ਬੋਹਾ ਤੇ ਬਰਨਾਲਾ ਖੇਤਰ ਨਾਲ ਸਬੰਧਤ ਸਨ ਦੋਵੇਂ ਜਵਾਨ
ਬਰਨਾਲਾ/ਬਿਊਰੋ ਨਿਊਜ਼ : ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ ਲੱਦਾਖ ਦੇ ਸਿਆਚਿਨ ਖੇਤਰ ‘ਚ ਗਲੇਸ਼ੀਅਰ ਹੇਠ 21 ਪੰਜਾਬ ਬਟਾਲੀਅਨ ਦੇ ਛੇ ਜਵਾਨ ਦੱਬ ਗਏ, ਜਿਨ੍ਹਾਂ ਵਿੱਚੋਂ ਦੋ ਸ਼ਹੀਦ ਹੋ ਗਏ। ਸ਼ਹੀਦਾਂ ਵਿੱਚ ਬੋਹਾ ਹਲਕੇ ਦੇ ਪਿੰਡ ਹਾਕਮਵਾਲਾ ਦਾ ਸੈਨਿਕ ਪ੍ਰਭਜੀਤ ਸਿੰਘ (23) ਪੁੱਤਰ ਜਗਪਾਲ ਸਿੰਘ ਤੇ ਬਰਨਾਲਾ ਦੇ ਪਿੰਡ ਕਰਮਗੜ੍ਹ ਦਾ ਅਮਰਦੀਪ ਸਿੰਘ (22) ਸ਼ਾਮਲ ਹਨ। ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਤਿੰਨ ਸਾਲ ਪਹਿਲਾਂ ਪਿੰਡ ਵਿੱਚ ਪੜ੍ਹਾਈ ਮੁਕੰਮਲ ਕਰਨ ਮਗਰੋਂ 21 ਪੰਜਾਬ ਬਟਾਲੀਅਨ ਵਿੱਚ ਸੈਨਿਕ ਭਰਤੀ ਹੋਇਆ ਸੀ ਤੇ ਇਸ ਵੇਲੇ ਉਹ ਸਿਆਚਿਨ ਵਿੱਚ ਤਾਇਨਾਤ ਸੀ। ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਪ੍ਰਭਜੀਤ ਦੇ ਪਿਤਾ ਜਗਪਾਲ ਸਿੰਘ ਕੋਲ ਡੇਢ ਏਕੜ ਜ਼ਮੀਨ ਹੈ। ਇਸੇ ਤਰ੍ਹਾਂ ਅਮਰਦੀਪ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਪਿੰਡ ਕਰਮਗੜ੍ਹ ਵਿੱਚ ਸੋਗ ਦੀ ਲਹਿਰ ਫ਼ੈਲ ਗਈ। ਪਿੰਡ ਕਰਮਗੜ੍ਹ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਖ ਰੈਜੀਮੈਂਟ ਦੇ ਸੂਬੇਦਾਰ ਗੁਰਮੇਲ ਸਿੰਘ ਦਾ ਫ਼ੋਨ ਆਇਆ ਸੀ ਕਿ ਲੇਹ-ਲੱਦਾਖ ਦੇ ਸਿਆਚਿਨ ਗਲੇਸ਼ੀਅਰ ਵਿੱਚ ਦੱਬਣ ਨਾਲ ਅਮਰਦੀਪ ਸਿੰਘ ਸ਼ਹੀਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰਦੀਪ ਸਿੰਘ ਦਾ ਜੱਦੀ ਪਿੰਡ ਫੂਲ ਹੈ ਤੇ ਉਸ ਦਾ ਪਾਲਣ-ਪੋਸ਼ਣ ਉਸ ਦੀ ਭੂਆ ਅਤੇ ਫੁੱਫੜ ਵੱਲੋਂ ਕੀਤਾ ਜਾ ਰਿਹਾ ਸੀ। ਅਮਰਦੀਪ ਸਿੰਘ 2018 ਵਿੱਚ ਫੌਜ ‘ਚ ਭਰਤੀ ਹੋਇਆ ਸੀ। ਸ਼ਹੀਦ ਅਮਰਦੀਪ ਸਿੰਘ ਦੀ ਇੱਕ ਛੋਟੀ ਭੈਣ ਸੁਖਦੀਪ ਕੌਰ ਵੀ ਹੈ, ਜੋ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਹੈ।
ਸ਼ਹੀਦਾਂ ਦੇ ਵਾਰਸਾਂ ਨੂੰ 50-50 ਲੱਖ ਰੁਪਏ ਦੀ ਸਹਾਇਤਾ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਪੰਜਾਬ ਰੈਜੀਮੈਂਟ ਦੇ ਸ਼ਹੀਦ ਸਿਪਾਹੀ ਪ੍ਰਭਜੀਤ ਸਿੰਘ ਅਤੇ ਸਿਪਾਹੀ ਅਮਰਦੀਪ ਸਿੰਘ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਅਤੇ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਣੀ ਜਾਨ ਜੋਖਮ ਵਿੱਚ ਪਾ ਕੇ ਮੁਲਕ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਉਨ੍ਹਾਂ ਦੀ ਸਮਰਪਿਤ ਭਾਵਨਾ ਬਾਕੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਸਮਰਪਣ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …