੀ ਦਰ ਕਾਫੀ ਘੱਟ ਹੈ ਅਤੇ ਇਸ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।
ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨਾਲ ਲੰਘੇ ਹਫਤੇ ਬਰੈਂਪਟਨ ਵਿੱਚ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ,”ਕਿਸੇ ਵੇਲੇ ਚੰਡੀਗੜ੍ਹ ਕੈਨੇਡੀਅਨ ਕੌਂਸਲੇਟ ਦਫਤਰ ਵਿੱਚ ਵੀਜ਼ਾ ਦਰ ਸਿਰਫ਼ 43% ਸੀ, ਜੋ ਹੁਣ ਵਧ ਕੇ 60% ਦੇ ਕਰੀਬ ਹੋ ਚੁੱਕੀ ਹੈ। ਪਰੰਤੂ ਇਹ ਅਜੇ ਵੀ ਬਾਕੀ ਦਫਤਰਾਂ ਨਾਲੋਂ ਕਾਫੀ ਘੱਟ ਹੈ ਅਤੇ ਅਸੀਂ ਇਸ ਨੂੰ ਜਲਦੀ ਹੀ 80% ਤੱਕ ਲੈ ਕੇ ਜਾਣਾ ਚਾਹੁੰਦੇ ਹਾਂ।”
ਵਰਨਣਯੋਗ ਹੈ ਕਿ ਕੈਨੇਡਾ ਵਿੱਚ ਵੱਸਦੇ ਪੰਜਾਬੀ ਲੋਕਾਂ ਦਾ ਦੋਸ਼ ਹੈ ਕਿ ਚੰਡੀਗੜ੍ਹ ਸਥਿਤ ਕੈਨੇਡੀਅਨ ਕੌਂਸਲੇਟ ਦਫਤਰ ਵਿੱਚ ਉਨ੍ਹਾਂ ਵੱਲੋਂ ਸਪਾਂਸਰ ਕੀਤੇ ਰਿਸ਼ਤੇਦਾਰਾਂ, ਦੋਸਤਾਂ ਜਾਂ ਯੋਗ ਲੋਕਾਂ ਦੇ ਵੀਜ਼ੇ ਵੱਡੀ ਗਿਣਤੀ ਵਿੱਚ ਰਿਜੈਕਟ ਹੋ ਜਾਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਵਿਆਹ-ਸ਼ਾਦੀਆਂ, ਮੌਤ ਜਾਂ ਅਜਿਹੇ ਕਿਸੇ ਵੀ ਜ਼ਰੂਰੀ ਕਾਰਨ ਲਈ ਕੈਨੇਡਾ ਆਉਣਾ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਲੋਕ ਭਾਰਤ ਵਿੱਚ ਵਧੀਆ ਗੁਜ਼ਰ-ਬਸਰ ਕਰ ਰਹੇ ਹੁੰਦੇ ਹਨ ਅਤੇ ਕੈਨੇਡਾ ਆਉਣ ਦਾ ਉਨ੍ਹਾਂ ਦਾ ਮੰਤਵ ਸਿਰਫ਼ ਅਜਿਹੇ ਜ਼ਰੂਰੀ ਸਮਾਗਮਾਂ ਵਿੱਚ ਸ਼ਾਮਲ ਹੋਣਾ ਜਾਂ ਪਰਿਵਾਰਕ ਜੀਆਂ ਜਾਂ ਰਿਸ਼ਤੇਦਾਰਾਂ ਨਾਲ ਮਿਲਣਾ ਹੁੰਦਾ ਹੈ।
ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕੈਨੇਡਾ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ ਹੋਰ ਵੀ ਫੰਡ ਮੁਹੱਈਆ ਕਰਵਾਏ ਹਨ, ਜਿਸ ਨਾਲ ਉਹ ਹੋਰ ਵੀ ਸਟਾਫ ਭਰਤੀ ਕਰਕੇ ਵੀਜ਼ਾ ਅਰਜ਼ੀਆਂ ਨੂੰ ਛੇਤੀ ਨਿਪਟਾਉਣ ਦੀ ਹਦਾਇਤ ਦੇਣਗੇ। ਸਾਬਕਾ ਇਮੀਗ੍ਰੇਸ਼ਨ ਮੰਤਰੀ ਜਾਨ ਮਕੱਲਮ ਵੱਲੋਂ ਲਿਆਂਦੀਆਂ ਮਹੱਤਵਪੂਰਨ ਤਬਦੀਲੀਆਂ ਦੇ ਸਟੇਟਸ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਦੱਸਿਆ ਕਿ ਬਿੱਲ ਸੀ-6 ਹੁਣ ਸੀਨੇਟ ਵੱਲੋਂ ਪਾਸ ਕੀਤਾ ਜਾਣਾ ਹੈ, ਜਿਸ ਤੋਂ ਬਾਅਦ ਇਹ ਗਵਰਨਰ ਜਨਰਲ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ”ਅਸੀਂ ਉਮੀਦ ਕਰਦੇ ਹਾਂ ਕਿ ਇਹ ਜਲਦੀ ਹੀ ਕਾਨੂੰਨ ਦਾ ਰੂਪ ਲੈ ਲਵੇਗਾ। ਜਿਸ ਨਾਲ ਲੋਕਾਂ ਨੂੰ ਸਿਟੀਜ਼ਨਸ਼ਿਪ ਜਲਦੀ ਮਿਲਣੀ ਸ਼ੁਰੂ ਹੋ ਜਾਵੇਗੀ।”
”ਅਸੀਂ ਵਾਅਦਾ ਕੀਤਾ ਸੀ ਕਿ ਹਰ ਇਕ ਵਿਅਕਤੀ ਆਪਣੇ ਜੀਵਨ ਸਾਥੀ ਨੂੰ ਇਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇੱਥੇ ਮੰਗਵਾ ਸਕੇਗਾ। ਪਹਿਲਾਂ ਇਹ ਸਮਾਂ ਦੋ ਸਾਲ ਤੋਂ ਵੀ ਵੱਧ ਲੱਗ ਰਿਹਾ ਸੀ। ਅਸੀਂ ਇਸ ਖੇਤਰ ਵਿੱਚ ਬਹੁਤ ਕੰਮ ਕਰ ਰਹੇ ਹਾਂ।”
”ਇਸੇ ਤਰ੍ਹਾਂ ਪੀਆਰ ਕਾਰਡ ਲੈਣ ਅਤੇ ਰਿਨਿਊ ਕਰਵਾਉਣ ਲਈ ਪਹਿਲਾਂ ਮਹੀਨੇ ਲਗਦੇ ਸਨ, ਹੁਣ ਦਿਨਾਂ ਵਿੱਚ ਇਹ ਕੰਮ ਹੋਣ ਲੱਗ ਪਏ ਹਨ।”
ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ਼ 40,000 ਤੋਂ ਵੀ ਵੱਧ ਸੀਰੀਅਨ ਰਿਫਿਊਜੀ ਸੈਟਲ ਕੀਤੇ ਹਨ। ਪਰੰਤੂ ਹੋਰਨਾਂ ਮੁਲਕਾਂ ਤੋਂ ਆਏ ਰਿਫਿਊਜੀ ਵੀ ਇੱਥੇ ਸਵੀਕਾਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਨਵੇਂ ਆਏ ਇਮੀਗ੍ਰਾਂਟਾਂ ਨੂੰ ਸੈਟਲ ਕਰਨ ਲਈ 76 ਮਿਲੀਅਨ ਡਾਲਰ ਹੋਰ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਹਰ ਤਰ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਛੇਤੀ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਅਮਰੀਕਾ ਤੋਂ ਗੈਰ-ਕਾਨੂੰਨੀ ਢੰਗ ਨਾਲ ਆ ਰਹੇ ਰਿਫਿਊਜੀਆਂ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕੈਨੇਡਾ ਦੀ ਇਹ ਜ਼ਿੰਮੇਵਾਰੀ ਹੈ ਕਿ ਅਜਿਹੇ ਲੋਕਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਧਿਆਨ ਵਿੱਚ ਰੱਖ ਕੇ ਪਨਾਹ ਦਿੱਤੀ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਅਸੀਂ ਯੋਗ ਲੋਕਾਂ ਨੂੰ ਹੀ ਇੱਥੇ ਰੱਖਾਂਗੇ।
ਬਾਹਰਲੇ ਮੁਲਕਾਂ ਤੋਂ ਆਏ ਸਕਿਲਡ ਇਮੀਗ੍ਰਾਂਟਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਨੌਕਰੀਆਂ ਪ੍ਰਦਾਨ ਕਰਵਾਏ ਜਾਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਇਸ ਵਿੱਚ ਸਰਕਾਰ ਦੀ ਅਸਮਰਥਤਾ ਇਹ ਹੈ ਕਿ ਅਸਲ ਵਿੱਚ ਵੱਖ-ਵੱਖ ਪ੍ਰੋਫੈਸ਼ਨਾਂ ਲਈ ਸਪੈਸ਼ਲ ਬਾਡੀਜ਼ ਬਣੀਆਂ ਹਨ, ਜੋ ਆਜ਼ਾਦ ਹਨ ਅਤੇ ਸਰਕਾਰ ਦੇ ਸਿੱਧੇ ਤੌਰ ਤੇ ਅਧੀਨ ਨਹੀਂ ਹਨ। ਪਰੰਤੂ ਨਵੇਂ ਇਮੀਗ੍ਰਾਂਟਾਂ ਨੂੰ ਅਸੀਂ ਇੱਥੇ ਆਉਣ ਤੋਂ ਪਹਿਲਾਂ ਹੀ ਇੱਥੋਂ ਦੇ ਬੈਂਕਿੰਗ ਸਿਸਟਮ, ਉਨ੍ਹਾਂ ਦੀ ਪੜਾਈ/ਯੋਗਤਾ ਨੂੰ ਸਵੀਕਾਰ ਕਰਨ ਵਰਗੇ ਸਾਰੇ ਕੰਮਾਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਵਿਜ਼ਟਰ ਵੀਜ਼ਾ ਲਈ ਅਰਜ਼ੀਆਂ 14 ਦਿਨਾਂ ਵਿੱਚ ਹੀ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਭਾਰਤ ਦਾ ਦੌਰਾ ਕਰਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੰਤਰੀ ਮਕਲੱਮ ਆਪਣੇ ਦੌਰੇ ਦੌਰਾਨ ਜਿਹੜੇ ਕੰਮ ਆਰੰਭ ਕਰਕੇ ਆਏ ਸਨ, ਉਨ੍ਹਾਂ ਨੂੰ ਹੁਣ ਉਹ ਅੱਗੇ ਵਧਾਉਣਗੇ।

ਕਿਸੇ ਵੇਲੇ ਚੰਡੀਗੜ੍ਹ ਕੈਨੇਡੀਅਨ ਕੌਂਸਲੇਟ ਦਫਤਰ ਵਿੱਚ ਵੀਜ਼ਾ ਦਰ ਸਿਰਫ਼ 43% ਸੀ, ਜੋ ਹੁਣ 60% ਦੇ ਕਰੀਬ ਹੈ। ਅਸੀਂ ਇਸ ਨੂੰ 80% ਤੱਕ ਲੈ ਕੇ ਜਾਣਾ ਚਾਹੁੰਦੇ ਹਾਂ।
– ਅਹਿਮਦ ਹੁਸੈਨ(ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ)

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …