ਪਿਛਲੇ ਸਾਲ ਦੇ ਮੁਕਾਬਲੇ 19.3% ਹੇਠਾਂ ਆਈਆਂ ਕੀਮਤਾਂ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਅਤੇ ਵਿਕਰੀ ਵਿੱਚ ਕਮਜ਼ੋਰੀ ਦਾ ਸਿਲਸਿਲਾ ਘੱਟੋ-ਘੱਟ ਇਸ ਸਾਲ ਦੇ ਪਹਿਲੇ ਅੱਧ ਤੱਕ ਜਾਰੀ ਰਹੇਗਾ। ਇਹ ਅਨੁਮਾਨ ਉਦੋਂ ਆਇਆ ਹੈ ਜਦੋਂ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੀ ਰਿਪੋਰਟ ਅਨੁਸਾਰ ਜਨਵਰੀ ਮਹੀਨੇ ਵਿੱਚ ਘਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੀ ਜਨਵਰੀ ਦੀ ਤੁਲਨਾ ਵਿਚ 19.3% ਕਮੀ ਦਰਜ ਹੋਈ।
ਇਸੇ ਦੌਰਾਨ, ਘਰ ਦੀ ਔਸਤ ਵਿਕਰੀ ਕੀਮਤ ਵੀ 6.5% ਘਟ ਗਈ, ਜਦਕਿ ਮਾਰਕੀਟ ਵਿੱਚ ਉਪਲਬਧ ਘਰਾਂ ਦੀ ਗਿਣਤੀ 8.1% ਵੱਧ ਦਰਜ ਹੋਈ। ਬੋਰਡ ਮੁਤਾਬਕ, ਜਨਵਰੀ ਵਿੱਚ ਕੁੱਲ 3,082 ਘਰ ਵੇਚੇ ਗਏ। ਇਸ ਮਹੀਨੇ ਘਰ ਦੀ ਔਸਤ ਕੀਮਤ $973,289 ਰਹੀ।
ਬਾਜ਼ਾਰ ਵਿੱਚ 17,975 ਘਰ ਵਿਕਰੀ ਲਈ ਮੌਜੂਦ ਸਨ। ਬੋਰਡ ਦਾ ਕਹਿਣਾ ਹੈ ਕਿ ਮਾਰਕੀਟ ਵਿੱਚ ਘਰਾਂ ਦੀ ਵੱਧ ਸਪਲਾਈ ਕਾਰਨ 2026 ਦੇ ਪਹਿਲੇ ਅੱਧੇ ਹਿੱਸੇ ਵਿੱਚ ਔਸਤ ਕੀਮਤਾਂ ਹੋਰ ਘੱਟ ਰਹਿ ਸਕਦੀਆਂ ਹਨ। ਹਾਲਾਂਕਿ, ਜੇ ਸਾਲ ਦੇ ਦੂਜੇ ਹਿੱਸੇ ਵਿੱਚ ਗਾਹਕਾਂ ਵਿਚ ਰੀਅਲ ਅਸਟੇਟ ਮਾਰਕੀਟ ਨੂੰ ਲੈਕੇ ਭਰੋਸਾ ਬਿਹਤਰ ਹੁੰਦਾ ਹੈ, ਤਾਂ ਕੀਮਤਾਂ ਵਿੱਚ ਸਥਿਰਤਾ ਆ ਸਕਦੀ ਹੈ। ਟਰੇਬ ਦੇ ਪ੍ਰਧਾਨ ਡੇਨੀਅਲ ਸਟੀਨਫੈਲਡ ਨੇ ਕਿਹਾ ਕਿ ਆਰਥਿਕ ਅਨਿਸ਼ਚਿਤਤਾ ਕਾਰਨ ਲੋਕ ਹਾਲੇ ਵੀ ਲੰਬੇ ਸਮੇਂ ਵਾਲੇ ਮੌਰਗੇਜ ਭੁਗਤਾਨਾਂ ਲਈ ਪਾਬੰਦ ਹੋਣ ਤੋਂ ਝਿਜਕ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਆਰਥਿਕ ਹਾਲਾਤ ਬਾਰੇ ਹੋਰ ਸਪਸ਼ਟਤਾ ਆਉਂਦੀ ਹੈ, ਤਾਂ ਹੋਰ ਖਰੀਦਦਾਰ ਮਾਰਕੀਟ ਵੱਲ ਆ ਸਕਦੇ ਹਨ। ਇੱਕ ਸਰਵੇਖਣ ਮੁਤਾਬਕ, ਗ੍ਰੇਟਰ ਟੋਰਾਂਟੋ ਏਰੀਆ ਵਿੱਚ 2026 ਲਈ ਘਰ ਖਰੀਦਣ ਦਾ ਇਰਾਦਾ ਰੱਖਣ ਵਾਲੇ ਲੋਕਾਂ ਦੀ ਹਿੱਸੇਦਾਰੀ ਪਿਛਲੇ ਸਾਲ ਦੇ ਮੁਕਾਬਲੇ ਪੰਜ ਫ਼ੀਸਦ ਅੰਕ ਘਟ ਕੇ 22% ਰਹਿ ਗਈ ਹੈ।
ਜਨਵਰੀ ਮਹੀਨੇ ਦੌਰਾਨ ਜੀਟੀਏ ਵਿਚ ਘਰਾਂ ਦੀ ਵਿਕਰੀ ਅਤੇ ਕੀਮਤਾਂ ਵਿਚ ਗਿਰਾਵਟ ਦਰਜ
RELATED ARTICLES

