
ਕਾਂਗਰਸ ਭਲਕੇ ਮੰਗਲਵਾਰ ਨੂੰ ਚੰਡੀਗੜ੍ਹ ’ਚ ਕਰੇਗੀ ਵਿਰੋਧ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ‘ਬੰਬਾਂ ਬਾਰੇ ਬਿਆਨ’ ਮਾਮਲੇ ਵਿਚ ਅੱਜ ਮੁਹਾਲੀ ਥਾਣੇ ਵਿਚ ਕੀਤੀ ਜਾਣ ਵਾਲੀ ਪੁੱਛ ਪੜਤਾਲ ਵਿਚ ਸ਼ਾਮਲ ਨਹੀਂ ਹੋਏ। ਧਿਆਨ ਰਹੇ ਕਿ ਮੁਹਾਲੀ ਦੇ ਐਸ.ਪੀ. ਹਰਬੀਰ ਸਿੰਘ ਅਟਵਾਲ ਨੇ ਬਾਜਵਾ ਨੂੰ ਸੰਮਨ ਭੇਜ ਕੇ ਅੱਜ ਸੋਮਵਾਰ ਦੁਪਹਿਰੇ 12 ਵਜੇ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਥਾਣਾ ਫੇਜ਼-7 ਵਿਚ ਜਾਂਚ ’ਚ ਸ਼ਾਮਲ ਹੋਣ ਲਈ ਸੱਦਿਆ ਸੀ। ਹੁਣ ਪ੍ਰਤਾਪ ਸਿੰਘ ਬਾਜਵਾ ਭਲਕੇ ਮੰਗਲਵਾਰ ਬਾਅਦ ਦੁਪਹਿਰ 2 ਵਜੇ ਮੁਹਾਲੀ ਦੇ ਥਾਣੇ ਵਿਚ ਪਹੁੰਚ ਕੇ ਜਾਂਚ ਵਿਚ ਸ਼ਾਮਲ ਹੋਣਗੇ। ਧਿਆਨ ਰਹੇ ਕਿ ਬਾਜਵਾ ਨੇ ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੰਜਾਬ ਵਿਚ 50 ਬੰਬ ਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਵਿਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਤੱਕ ਚਲਣੇ ਬਾਕੀ ਹਨ। ਇਸ ਮਾਮਲੇ ਨੂੰ ਲੈ ਕੇ ਬਾਜਵਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਬਾਜਵਾ ਖਿਲਾਫ ਦਰਜ ਹੋਏ ਕੇਸ ਦੇ ਮਾਮਲੇ ਵਿਚ ਭਲਕੇ ਮੰਗਲਵਾਰ ਨੂੰ ਚੰਡੀਗੜ੍ਹ ’ਚ ਵਿਰੋਧ ਪ੍ਰਦਰਸ਼ਨ ਵੀ ਕਰੇਗੀ।