
ਪਾਇਲਟ ਅਤੇ ਕੋ-ਪਾਇਲਟ ਦੀ ਗਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਦੇ ਚੁਰੂ ਵਿਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਫੌਜ ਦੇ ਸੂਤਰਾਂ ਮੁਤਾਬਕ ਇਸ ਹਾਦਸੇ ਵਿਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਦੀ ਜਾਨ ਚਲੇ ਗਈ ਹੈ। ਚੁਰੂ ਦੇ ਐਸ.ਪੀ. ਜੈ ਯਾਦਵ ਨੇ ਦੱਸਿਆ ਕਿ ਰਾਜਲ ਦੇਸਰ ਥਾਣਾ ਖੇਤਰ ਵਿਚ ਪਿੰਡ ਭਾਣੂਦਾ ਵਿਚ ਇਹ ਜਹਾਜ਼ ਕਰੈਸ਼ ਹੋਇਆ ਹੈ ਅਤੇ ਦੋ ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਧਿਆਨ ਰਹੇ ਕਿ ਪਿਛਲੇ 5 ਮਹੀਨਿਆਂ ’ਚ ਦੇਸ਼ ਭਰ ’ਚ ਤਿੰਨ ਜਗੁਆਰ ਕਰੈਸ਼ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਜਗੁਆਰ ਫਾਈਟਰ ਜਹਾਜ਼ ਨੇ ਸ੍ਰੀ ਗੰਗਾਨਗਰ ਦੇ ਨੇੜੇ ਸੂਰਤਗੜ੍ਹ ਏਅਰਬੇਸ ਤੋਂ ਉਡਾਨ ਭਰੀ ਸੀ। ਸਥਾਨਕ ਲੋਕਾਂ ਦਾ ਦੱਸਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਜਹਾਜ਼ ਦੀ ਗੜਗੜਾਹਟ ਸੁਣਾਈ ਦਿੱਤੀ ਅਤੇ ਫਿਰ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਫੌਜ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

