ਭਾਈ ਗੁਰਦਰਸ਼ਨ ਸਿੰਘ
ਫ਼ਤਹਿਗੜ੍ਹ ਸਾਹਿਬ
ਸਵੱਈਆਂ ਦੀ ਬਾਣੀ ਵਿਚ ਬਲ੍ਹ ਭੱਟ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਕਹਿ ਰਿਹਾ ਹੈ ਕਿ, ਹੇ ਗੁਰੂ ਰਾਮਦਾਸ! ਤੇਰੀ ਜੈ ਜੈ ਕਾਰ ਸਾਰੇ ਸੰਸਾਰ ਵਿਚ ਹੋ ਰਹੀ ਹੈ। ਹੇ ਸਤਿਗੁਰੂ! ਤੂੰ ਆਪ ਪਰਮ ਪਦ ਪ੍ਰਾਪਤ ਕਰ ਲਿਆ ਹੈ ਅਤੇ ਵਾਹਿਗੁਰੂ ਦੀ ਬਖ਼ਸ਼ਿਸ਼ ਸਦਕਾ ਜੋ ਵੀ ਤੇਰਾ ਦਰਸ਼ਨ ਪਰਸਦਾ ਹੈ ਉਹ ਵੀ ਪਾਰਸ ਸਮਾਨ ਹੋ ਜਾਂਦਾ ਹੈ, ਜੋ ਗਲੇ-ਸੜੇ ਲੋਹੇ ਨੂੰ ਵੀ ਕੰਚਨ ਕਰ ਦਿੰਦਾ ਹੈ। ਤੁਕਾਂ ਹਨ :
ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਹ ਭਟ ਜਸੁ ਗਾਇਯਉ॥
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ
ਪਾਇਯਉ॥੪॥ (॥੫॥੫੪॥)
(ਸਵਈਏ ਮਹਲੇ ਚਉਥੇ ਕੇ ੪, ਅੰਗ: ੧੪੦੫)
ਇਸੇ ਤਰ੍ਹਾਂ ਸਤਾ ਤੇ ਬਲਵੰਡ, ਸਤਿਗੁਰਾਂ ਦੀ ਨਿੰਦਾ ਕਾਰਨ ਸਰਾਪੇ ਜਾਣ ਪਿੱਛੋਂ ਜਦੋਂ ਮੁੜ ਗੁਰੂ-ਸ਼ਰਨ ਆਏ ਤਾਂ ਗੁਰੂ ਉਸਤਤਿ ਕਰਦਿਆਂ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਵਿਚ ਕਹਿੰਦੇ ਹਨ :
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥
ਜਿਨ੍ਰੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ॥
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ॥੭॥ (॥੮॥੧॥)
(ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ, ਅੰਗ: ੯੬੮)
ਸਿੱਖ-ਸੰਗਤਾਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਪਾਰਬ੍ਰਹਮ ਦਾ ਰੂਪ ਜਾਣ ਕੇ ਨਮਸਕਾਰ ਕਰਦੀਆਂ ਹਨ, ਪਰ ਹੇ ਸਤਿਗੁਰੂ! ਜਿਹੜੇ ਪੂਰਨ ਸ਼ਰਧਾ-ਭਾਵਨੀ ਨਾਲ ਤੈਨੂੰ ਸੇਂਵਦੇ ਹਨ, ਉਨ੍ਹਾਂ ਦਾ ਤੂੰ ਪਾਰ- ਉਤਾਰਾ ਕਰਦਾ ਹੈਂ ਅਤੇ ਉਨ੍ਹਾਂ ਦਾ ਮਨ ਗੁਰੂ ਦੇ ਦਰਸ਼ਨ ਕਰਕੇ ਹਰਾ ਭਰਾ ਹੋ ਜਾਂਦਾ ਹੈ।
ਐਸੇ ਸਤਿਗੁਰੂ ਦੀ ਜੈ-ਜੈਕਾਰ ਦੀ ਧੁੰਨ ਤੇ ਧੰਨ-ਧੰਨ ਦੀ ਗੁੰਜਾਰ ਵਿਚ, ਅੱਜ ਦੇ ਭਿਆਨਕ ਤੇ ਬਿਖੜੇ ਮਾਹੌਲ ਵਿਚ ਵੀ, ਉਨ੍ਹਾਂ ਦੇ ਪ੍ਰਕਾਸ਼ ਦਿਵਸ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤ-ਸਰੋਵਰ, ਸਾਰਾ ਆਲਾ-ਦੁਆਲਾ ਅਤੇ ਸਾਰੀ ਨਗਰੀ ਜਗਮਗਾ ਉੱਠਦੀ ਹੈ, ਹਰ ਪਾਸੇ ਚਾਅ ਤੇ ਖੇੜੇ ਦਾ ਪਸਾਰਾ ਪਸਰ ਰਿਹਾ ਹੁੰਦਾ ਹੈ। ਸਿੱਖ ਸੰਗਤਾਂ ਖ਼ੁਸ਼ੀਆਂ ਦੇ ਉਮਾਹ ਵਿਚ ਧਾਈ ਕਰਕੇ ਗੁਰੂ ਦਰਬਾਰ ਪੁੱਜਦੀਆਂ ਅਤੇ ਨਾਮ-ਬਾਣੀ ਦੇ ਲਾਹੇ ਲੈ ਕੇ ਆਪਣੇ ਹਿਰਦੇ ਠਾਰਦੀਆਂ ਹਨ।
ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਦੀ ਚੂਨਾ ਮੰਡੀ ਵਿਖੇ, ਪਿਤਾ ਹਰਦਾਸ ਸੋਢੀ ਦੇ ਗ੍ਰਹਿ ਵਿਖੇ ੨੪ ਸਤੰਬਰ ੧੫੩੪ ਨੂੰ ਜਦੋਂ ਹੋਇਆ ਤਾਂ ਉਦੋਂ ਪਹਿਲੇ ਤਿੰਨੇ ਗੁਰੂ ਸਾਹਿਬਾਨ ਸਰੀਰਕ ਜਾਮੇ ਵਿਚ ਮੌਜੂਦ ਸਨ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਤਾਂ ਉਦੋਂ ਭਾਈ ਲਹਿਣਾ ਰੂਪ ਵਿਚ ਦੋ ਸਾਲ ਤੋਂ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਦੀ ਸੇਵ ਕਮਾ ਰਹੇ ਸਨ ਅਤੇ ਸ੍ਰੀ ਅਮਰਦਾਸ ਜੀ ਓਦੋਂ ਤੀਰਥ ਯਾਤਰਾ ਆਦਿ ਬਿਖੜੇ ਪੈਂਡਿਆਂ ਵਿਚ ਹੀ ਵਿਚਰ ਰਹੇ ਸਨ।ਜੇਠਾ ਪੁੱਤਰ ਹੋਣ ਕਰਕੇ ਆਪ ਜੀ ਨੂੰ ਬਚਪਨ ਤੋਂ ‘ਜੇਠਾ’ ਨਾਂਅ ਨਾਲ ਪੁਕਾਰਿਆ ਜਾਂਦਾ ਸੀ। ਆਪ ਜੀ ਦੇ ਮਾਤਾ ਜੀ ਤਾਂ ਛੋਟੀ ਉਮਰੇ ਹੀ ਚਲਾਣਾ ਕਰ ਗਏ ਸਨ। ਸੱਤ ਸਾਲ ਦੀ ਉਮਰ ਵਿਚ ਪਿਤਾ ਜੀ ਵੀ ਵਿਛੋੜਾ ਦੇ ਗਏ। ਇਸ ਯਤੀਮ ਹਾਲਤ ਵਿਚ ਇਨ੍ਹਾਂ ਨੂੰ ਨਾਨੀ ਆਪਣੇ ਪਿੰਡ ਬਾਸਰਕੇ ਲੈ ਆਈ, ਜਿਥੇ ਸ੍ਰੀ ਅਮਰਦਾਸ ਜੀ ਰਹਿੰਦੇ ਸਨ ਅਤੇ ਓਦੋਂ ਤੋਂ ਹੀ ਆਪ, ਸ੍ਰੀ ਅਮਰਦਾਸ ਜੀ ਦੀ ਦੇਖ-ਰੇਖ ਵਿਚ ਵਿਚਰਦੇ ਰਹੇ। ਅਤਿ ਦੀ ਗ਼ਰੀਬੀ ਹੋਣ ਕਰਕੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ। ਓਦੋਂ ਕੌਣ ਜਾਣਦਾ ਸੀ ਕਿ ਇਹ ਘੁੰਗਣੀਆਂ ਵੇਚਣ ਵਾਲਾ ਯਤੀਮ ਕਿਸੇ ਸਮੇਂ ਦੀਨ-ਦੁਨੀਆ ਦਾ ਸੱਚਾ ਪਾਤਿਸ਼ਾਹ ਸਦਾਏਗਾ, ਜਿਸ ਦੇ ਦਰ ‘ਤੇ ਰਾਜੇ-ਮਹਾਰਾਜੇ ਅਤੇ ਦੁਨਿਆਵੀ ਪਾਤਸ਼ਾਹ ਵੀ ਆ ਕੇ ਸਿਰ ਨਿਵਾਉਣਗੇ। ਇਸ ਦਾ ਜ਼ਿਕਰ ਨਲ੍ਹ ਭੱਟ ਆਪਣੀ ਬਾਣੀ ਵਿਚ ਇਉਂ ਕਰਦਾ ਹੈ :
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ…॥੪॥
(ਸਵਈਏ ਮਹਲੇ ਚਉਥੇ ਕੇ ੪, ਅੰਗ : ੧੩੯੯)
ਭਾਈ ਜੇਠਾ ਜੀ ਦੇ ਸੁਭਾਅ ਵਿਚ ਬਚਪਨ ਤੋਂ ਹੀ ਧੀਰਜ, ਮਿਠਾਸ, ਜੀਰਾਂਦ ਅਤੇ ਸੇਵਾ-ਭਾਵ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਇਸ ਗ਼ਰੀਬੀ ਵਿਚ ਵੀ ਘੁੰਗਣੀਆਂ ਵੇਚਦਿਆਂ ਲੋੜਵੰਦਾਂ ਤੇ ਭੁੱਖਿਆਂ ਨੂੰ ਘੁੰਗਣੀਆਂ ਮੁਫ਼ਤ ਵੰਡ ਆਉਂਦੇ ਸਨ। ਜਦੋਂ ਸ੍ਰੀ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਅਨੁਸਾਰ ਗੋਇੰਦਵਾਲ ਵਸਾਇਆ ਤਾਂ ਉਹ ਭਾਈ ਜੇਠਾ ਜੀ ਨੂੰ ਵੀ ਉਥੇ ਨਾਲ ਲੈ ਗਏ। ਗੋਇੰਦਵਾਲ ਵਿਚ ਵੀ ਆਪ ਜੀ ਘੁੰਗਣੀਆਂ ਵੇਚ ਕੇ ਹੀ ਆਪਣਾ ਅਤੇ ਨਾਨੀ ਦਾ ਗੁਜ਼ਾਰਾ ਕਰਦੇ ਰਹੇ। ਪਰ ਇੱਥੇ ਹੁਣ ਨਾਲ ਹੀ ਵੱਧ ਤੋਂ ਵੱਧ ਸੇਵਾ ਕਰਨ ਦੇ ਅਵਸਰ ਮਿਲਣ ਲੱਗ ਪਏ, ਕਦੇ-ਕਦੇ ਸ੍ਰੀ ਅਮਰਦਾਸ ਜੀ ਦੇ ਨਾਲ ਖਡੂਰ ਸਾਹਿਬ ਵਿਚ ਵੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ-ਪਰਸਨ ਦੇ ਸੁਭਾਗ ਪ੍ਰਾਪਤ ਹੋਣ ਲੱਗ ਪਏ। ਅਤੁੱਟ ਸੇਵਾ-ਕਮਾਈ ਦੇ ਸਦਕਾ ਸੰਨ ੧੫੫੨ ਈਸਵੀ ਨੂੰ ਸ੍ਰੀ ਅਮਰਦਾਸ ਜੀ ਗੁਰੂ-ਪਦ ਨੂੰ ਪ੍ਰਾਪਤ ਹੋਏ। ਹੁਣ ਖਡੂਰ ਸਾਹਿਬ ਦੀ ਥਾਂ ਗੁਰਤਾ-ਗੱਦੀ ਗੋਇੰਦਵਾਲ ਵਿਖੇ ਆ ਪ੍ਰਕਾਸ਼ਮਾਨ ਹੋਈ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਮਨ ਨੂੰ ਇਤਨੇ ਭਾ ਗਏ ਸਨ ਕਿ ਉਨ੍ਹਾਂ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਸੰਨ ੧੫੫੩ ਵਿਚ ਆਪ ਦੇ ਨਾਲ ਕਰ ਦਿੱਤਾ।
ਭਾਈ ਜੇਠਾ ਜੀ ਗੁਰੂ ਪਾਤਿਸ਼ਾਹ ਦੇ ਜਵਾਈ ਬਣ ਕੇ ਵੀ ਪਹਿਲਾਂ ਵਾਂਗ ਹੀ ਲੰਗਰ ਲਈ ਜਲ ਅਤੇ ਲੱਕੜਾਂ ਆਦਿ ਦੀ ਸੇਵਾ ਵਿਚ ਚਾਅ-ਉਮਾਹ ਨਾਲ ਜੁਟੇ ਰਹੇ। ਜਦੋਂ ੧੫੫੭ ਈਸਵੀ ਨੂੰ ਗੁਰੂ ਦਰਬਾਰ ਦੇ ਕੁਝ ਦੋਖੀਆਂ ਨੇ ਅਕਬਰ ਬਾਦਸ਼ਾਹ ਦੇ ਹਿੰਦੂ ਅਹਿਲਕਾਰਾਂ ਰਾਹੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਬਰਖ਼ਿਲਾਫ਼ ਕੰਨ ਭਰੇ ਤਾਂ ਲਾਹੌਰ ਵਿਖੇ ਆਏ ਹੋਏ ਅਕਬਰ ਨੇ ਸਤਿਗੁਰੂ ਜੀ ਨੂੰ ਬੁਲਾਵਾ ਭੇਜਿਆ, ਸਤਿਗੁਰਾਂ ਦੀ ਉਮਰ ਓਦੋਂ ੭੮ ਸਾਲ ਹੋ ਚੁੱਕੀ ਸੀ, ਉਨ੍ਹਾਂ ਨੇ ਆਪਣੀ ਥਾਂ ‘ਤੇ ਭਾਈ ਜੇਠਾ ਜੀ ਨੂੰ ਸ਼ਾਹੀ ਦਰਬਾਰ ਵਿਖੇ ਭੇਜ ਦਿੱਤਾ। ਭਾਈ ਜੇਠਾ ਜੀ ਦਾ ਹਿਰਦਾ ਗੁਰੂ-ਘਰ ਦੀ ਅਥੱਕ ਸੇਵਾ ਅਤੇ ਸਿਮਰਨ ਕਰਕੇ ਅਤਿ ਨਰਮਲ ਅਤੇ ਸ਼ਾਂਤ ਹੋ ਚੁੱਕਾ ਸੀ। ਆਪ ਜੀ ਨੇ ਆਪਣੇ ਮਿੱਠੇ, ਕੋਮਲ ਤੇ ਧੀਰੇ ਬਚਨਾਂ ਦੁਆਰਾ, ਗੁਰੂ ਘਰ ਦੀ ਰਹਿਤ-ਰਹਿਣੀ ਐਸੀ ਸਿਆਣਪ ਤੇ ਸੁਚੱਜਤਾ ਨਾਲ ਬਿਆਨ ਕੀਤੀ ਕਿ ਸਭ ਦਰਬਾਰੀਆਂ ਸਮੇਤ ਬਾਦਸ਼ਾਹ ਦੀ ਪੂਰੀ ਤਰ੍ਹਾਂ ਨਿਸ਼ਾ ਹੋ ਗਈ।
ਚੁਗ਼ਲੀਆਂ ਕਰਨ ਵਾਲੇ ਗੁਰੂ ਘਰ ਦੇ ਨਿੰਦਕਾਂ ਤੇ ਦੋਖੀਆਂ ਨੂੰ ਬੁਰੀ ਤਰ੍ਹਾਂ ਬੇਇੱਜ਼ਤ ਹੋ ਕੇ ਵਾਪਸ ਮੁੜਨਾ ਪਿਆ। ਬਾਉਲੀ ਸਾਹਿਬ ਦੀ ਖੁਦਵਾਈ ਹੋਈ ਤਾਂ ਭਾਈ ਜੇਠਾ ਜੀ ਸਾਰਾ ਦਿਨ ਹੀ ਗਾਰੇ-ਮਿੱਟੀ ਵਿਚ ਲੱਥ-ਪੱਥ ਟੋਕਰੀ ਢੋਣ ਦੀ ਸੇਵਾ ਵਿਚ ਹੀ ਬਿਤਾਉਂਦੇ। ਅਜਿਹੀ ਦਸ਼ਾ ਵਿਚ ਵਿਚਰਦਿਆਂ ਸ਼ਰੀਕੇ ਦੇ ਰਿਸ਼ਤੇਦਾਰਾਂ ਜਦੋਂ ਆ ਕੇ ਵੇਖਿਆ ਤਾਂ ਉਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਜਾ ਉਲਾਂਭਾ ਦਿੱਤਾ ਕਿ ਜਵਾਈ-ਭਾਈ
ਤੋਂ ਟੋਕਰੀ ਢੁਆ ਕੇ ਤੁਸਾਂ ਸਾਡਾ ਨੱਕ ਵੱਢ ਦਿੱਤਾ ਹੈ। ਪਰ ਭਾਈ ਜੇਠਾ ਜੀ ਇਹ ਅਪਮਾਨ ਦੇ ਬਚਨ ਸੁਣ ਕੇ ਸਤਿਗੁਰੂ ਜੀ ਦੇ ਚਰਨੀਂ ਢਹਿ ਪਏ ਤੇ ਬੇਨਤੀ ਕੀਤੀ ਕਿ ਇਨ੍ਹਾਂ ਭੁੱਲੜਾਂ ਨੂੰ ਬਖ਼ਸ਼ ਦਿਓ।
ਸ੍ਰੀ ਗੁਰੂ ਅਮਰਦਾਸ ਜੀ ਨੇ ੯੧ ਸਾਲ ਦੀ ਉਮਰੇ ਗੁਰਸਿੱਖੀ ਦੇ ਪ੍ਰਚਾਰ ਲਈ ਮਾਝੇ ਦੇ ਕੇਂਦਰ ਵਿਚ ਜ਼ਮੀਨ ਲਈ ਅਤੇ ਨਵੇਂ ਨਗਰ ਦੀ ਉਸਾਰੀ ਕਰਾਉਣ ਲਈ ਭਾਈ ਜੇਠਾ ਜੀ ਦੀ ਸੇਵਾ ਲਾ ਦਿੱਤੀ। ਸੰਨ ੧੫੭੦ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਉਸ ਜ਼ਮੀਨ ਵਿਖੇ ‘ਗੁਰੂ ਕਾ ਚੱਕ’ ਵਸਾਉਣ ਲਈ ਮੋੜ੍ਹੀ ਗੱਡੀ ਅਤੇ ਉਪਰੰਤ ਭਾਈ ਜੇਠਾ ਜੀ ਇਸ ਨਗਰ ਨੂੰ ਵਸਾਉਣ ਲਈ ਹਿਤੋਂ ਚਿਤੋਂ ਲੱਗ ਪਏ। ਜਿਥੇ ਭਾਈ ਜੇਠਾ ਜੀ ਸਿੱਖ-ਸੰਗਤਾਂ ਦੀ ਸੇਵਾ-ਸੰਭਾਲ ਅਤੇ ਨਗਰ ਵਸਾਉਣ ਲਈ ਹੋਰ ਸਾਰੇ ਪ੍ਰਬੰਧ ਸਰੰਜਾਮ ਲਿਆ ਰਹੇ ਸਨ ਉਥੇ ਉਹ ਆਪ ਵੀ ਮਿੱਟੀ-ਗਾਰੇ ਦੀ ਸੇਵਾ ਨਿਭਾਉਂਦੇ ਰਹੇ। ਗੁਰੂ-ਦਰ ਦੇ ਆਸ਼ਕ ਅਤੇ ਵਪਾਰੀ ਲੋਕ ਇਸ ਨਗਰ ਵਿਚ ਆ ਕੇ ਆਬਾਦ ਹੋਣੇ ਸ਼ੁਰੂ ਹੋ ਗਏ ਅਤੇ ਦੇਖਦਿਆਂ-ਦੇਖਦਿਆਂ ਹੀ ਕੁਝ ਸਾਲਾਂ ਵਿਚ ਇਹ ਚੰਗੀ ਵੱਸੋਂ ਵਾਲਾ ਨਗਰ ਬਣ ਗਿਆ।
ਸੰਨ ੧੫੭੪ ਈਸਵੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇਣ ਤੋਂ ਪਹਿਲਾਂ ਇਕ ਵਾਰ ਹੋਰ ਗੁਰਸਿੱਖਾਂ ਦੀ ਪਰਖ ਕੀਤੀ, ਜਿਸ ਵਿਚ ਅੰਤ ਤੱਕ ਸਤਿਗੁਰੂ ਜੀ ਦੇ ਦੋਵੇਂ ਜਵਾਈ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਪੂਰੇ ਉਤਰਦੇ ਰਹੇ। ਛੇਕੜ ਸਤਿਗੁਰੂ ਜੀ ਨੇ ਖ਼ਾਸ ਵਿਉਂਤ ਦੇ ਦੋ ਵੱਖ-ਵੱਖ ਥੜ੍ਹੇ ਬਣਾਉਣ ਲਈ ਦੋਹਾਂ ਸੇਵਕਾਂ ਨੂੰ ਆਗਿਆ ਕੀਤੀ। ਦੋਵੇਂ ਸਵੇਰ ਤੋਂ ਸ਼ਾਮ ਤੱਕ ਗਾਰੇ-ਮਿੱਟੀ ਨਾਲ ਲੱਥ-ਪੱਥ ਥੜ੍ਹੇ ਬਣਾਉਣ ਦੀ ਸੇਵਾ ਕਰਦੇ, ਪਰ ਸਤਿਗੁਰਾਂ ਨੇ ਸ਼ਾਮ ਨੂੰ ਆ ਕੇ ਦੋਵੇਂ ਰੱਦ ਕਰ ਦੇਣੇ। ਭਾਈ ਰਾਮਾ ਜੀ ਤਾਂ ਤਿੰਨ-ਚਾਰ ਦਿਨਾਂ ਵਿਚ ਹੰਭ-ਹੁਟ ਕੇ ਡੋਲ ਗਏ, ਪਰ ਭਾਈ ਜੇਠਾ ਜੀ ਪੂਰੀ ਸਿੱਦਕ-ਦਿਲੀ ਨਾਲ ਸੱਤ ਦਿਨ ਥੜ੍ਹਾ ਬਣਾਉਣ ਦੀ ਕਾਰ ਕਮਾਉਂਦੇ ਰਹੇ। ਸਤਿਗੁਰੂ ਸ੍ਰੀ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਅਤਿ ਗ਼ਰੀਬੀ ਅਤੇ ਹੁਕਮ ਵਿਚ ਰਹਿ ਕੇ ਕਾਰ ਕਮਾਉਣ ਦੀ ਦ੍ਰਿੜ੍ਹਤਾ ਅਤੇ ਪਿਆਰ-ਸਿੱਦਕ ‘ਤੇ ਪ੍ਰਸੰਨ ਹੋ ਕੇ, ਭਾਈ ਜੇਠਾ ਜੀ ਨੂੰ
ਗੁਰ-ਗੱਦੀ ਬਖ਼ਸ਼ ਦਿੱਤੀ। ਭਾਈ ਜੇਠਾ ਜੀ, ਸ੍ਰੀ ਗੁਰੂ ਰਾਮਦਾਸ ਰੂਪ ਹੋ ਪ੍ਰਗਟ ਹੋ ਗਏ।
ਗੁਰੂ-ਪਦ ਨੂੰ ਪ੍ਰਾਪਤ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਗੁਰੂ-ਚੱਕ ਆ ਗਏ ਅਤੇ ਨਗਰ ਨੂੰ ਵਧਣ-ਫੁਲਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਵਿਚ ਜੁਟ ਗਏ। ਸਿੱਖ ਸੰਗਤਾਂ ਦੂਰ-ਦੂਰ ਤੋਂ ਧਾਈ ਕਰਕੇ ਗੁਰੂ ਕੀ ਨਗਰੀ ਪੁੱਜਦੀਆਂ ਅਤੇ ਆਪਣੇ ਪਾਤਿਸ਼ਾਹ ਤੋਂ ਨਾਮ-ਦਾਨ ਤੇ ਸਿੱਖੀ ਸਿੱਦਕ ਦੀ ਦਾਤਿ ਪ੍ਰਾਪਤ ਕਰਦੀਆਂ। ਸਿੱਖ ਸੰਗਤਾਂ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਨੇ ਅੰਮ੍ਰਿਤ ਸਰੋਵਰ ਪੁਟਵਾਉਣਾ ਆਰੰਭ ਕਰ ਦਿੱਤਾ ਅਤੇ ਸਿੱਖ ਸੰਗਤਾਂ ਦੇ ਨਾਲ ਆਪ ਵੀ ਟੋਕਰੀਢੋਣ ਦੀ ਸੇਵਾ ਨਿਭਾਉਂਦੇ ਰਹੇ। ਸਰੋਵਰ ਦੀ ਕਾਰ-ਸੇਵਾ ਸਮੇਂ ਸਤਿਗੁਰੂ ਜੀ ਲਾਚੀ ਬੇਰੀ ਵਾਲੇ ਅਸਥਾਨ ‘ਤੇ ਬਿਰਾਜਮਾਨ ਹੋ ਕੇ ਦੇਖ-ਰੇਖ ਕਰਦੇ ਸਨ। ਇਨ੍ਹਾਂ ਦਿਨਾਂ ਵਿਚ ਹੀ ਇਕ ਘਟਨਾ ਵਾਪਰੀ। ਪੱਟੀ ਵਿਖੇ ਮੁਗ਼ਲ ਰਾਜ ਦਾ ਇਕ ਕਾਰਦਾਰ ਰਹਿੰਦਾ ਸੀ, ਜੋ ਬੜਾ ਹੰਕਾਰੀ ਤੇ ਰੱਬ ਤੋਂ ਮੁਨਕਰ ਸੀ। ਉਹ ਆਪਣੇ ਆਪਨੂੰ ਹੀ ਸਭ ਕੁਝ ਸਮਝਦਾ ਸੀ। ਉਸ ਦੀਆਂ ਪੰਜ ਧੀਆਂ ਸਨ, ਵੱਡੀਆਂ ਤਾਂ ਜਿਵੇਂ ਉਹ ਕਹਿੰਦਾ, ਮੰਨੀ ਜਾਂਦੀਆਂ, ਪਰ ਛੋਟੀ ਬੀਬੀ ਰਜਨੀ ਦੇ ਕੰਨੀਂ ਗੁਰੂ ਨਾਨਕ ਦੀ ਬਾਣੀ-ਸਰੋਤ ਪੈਣ ਕਰਕੇ ਦਾਤਾਰ-ਪ੍ਰਭੂ ‘ਤੇ ਭਰੋਸਾ ਰੱਖਦੀ ਸੀ। ਪਿਤਾ ਨੇ ਉਸ ਦੇ ਇਸ ਭਰੋਸੇ ‘ਤੇ ਸੱਟ ਮਾਰਨ ਲਈ ਉਸ ਨੂੰ ਇਕ ਪਿੰਗਲੇ ਨਾਲ ਵਿਆਹ ਕੇ ਘਰੋਂ ਧੱਕ ਦਿੱਤਾ ਕਿ ਵੇਖਦਾ ਹਾਂ ਕਿਵੇਂ ਕੋਈ ਰੱਬ ਤੇਰੀ ਪ੍ਰਤਿਪਾਲਣਾ ਕਰਦਾ ਹੈ। ਬੀਬੀ ਭਾਨੀ ਪਿੰਗਲੇ ਪਤੀ ਨੂੰ ਖਾਰੇ ਵਿਚ ਪਾ ਕੇ ਦਰ-ਦਰ ਮੰਗਦੀ ਗੁਰੂ ਚੱਕ ਆ ਪੁੱਜੀ। ਦੁੱਖ-ਭੰਜਨੀ ਬੇਰੀ ਵਾਲੇ ਥਾਂ ‘ਤੇ ਜਲ ਦੀ ਛੱਪੜੀ ਦੇ ਕੰਢੇ ਪਤੀ ਦਾ ਟੋਕਰਾ ਰੱਖ ਕੇ, ਆਪ ਮੰਗਣ ਪਿੰਨਣ ਚਲੀ ਗਈ। ਪਿੱਛੋਂ ਉਸ ਦੇ ਪਿੰਗਲੇ ਪਤੀ ਨੇ ਵੇਖਿਆ ਕਿ ਇਕ ਕਾਂ ਛੱਪੜੀ ਕੰਢੇ ਆਇਆ ਅਤੇ ਉਹ ਜਲ ਵਿਚ ਟੁੱਭੀ ਲਾ ਕੇ ਕਾਲੇ ਕਾਂ ਤੋਂ ਹੰਸ ਸਮਾਨ ਉਜਲ ਹੋ ਕੇ ਉਡਾਰੀ ਮਾਰ ਗਿਆ। ਪਿੰਗਲੇ ਨੇ ਇਹ ਕੌਤਕ ਵੇਖਿਆ ਤਾਂ ਉਹ ਵੀ ਰਿੜ੍ਹ-ਰੁੜ੍ਹ ਕੇ ਉਸ ਛੱਪੜੀ ਵਿਚ ਜਾ ਪਿਆ। ਛੱਪੜੀ ਦੇ ਜਲ ਨੇ ਉਸ ਦੀ ਕਾਇਆਂ ਕਲਪ ਕਰ ਦਿੱਤੀ। ਉਹ ਨਵਾਂ-ਨਿਰੋਆ ਹੋ ਗਿਆ। ਬੀਬੀ ਰਜਨੀ ਮੁੜੀ ਤਾਂ ਉਸ ਨੂੰ ਵੇਖ ਕੇ ਬੀਬੀ ਨੂੰ ਅਮੰਨਾ ਨਾ ਆਵੇ ਕਿ ਇਹ ਉਹੋ ਮੇਰਾ ਕੋਹੜੀ ਪਤੀ ਹੈ। ਅੰਤ ਉਹ ਦੋਵੇਂ ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨ-ਸ਼ਰਨ ਵਿਚ ਹਾਜ਼ਰ ਹੋਏ ਤਾਂ ਸਤਿਗੁਰੂ ਜੀ ਨੇ ਬੀਬੀ ਨੂੰ ਯਕੀਨ ਦਿਵਾਇਆ ਕਿ ਇਹ ਗੁਰੂ-ਦਰਬਾਰ ਦੀ ਜ਼ਾਹਰਾ ਕਲਾ ਹੈ, ਇਹ ਤੇਰਾ ਹੀ ਪਤੀ ਹੈ, ਇਸ ਵਿਚ ਰਤਾ ਸ਼ੰਕਾ ਨਾ ਕਰ। ਦੋਵੇਂ ਜੀਅ ਗੁਰੂ-ਚੱਕ ਵਿਚ ਹੀ ਟਿਕ ਗਏ ਅਤੇ ਸੇਵਾ-ਸਿਮਰਨ ਕਰਦਿਆਂ ਧਰਮ ਦੀ ਕਿਰਤ-ਵਿਰਤ ਕਰਕੇ ਆਪਣੀ ਰਹਿੰਦੀ ਆਯੂ ਉਥੇ ਹੀ ਬਿਤਾਉਣ ਲੱਗੇ। ਸ੍ਰੀ ਗੁਰੂ ਰਾਮਦਾਸ ਜੀ ਦੀ ਅਣਥੱਕ ਮਿਹਨਤ ਅਤੇ ਘਾਲਣਾ ਨਾਲ ਅੰਮ੍ਰਿਤ-ਸਰੋਵਰ ਮੁਕੰਮਲ ਹੋਇਆ ਅਤੇ ਗੁਰੂ ਕਾ ਚੱਕ ਵੀ ਬੇਅੰਤ ਰੌਣਕਾਂ ਵਿਚ ਸੁਸ਼ੋਭਿਤ ਹੋ ਗਿਆ। ਅੰਮ੍ਰਿਤ ਦੇ ਸਰੋਵਰ ਕਰਕੇ ਨਗਰੀ ਦਾ ਨਾਂਅ ਵੀ ਸਹਿਜੇ-ਸਹਿਜੇ ‘ਗੁਰੂ ਕਾ ਚੱਕ’ ਦੀ ਥਾਂ ਅੰਮ੍ਰਿਤਸਰ ਪ੍ਰਸਿੱਧ ਹੋ ਗਿਆ। ਗੁਰੂ ਪੰਚਮ ਪਾਤਸ਼ਾਹ ਫੁਨਹੇ ਮਹਲਾ ੫ ਵਿਚ ਇਸ ਨਗਰੀ ਤੇ ਸਰੋਵਰ ਦੀ ਸ਼ੋਭਾ ਇਉਂ ਨਿਰੂਪਣ ਕਰਦੇ ਹਨ :
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ
ਬਿਧਾਤੈ ਤਾਂ ਤੂ ਸੋਹਿਆ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ॥ ਹਰਿਹਾਂ ਨਾਨਕ
ਕਸਮਲ ਜਾਹਿ ਨਾਇਐ ਰਾਮਦਾਸ ਸਰ॥੧੦॥ (॥੨੩॥)
(ਫੁਨਹੇ ਮਹਲਾ ੫, ਅੰਗ: ੧੩੬੨)
ਭਾਈ ਗੁਰਦਾਸ ਜੀ ਵੀ ਸ੍ਰੀ ਗੁਰੂ ਰਾਮਦਾਸ ਜੀ ਦੀ ਜਗਮਗਾਂਦੀ ਜੋਤਿ ਦਾ ਇਸ ਸਮੇਂ ਦਾ ਜ਼ਿਕਰ ਕਰਦੇ ਹਨ :
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ॥
(ਵਾਰ ੧, ਪਉੜੀ ੪੭)
ਸ੍ਰੀ ਗੁਰੂ ਅਰਜਨ ਦੇਵ ਜੀ ਹਰ ਤਰ੍ਹਾਂ ਗੁਰੂ-ਪਾਤਿਸ਼ਾਹ ਦੀ ਕਸਵੱਟੀ ‘ਤੇ ਪੂਰਨ ਗੁਰਸਿੱਖ ਰੂਪ ਹੋ ਕੇ ਨਿੱਤਰੇ ਅਤੇ ਸਬਰ-ਸਿੱਦਕ ਨਾਲ ਸਭ ਕਾਰ ਕਮਾਉਂਦੇ ਰਹੇ, ਆਪ ਗੁਰਮਤਿ ਗੁਣਾਂ ਵਿਚ ਨਿਪੁੰਨ ਸਨ, ਪਰ ਇਸ ਦੇ ਉਲਟ ਬਾਬਾ ਪ੍ਰਿਥੀ ਚੰਦ ਭਾਵੇਂ ਦੁਨਿਆਵੀ ਤੌਰ ‘ਤੇ ਹਰ ਤਰ੍ਹਾਂ ਸੁਘੜ ਸੁਜਾਨ ਸੀ, ਪਰ ਉਸ ਦੇ ਅੰਦਰ ਹਉਮੈ ਦੇ ਕਾਰਨ ਮਾਇਆ ਪ੍ਰਬਲ ਸੀ, ਜਿਸ ਕਰਕੇ ਉਹ ਸਿੱਖੀ ਸਿੱਦਕ ਤੋਂ ਥਿੜਕਿਆ ਰਿਹਾ। ਸ੍ਰੀ ਗੁਰੂ ਰਾਮਦਾਸ ਜੀ ਨੇ ਉਸ ਨੂੰ ਕਈ ਵਾਰ ਸਮਝਾਇਆ ਵੀ ਅਤੇ ਉਸ ਪ੍ਰਥਾਇ ਗੁਰਬਾਣੀ ਵਿਚ ਵੀ ਇਹ ਬਚਨ ਆਉਂਦੇ ਹਨ :
ਕਾਹੇ ਪੂਤ ਝਗਰਤ ਹਉ ਸੰਗਿ ਬਾਪ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ
ਪਾਪ॥੧॥ਰਹਾਉ॥ (॥੨॥੧॥੭॥)
(ਸਾਰਗ ਮਹਲਾ ੪ ਘਰੁ ੩ ਦੁਪਦਾ, ਅੰਗ: ੧੨੦੦)
ਅੰਤ ਅਗਸਤ ੧੫੮੧ ਈਸਵੀ ਨੂੰ ਆਪ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖ਼ਸ਼ ਦਿੱਤੀ। ਇਸ ਸਮੇਂ ਪ੍ਰਿਥੀ ਚੰਦ ਦੀ ਈਰਖਾ ਤੋਂ ਬਚਣ ਲਈ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਆਗਿਆਕਾਰ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਸਮੇਤ ਗੋਇੰਦਵਾਲ ਜਾ ਟਿਕੇ ਅਤੇ ਇਥੇ ਹੀ ੧ ਸਤੰਬਰ ੧੫੮੧ ਈਸਵੀ ਨੂੰ ਜੋਤੀ-ਜੋਤਿ ਸਮਾ ਗਏ। ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਮਤਿ ਸੰਗੀਤ ਦਾ ਅਲੌਕਿਕ ਇਸ਼ਕ ਸੀ, ਇਸੇ ਕਾਰਨ ਉਨ੍ਹਾਂ ਦੀ ਬਾਣੀ ੩੦ ਰਾਗਾਂ ਵਿਚ ਮਿਲਦੀ ਹੈ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ੧੯ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ੧੭ ਰਾਗਾਂ ਵਿਚ। ਆਪ ਜੀ ਦੀ ਬਾਣੀ ਵਿਚ ਬਿਰਹੋਂ, ਵੈਰਾਗ ਅਤੇ ਗੁਰੂ-ਚਰਨਾਂ ਦਾ ਪ੍ਰੇਮ ਠਾਠਾਂ ਮਾਰਦਾ ਹੈ। ਆਪ ਜੀ ਦੀ ਰਚਿਤ ਬਾਣੀ ਵਿਚ ਚਾਰ ਰਾਗਾਂ ਦੀਆਂ ੬-੬ ਅਸ਼ਟਪਦੀਆਂ (੨੪ ਅਸ਼ਟਪਦੀਆਂ) ਪ੍ਰੇਮ ਤੇ ਬਿਰਹੋਂ ਰੰਗ ਵਿਚ ਰੰਗੀਆਂ ਹੋਈਆਂ ਹਨ ਅਤੇ ਇਹ ਬਾਣੀ ‘ਸੁਖਮਨਾ ਸਾਹਿਬ’ ਦੇ ਨਾਂਅ ਹੇਠ ਪ੍ਰਸਿੱਧ ਹੈ। ਅਜੇ ਵੀ ਕਈ ਗੁਰੂ ਕੇ ਲਾਲ ਇਸ ਬਾਣੀ ਦਾ ਨਿੱਤ ਅੰਮ੍ਰਿਤ ਵੇਲੇ ਪਾਠ ਕਰਦੇ ਤੇ ਅਨੰਦਤ ਹੁੰਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਿਰਾਦਰੀ ਵਲੋਂ ਜੋ ਇਕੱਠ ਗੋਇੰਦਵਾਲ ਹੋਇਆ, ਉਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪ੍ਰਤਿਭਾ ਉਜਾਗਰ ਹੋ ਗਈ। ਇਸ ਸਮੇਂ ਸਾਲਾਂ-ਬੱਧੀ ਠੋਕਰਾਂ ਖਾਂਦੇ ਭੱਟ ਵੀ ਗੁਰੂ-ਦਰਬਾਰ ਵਿਚ ਹਾਜ਼ਰ ਹੋਏ। ਉਨ੍ਹਾਂ ਨੇ ਜੋਤਿ ਦਾ ਜੋ ਪ੍ਰਕਾਸ਼ ਤੱਕਿਆ, ਉਹ ਉਨ੍ਹਾਂ ਦੇ ਹਿਰਦਿਆਂ ਨੂੰ ਰੁਸ਼ਨਾ ਗਿਆ। ਉਸ ਸਮੇਂ ਭੱਟਾਂ ਨੇ ਗੁਰੂ ਉਸਤਤਿ ਵਿਚ ਜੋ ਸਵੱਈਏ ਉਚਾਰਨ ਕੀਤੇ, ਉਨ੍ਹਾਂ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਾਨਤਾ ਨੂੰ ਬਿਆਨ ਕਰਦਿਆਂ ਲਿਖਿਆ ਕਿ ਠਾਕਰ ਹਰਦਾਸ ਜੀ ਦੇ ਸਪੁੱਤਰ ਗੁਰੂ ਰਾਮਦਾਸ ਜੀ ਪ੍ਰਭੂ ਤੋਂ ਟੁੱਟੇ ਹੋਏ ਹਿਰਦਿਆਂ ਨੂੰ ਨੱਕਾ-ਨੱਕ ਨਾਮ-ਬਾਣੀ ਨਾਲ ਭਰ ਦੇਣ ਵਾਲੇ ਹਨ। ਉਨ੍ਹਾਂ ਦੀ ਨਿਰਮਲ ਸੰਗਤ ਵਿਚ ਚਲੂਲੇ ਆਤਮ-ਰੰਗ ਨਸੀਬ ਹੁੰਦੇ ਹਨ ਅਤੇ ਮਨ ਸਹਜ ਅਵਸਥਾ ਵਿਚ ਟਿਕ ਕੇ ਜੋਤਿ ਸਰੂਪੀ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ। ਉਨ੍ਹਾਂ ਦੀ ਪ੍ਰੇਮਾ-ਭਗਤੀ ਦੇ ਭਰੇ ਭੰਡਾਰਾਂ ਦੀ ਬਖ਼ਸ਼ਸ਼ ਨਾਲ ਪਰਮ ਪਦ ਨੂੰ ਪ੍ਰਾਪਤ ਹੋਈਦਾ ਹੈ। ਪ੍ਰੇਮਾ ਭਗਤੀ ਦੇ ਪਰਵਾਹ ਕਾਰਨ ਉਨ੍ਹਾਂ ਦੀ ਪੂਰਬਲੀ ਪ੍ਰਭੂ-ਪ੍ਰੀਤ ਵਿਚ ਕਦੇ ਠਲ੍ਹ ਨਹੀਂ ਪੈਂਦੀ, ਸਗੋਂ ਸਤਿਗੁਰੂ ਦਾ ਅਥਾਹ ਗੁਰ ਸ਼ਬਦ ਜਪ ਜਪ ਕੇ ਉਹ ਅੰਮ੍ਰਿਤ-ਧਾਰਾ ਦੇ ਰਸ ਵਿਚ ਸਦਾ ਲਿਵਲੀਨ ਰਹਿੰਦੇ ਹਨ। ਭੱਟ-ਬਾਣੀ ਇਉਂ ਹੈ :
ੲ ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥੨॥
ੲ ਸਤਗੁਰ ਮਤਿ ਗੂੜ੍ਰ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ॥
ਜਾਗ੍ਹਾ ਮਨੁ ਕਵਲੁ ਸਹਜਿ ਪਰਕਾਸ੍ਹਾ ਅਭੈ ਨਿਰੰਜਨੁ ਘਰਹਿ ਲਹਾ…॥੩॥
(ਸਵਈਏ ਮਹਲੇ ਚਉਥੇ ਕੇ ੪, ਭਟ ਕਲ੍ਹ ਸਹਾਰ, ਅੰਗ: ੧੩੯੬)
ੲ ਸਤਗੁਰ ਪਰਸਾਦਿ ਪਰਮਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ …॥੪॥
(ਸਵਈਏ ਮਹਲੇ ਚਉਥੇ ਕੇ ੪, ਅੰਗ: ੧੩੯੭)
ੲ ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ॥
ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ…॥੮॥
(ਸਵਈਏ ਮਹਲੇ ਚਉਥੇ ਕੇ ੪, ਕਲਸਹਾਰ, ਅੰਗ: ੧੩੯੭)
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …