ਸੂਬੇ ’ਚ ਬਿਜਲੀ ਦੇ ਲੰਬੇ ਕੱਟ ਲੱਗਣ ਦੇ ਆਸਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੇ ਆਸਾਰ ਬਣ ਗਏ ਹਨ। ਇਸ ਸੰਕਟ ਦਾ ਕਾਰਨ ਥਰਮਲ ਪਲਾਂਟਾਂ ਵਿਚ ਕੋਲੇ ਦੀ ਘਾਟ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵਿਚ ਕੋਲਾ ਖਤਮ ਹੋਣ ਦੀ ਖਬਰ ਮਿਲੀ ਹੈ ਅਤੇ ਇੱਥੇ ਬਿਜਲੀ ਦਾ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਵਿਚ ਵੀ ਸਿਰਫ ਚਾਰ ਦਿਨ ਦਾ ਕੋਲਾ ਬਚਿਆ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਥਰਮਲ ਪਲਾਂਟ ਵਿਚ 7 ਦਿਨ, ਰੋਪੜ ਥਰਮਲ ਪਲਾਂਟ ਵਿਚ 11 ਦਿਨ ਅਤੇ ਰਾਜਪੁਰਾ ਵਿਚ ਵੀ 21 ਦਿਨ ਦਾ ਹੀ ਕੋਲਾ ਬਚਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜਲਦੀ ਕੋਲੇ ਦਾ ਸੰਕਟ ਦੂਰ ਨਾ ਹੋਇਆ ਤਾਂ ਪੰਜਾਬ ਵਿਚ ਘੰਟਿਆਂ ਬੱਧੀ ਬਿਜਲੀ ਦੇ ਕੱਟ ਲੱਗ ਸਕਦੇ ਹਨ ਅਤੇ ਪੂਰੀ ਤਰ੍ਹਾਂ ਬਲੈਕ ਆਊਟ ਦੀ ਨੌਬਤ ਵੀ ਆ ਸਕਦੀ ਹੈ। ਉਧਰ ਦੂਜੇ ਪਾਸੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਕੋਲੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਵੀ ਪੰਜਾਬ ਵਿਚ ਬਿਜਲੀ ਦਾ ਸੰਕਟ ਰਿਹਾ ਹੈ ਅਤੇ ਕੋਲੇ ਦੀ ਘਾਟ ਕਾਰਨ ਨਿੱਜੀ ਥਰਮਲ ਪਲਾਂਟਾਂ ਵਿਚ ਬਿਜਲੀ ਦਾ ਉਦਘਾਟਨ ਠੱਪ ਹੋ ਗਿਆ ਸੀ।