ਪੰਜਾਬ ਕਾਂਗਰਸ ਭਵਨ ’ਚ ਕਾਂਗਰਸੀ ਆਗੂ ਦਿਖਾਉਣਗੇ ਇਕਜੁੱਟਤਾ, ਸਿੱਧੂ ’ਤੇ ਸਸਪੈਂਸ ਬਰਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 22 ਅਪ੍ਰੈਲ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲਣਗੇ, ਇਸ ਮੌਕੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ’ਚ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਜਾਵੇਗੀ। ਤਾਜਪੋਸ਼ੀ ਸਮਾਗਮ ’ਚ ਕਾਂਗਰਸੀ ਵਰਕਰ ਸ਼ਾਮਲ ਨਹੀਂ ਹੋਣਗੇ ਬਲਕਿ ਕਾਂਗਰਸ ਪਾਰਟੀ ਦੇ ਦਿੱਗਜ਼ ਆਗੂ ਹੀ ਹਿੱਸਾ ਲੈਣਗੇ, ਜਿਸ ਰਾਹੀਂ ਪੂਰੀ ਪੰਜਾਬ ਕਾਂਗਰਸ ਨੂੰ ਇਕਜੁੱਟ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ ਜਾਂ ਨਹੀਂ, ਇਸ ਨੂੰ ਲੈ ਕੇ ਸਸਪੈਂਸ ਬਰਕਾਰ ਹੈ। ਕਿਉਂਕਿ ਜਦ ਤੋਂ ਪ੍ਰਧਾਨਗੀ ਦੀ ਕੁਰਸੀ ਨਵਜੋਤ ਸਿੰਘ ਦੇ ਹੱਥੋਂ ਗਈ ਹੈ, ਉਦੋਂ ਦੀ ਨਾ ਤਾਂ ਸਿੱਧੂ ਨੇ ਰਾਜਾ ਵੜਿੰਗ ਨਾਲ ਨਾ ਕੋਈ ਗੱਲ ਹੋਈ ਹੈ ਅਤੇ ਨਾ ਹੀ ਉਨ੍ਹਾਂ ਨਾਲ ਮੁਲਾਕਾਤ। ਦੂਜੇ ਪਾਸੇ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਰਾਜਾ ਵੜਿੰਗ ਲਗਾਤਾਰ ਕਾਂਗਰਸੀ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਉਨ੍ਹਾਂ ਗੁੱਟਬਾਜ਼ੀ ਤੋਂ ਉਪਰ ਉਠ ਕੇ ਉਨ੍ਹਾਂ ਕਾਂਗਰਸੀ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਜੋ ਖੁੱਲ੍ਹ ਕੇ ਨਵਜੋਤ ਸਿੱਧੂ ਦਾ ਸਮਰਥਨ ਕਰ ਰਹੇ ਹਨ। ਰਾਜਾ ਵੜਿੰਗ ਇਨ੍ਹਾਂ ਮੁਲਾਕਾਤਾਂ ਰਾਹੀਂ ਕਾਂਗਰਸੀ ਆਗੂਆਂ ਨੂੰ 22 ਅਪ੍ਰੈਲ ਨੂੰ ਹੋ ਹੋਣ ਵਾਲੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦੇ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਇਕਜੁੱਟ ਹੋਈ ਹੈ ਜਾਂ ਨਹੀਂ ਇਸ ਦਾ ਪਤਾ ਤਾਂ ਆਉਂਦੀ 22 ਅਪ੍ਰੈਲ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੀ ਤਾਜਪੋਸ਼ੀ ਸਮਾਗਮ ਸਮੇਂ ਹੀ ਲੱਗੇਗਾ।