ਮੁੱਖ ਮੰਤਰੀ ਭਗਵੰਤ ਮਾਨ ਨੇ ਡਿਫਾਲਟਰਾਂ ਦੀ ਮੰਗੀ ਲਿਸਟ, 15 ਦਿਨਾਂ ’ਚ ਹੋਵੇਗੀ ਬਕਾਇਆ ਬਿਲਾਂ ਦੀ ਵਸੂਲੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਬਿਜਲੀ ਡਿਫਾਲਟਰਾਂ ਦੀ ਹੁਣ ਖੈਰ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 3 ਦਿਨਾਂ ਦੇ ਅੰਦਰ ਅੰਦਰ ਬਕਾਇਆ ਬਿਲ ਡਿਫਾਲਟਰਾਂ ਦੀ ਲਿਸਟ ਮੰਗ ਲਈ ਹੈ। ਇਸ ’ਚ ਸਰਕਾਰੀ ਅਤੇ ਗੈਰ ਸਰਕਾਰੀ ਕਨੈਕਸ਼ਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 300 ਯੂਨਿਟ ਫਰੀ ਬਿਜਲੀ ਤੋਂ ਬਾਅਦ ਮੀਟਰ ਰੀਡਰਾਂ ਨੂੰ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ ਕਿਤੇ ਗਲਤ ਰੀਡਿੰਗ ਲਈ ਗਈ ਤਾਂ ਮੀਟਰ ਰੀਡਰਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਸਰਕਾਰ ਨੂੰ ਸ਼ੱਕ ਹੈ ਕਿ ਕਿਤੇ ਮੀਟਰ ਰੀਡਰ ਵੀ ਫਰੀ ਬਿਜਲੀ ਦੇ ਚੱਕਰ ’ਚ ਘੱਟ ਰੀਡਿੰਗ ਨਾ ਲੈਣ ਜਾਂ ਕਿਸੇ ਨੂੰ ਜ਼ਿਆਦਾ ਰੀਡਿੰਗ ਦੇ ਚਲਦਿਆਂ ਪ੍ਰੇਸ਼ਾਨ ਨਾ ਕੀਤਾ ਜਾਵੇ। ਧਿਆਨ ਰਹੇ ਕਿ ਲੰਘੇ ਦਿਨੀਂ ਭਗਵੰਤ ਮਾਨ ਸਰਕਾਰ ਨੇ 1 ਜੁਲਾਈ ਤੋਂ ਪੰਜਾਬ ਵਾਸੀਆਂ ਨੂੰ 300 ਯੂਨਿਟ ਪ੍ਰਤੀ ਮਹੀਨਾ ਫਰੀ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਜੇਕਰ ਕੋਈ 2 ਮਹੀਨੇ ’ਚ 600 ਯੂਨਿਟ ਬਿਜਲੀ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਕੋਈ ਬਿਜਲੀ ਦਾ ਬਿਲ ਨਹੀਂ ਦੇਣਾ ਪਵੇਗਾ। ਪ੍ਰੰਤੂ ਜਨਰਲ ਕੈਟਾਗਿਰੀ ਨਾਲ ਸਬੰਧ ਪਰਿਵਾਰ ਜੇਕਰ 600 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਬਿਲ ਦੇਣਾ ਪਵੇਗਾ, ਹਾਲਾਂਕਿ ਐਸ. ਸੀ., ਬੀ.ਸੀ. ਕੈਟਾਗਿਰੀ ਨਾਲ ਸਬੰਧਤ ਪਰਿਵਾਰ ਜੇਕਰ 600 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਨੂੰ ਵੱਧ ਵਰਤੀਆਂ ਗਈਆਂ ਯੂਨਿਟਾਂ ਦਾ ਹੀ ਬਿਲ ਦੇਣਾ ਪਵੇਗਾ।