ਪੰਜਾਬ ਦੇ ਵਿੱਤ ਮੰਤਰੀ ਚੀਮਾ ਵੱਲੋਂ ਅਲਬਰਟਾ ਦੇ ਵਫ਼ਦ ਨਾਲ ਅਹਿਮ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਕੈਨੇਡਾ ਦੇ ਇੱਕ ਉੱਚ ਪੱਧਰੀ ਵਫਦ ਦੀ ਮੇਜ਼ਬਾਨੀ ਕੀਤੀ।
ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਦੀ ਰਸਮੀ ਬੇਨਤੀ ਤਹਿਤ ਹੋਏ ਇਸ ਮੀਟਿੰਗ ਦੌਰਾਨ ਪੰਜਾਬ ਅਤੇ ਅਲਬਰਟਾ ਸੂਬਿਆਂ ਵਿਚਾਲੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਾਂਝ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
ਕੈਨੇਡੀਅਨ ਵਫ਼ਦ ਦੀ ਅਗਵਾਈ ਅਲਬਰਟਾ ਸਰਕਾਰ ਦੀ ਸਵਦੇਸ਼ੀ ਸਬੰਧਾਂ ਬਾਰੇ ਮੰਤਰੀ ਰਾਜਨ ਸਾਹਨੀ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰੀਮੀਅਰ ਦਫ਼ਤਰ ਦੇ ਸਟੇਕਹੋਲਡਰਜ਼ ਐਡਮਿਨਿਸਟ੍ਰੇਟਰ ਜਤਿੰਦਰ ਸਿੰਘ ਤਤਲਾ, ਅਲਬਰਟਾ ਦੀ ਯੂਨਾਈਟਿਡ ਕੰਸਰਵੇਟਿਵ ਪਾਰਟੀ ਦੇ ਆਗੂ ਦੇ ਸੀਨੀਅਰ ਸਲਾਹਕਾਰ ਹੈਪੀ ਮਾਨ, ਸਵਦੇਸ਼ੀ ਸਬੰਧਾਂ ਦੇ ਵਿਭਾਗ ਵਿੱਚ ਕਾਰਜਕਾਰੀ ਸੰਚਾਲਨ ਦੀ ਕਾਰਜਕਾਰੀ ਨਿਰਦੇਸ਼ਕ ਜੇਨੇਵੀਵ ਟਰਕੋਟ, ਜਗਰੂਪ ਕਾਲੋਂ, ਜਸਵਿੰਦਰ ਗਰੇਵਾਲ ਅਤੇ ਪੁਨੀਤ ਕੁਮਾਰ ਗੋਇਲ ਵੀ ਸ਼ਾਮਲ ਸਨ।
ਮੀਟਿੰਗ ਦੌਰਾਨ ‘ਇਨਵੈਸਟ ਪੰਜਾਬ’ ਦੇ ਅਧਿਕਾਰੀਆਂ ਨੇ ਸੂਬੇ ਵਿੱਚ ਮੌਜੂਦ ਨਿਵੇਸ਼ ਦੇ ਵੱਖ-ਵੱਖ ਮੌਕਿਆਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਇੱਕ ਵੀਡੀਓ ਅਤੇ ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਵਫ਼ਦ ਨੂੰ ਪੰਜਾਬ ਦੇ ਉਦਯੋਗਿਕ ਢਾਂਚੇ ਅਤੇ ਸੂਬਾ ਸਰਕਾਰ ਵੱਲੋਂ ‘ਈਜ਼ ਆਫ ਡੂਇੰਗ ਬਿਜ਼ਨਸ’ (ਕਾਰੋਬਾਰ ਕਰਨ ਦੀ ਸੌਖ) ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਅਲਬਰਟਾ ਸਰਕਾਰ ਦੀ ਮੰਤਰੀ ਰਾਜਨ ਸਾਹਨੀ ਨੇ ਕਿਹਾ ਕਿ ਵਫ਼ਦ ਇਨਵੈਸਟ ਪੰਜਾਬ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਦਾ ਇੱਛੁਕ ਹੈ ਅਤੇ ਅਸੀਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਦੁਆਰਾ ਅਪਣਾਈ ਗਈ ਸਰਗਰਮ ਪਹੁੰਚ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਇਹ ਦੌਰਾ ‘ਇੰਡੀਆ ਐਨਰਜੀ ਵੀਕ’ ਨਾਲ ਜੁੜੇ ਵਫ਼ਦ ਦੇ ਵਿਆਪਕ ਭਾਰਤ ਮਿਸ਼ਨ ਦਾ ਇੱਕ ਅਹਿਮ ਹਿੱਸਾ ਹੈ। ਇਸ ਦੌਰਾਨ ਸਹਿਯੋਗ ਦੇ ਰਾਹ ਤਲਾਸ਼ਣ ਲਈ ਭਾਰਤ ਦੇ ਪ੍ਰਮੁੱਖ ਕੇਂਦਰਾਂ ਵਿੱਚ ਸੀਨੀਅਰ ਸਰਕਾਰੀ ਆਗੂਆਂ ਅਤੇ ਨਿੱਜੀ ਖੇਤਰ ਦੇ ਭਾਈਵਾਲਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤਕਨਾਲੋਜੀ ਅਤੇ ਨਵੀਨਤਾ ਅਜਿਹੇ ਪ੍ਰਮੁੱਖ ਖੇਤਰ ਹਨ ਜਿੱਥੇ ਅਲਬਰਟਾ ਅਤੇ ਪੰਜਾਬ ਦੁਵੱਲੇ ਵਿਕਾਸ ਲਈ ਸਹਿਯੋਗ ਕਰ ਸਕਦੇ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਜਿਹੀਆਂ ਲੰਬੇ ਸਮੇਂ ਦੀਆਂ ਕੌਮਾਂਤਰੀ ਸਾਂਝੇਦਾਰੀਆਂ ਬਣਾਉਣ ਲਈ ਪੰਜਾਬ ਦੀ ਵਚਨਬੱਧਤਾ ਨੂੰ ਦੁਹਰਾਇਆ ਜੋ ਸਿਰਫ਼ ਵਪਾਰ ਤੱਕ ਸੀਮਤ ਨਾ ਹੋ ਕੇ ਟਿਕਾਊ ਵਿਕਾਸ ਅਤੇ ਸਾਂਝੀ ਖੁਸ਼ਹਾਲੀ ‘ਤੇ ਕੇਂਦਰਿਤ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੇ ਸਾਰਥਕ ਸਹਿਯੋਗ ਲਈ ਤਿਆਰ ਹੈ ਜੋ ਦੋਵਾਂ ਸੂਬਿਆਂ ਲਈ ਲਾਹੇਵੰਦ ਹੋਵੇ ਅਤੇ ਨਵੀਨਤਾ-ਸੰਚਾਲਿਤ ਵਿਕਾਸ ਰਾਹੀਂ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇ।
ਇਸ ਮੌਕੇ ਵਿੱਤ ਮੰਤਰੀ ਦੇ ਨਾਲ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ, ਉਦਯੋਗ ਸਕੱਤਰ ਮਹਿੰਦਰ ਪਾਲ, ਇਨਵੈਸਟ ਪੰਜਾਬ ਦੇ ਵਧੀਕ ਸੀ.ਈ.ਓ ਰੁਬਿੰਦਰਜੀਤ ਸਿੰਘ ਬਰਾੜ ਅਤੇ ਬਿਜਲੀ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਸਈਦ ਸਹਿਰਿਸ਼ ਅਸਗਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਕੈਨੇਡਾ ਤੇ ਪੰਜਾਬ ਵਿਚਾਲੇ ਵਧੇਗੀ ਆਰਥਿਕ ਸਾਂਝ
RELATED ARTICLES

