Breaking News
Home / ਹਫ਼ਤਾਵਾਰੀ ਫੇਰੀ / ਆਸਟਰੇਲੀਆ ਵਿਚ ਕੌਮਾਂਤਰੀ ਵਿਦਿਆਰਥੀ ਵੀਜ਼ੇ ਦੀ ਫੀਸ ‘ਚ ਵਾਧਾ

ਆਸਟਰੇਲੀਆ ਵਿਚ ਕੌਮਾਂਤਰੀ ਵਿਦਿਆਰਥੀ ਵੀਜ਼ੇ ਦੀ ਫੀਸ ‘ਚ ਵਾਧਾ

ਸਰਕਾਰ ਨੇ ਵਿਦਿਆਰਥੀ ਵੀਜ਼ੇ ਲਈ ਫੀਸ 710 ਤੋਂ 1600 ਡਾਲਰ ਤੱਕ ਵਧਾਈ
ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਸਰਕਾਰ ਨੇ ਪਹਿਲੀ ਜੁਲਾਈ ਤੋਂ ਕੌਮਾਂਤਰੀ ਵਿਦਿਆਰਥੀ ਵੀਜ਼ੇ ਦੀ ਫੀਸ ‘ਚ ਦੋ ਗੁਣਾ ਤੋਂ ਵੱਧ ਦਾ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਆਰਜ਼ੀ ਵੀਜ਼ੇ ‘ਤੇ ਕੰਮ ਕਰਦੇ ਪਰਵਾਸੀ ਕਾਮੇ, ਜਿਨ੍ਹਾਂ ‘ਚ ਵਧੇਰੇ ਭਾਰਤ ਤੇ ਇਸ ਦੇ ਗੁਆਂਢੀ ਮੁਲਕ ਦਾ ਪਿਛੋਕੜ ਰੱਖਦੇ ਸ਼ਾਮਲ ਹਨ, ਨੂੰ ਰਾਹਤ ਮਿਲੀ ਹੈ। ਉਨ੍ਹਾਂ ਦੀਆਂ ਤਨਖਾਹਾਂ ‘ਚ ਵਾਧਾ ਨਾ ਕਰਨ, ਘੱਟ ਤਨਖਾਹ ਦੇਣ, ਰਕਮ ਕਾਰੋਬਾਰੀ ਵੱਲੋਂ ਦੱਬ ਲੈਣ ਆਦਿ ਦਾ ਸ਼ੋਸ਼ਣ ਸਖ਼ਤੀ ਨਾਲ ਰੋਕਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੌਰਾਨ ਆਰਜ਼ੀ ਵੀਜ਼ੇ ਵਾਲੇ ਪਰਵਾਸੀਆਂ ਦੀ ਤਨਖਾਹ ‘ਚ ਵੀ ਵਾਧਾ ਕੀਤਾ ਗਿਆ ਹੈ।
ਸਰਕਾਰ ਨੇ ਹੁਣ ਕੌਮਾਂਤਰੀ ਵਿਦਿਆਰਥੀ ਵੀਜ਼ੇ ਲਈ ਫੀਸ 710 ਤੋਂ 1600 ਡਾਲਰ ਤੱਕ ਵਧ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਇਹ ਵਾਧਾ ਆਸਟਰੇਲੀਆ ਵਿੱਚ ਸਿੱਖਿਆ ਦੇ ਵਧਦੇ ਮੁੱਲ ਅਤੇ ਕੌਮਾਂਤਰੀ ਸਿੱਖਿਆ ਖੇਤਰ ਵਿੱਚ ਮਿਆਰ ਬਹਾਲ ਕਰਨ ਲਈ ਅਲਬਾਨੀਜ਼ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ। ਫੀਸ ਵਿੱਚ ਇਹ ਵਾਧਾ ਸਿੱਖਿਆ ਅਤੇ ਪਰਵਾਸ ‘ਚ ਕਈ ਅਹਿਮ ਪਹਿਲਕਦਮੀਆਂ ਨੂੰ ਫੰਡ ਦੇਣ ਵਿੱਚ ਵੀ ਮਦਦ ਕਰੇਗਾ। ਉਧਰ ਵਿਦਿਆਰਥੀ ਵਰਗ ਨੇ ਕਿਹਾ ਕਿ ਇਸ ਫੀਸ ਵਾਧੇ ਨਾਲ ਨਵੇਂ ਵਿਦਿਆਰਥੀਆਂ ‘ਤੇ ਵਿੱਤੀ ਬੋਝ ਵਧ ਜਾਵੇਗਾ। ਉਨ੍ਹਾਂ ਇਸ ਨੂੰ ਘੱਟ ਕਰਨ ਅਤੇ ਵੀਜ਼ਾ ਸ਼ਰਤਾਂ ਨਰਮ ਕਰਨ ਦੀ ਮੰਗ ਕੀਤੀ ਹੈ।
ਇਮੀਗਰੇਸ਼ਨ ਸਿਟੀਜ਼ਨਸ਼ਿਪ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡਰਿਊ ਗਾਈਲਜ਼ ਨੇ ਪਰਵਾਸੀ ਕਾਮਿਆਂ ਦੇ ਹੋ ਰਹੇ ਸ਼ੋਸ਼ਣ ਬਾਰੇ ਕਿਹਾ ਕਿ ਉਨ੍ਹਾਂ ਦੇ ਫੈਸਲੇ ਕਰਮਚਾਰੀਆਂ ਨੂੰ ਆਪਣਾ ਪੱਖ ਰੱਖਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਗਲਤ ਕੰਮ ਕਰਨ ਵਾਲੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਲੇਬਰ ਸਰਕਾਰ ਨੇ ਸਾਲਾਨਾ ਕੀਮਤ ਸੂਚਕ ਅੰਕ ਦੇ ਆਧਾਰ ‘ਤੇ ਕਾਮਿਆਂ ਦੀ ਤਨਖਾਹ ‘ਚ ਦੂਜਾ ਵਾਧਾ ਕੀਤਾ ਹੈ। ਹੁਣ ਸਕਿਲ ਮਾਈਗ੍ਰੇਸ਼ਨ ਦੀ ਤਨਖਾਹ 70,000 ਤੋਂ ਵਧਾ ਕੇ 73,150 ਡਾਲਰ ਸਾਲਾਨਾ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਤੋਂ ਸਾਬਕਾ ਲਿਬਰਲ ਸਰਕਾਰ ਨੇ ਕਾਮਿਆਂ ਦੀ ਤਨਖਾਹ ਸਿਰਫ 53,900 ਡਾਲਰ ਸਾਲਾਨਾ ‘ਤੇ ਰੋਕੀ ਹੋਈ ਸੀ। ਲਿਬਰਲ ਨੇ ਜਾਣਬੁੱਝ ਕੇ ਉਜਰਤਾਂ ਘੱਟ ਰੱਖ ਕੇ ਕਾਮਿਆਂ ਦਾ ਸ਼ੋਸ਼ਣ ਕੀਤਾ। ਉਨ੍ਹਾਂ ਕਿਹਾ ਕਿ ਸ਼ੋਸ਼ਣ ਦੇ ਪੀੜਤ ਪਰਵਾਸੀ ਕਾਮਿਆਂ ਦੀ ਸ਼ਿਕਾਇਤ ਗੁਪਤ ਰੱਖੀ ਜਾਵੇਗੀ।

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …