-4 C
Toronto
Friday, February 6, 2026
spot_img
Homeਹਫ਼ਤਾਵਾਰੀ ਫੇਰੀਵਿਦੇਸ਼ਾਂ 'ਚ ਅਣਅਧਿਕਾਰਤ ਭਾਰਤੀ ਕਾਮੇ ਇਮੀਗ੍ਰੇਸ਼ਨ ਅਥਾਰਟੀ ਦੀ ਰਡਾਰ 'ਤੇ

ਵਿਦੇਸ਼ਾਂ ‘ਚ ਅਣਅਧਿਕਾਰਤ ਭਾਰਤੀ ਕਾਮੇ ਇਮੀਗ੍ਰੇਸ਼ਨ ਅਥਾਰਟੀ ਦੀ ਰਡਾਰ ‘ਤੇ

ਕੈਨੇਡਾ ਦੀ ਇਮੀਗ੍ਰੇਸ਼ਨ ਅਥਾਰਟੀ ਨੇ ਵੀ ਗੈਰਕਾਨੂੰਨੀ ਕਾਮਿਆਂ ‘ਤੇ ਛਾਪੇ ਕੀਤੇ ਤੇਜ਼
ਟੋਰਾਂਟੋ, ਚੰਡੀਗੜ੍ਹ/ਬਿਊਰੋ ਨਿਊਜ਼ : ਸੁਨਹਿਰੇ ਭਵਿੱਖ ਦੀ ਭਾਲ ਵਿੱਚ ਵਿਦੇਸ਼ ਗਏ ਹਜ਼ਾਰਾਂ ਭਾਰਤੀਆਂ ਲਈ ਹੁਣ ਮੁਸੀਬਤ ਖੜ੍ਹੀ ਹੋ ਗਈ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਅਣਅਧਿਕਾਰਤ ਤੌਰ ‘ਤੇ ਰਹਿ ਰਹੇ ਭਾਰਤੀ ਕਾਮੇ ਹੁਣ ਪ੍ਰਸ਼ਾਸਨ ਦੀ ਰਡਾਰ ‘ਤੇ ਹਨ। ਕੈਨੇਡਾ ਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਅਥਾਰਟੀ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਗੈਰਕਾਨੂੰਨੀ ਕਾਮਿਆਂ ‘ਤੇ ਛਾਪੇ ਤੇਜ਼ ਕੀਤੇ ਹੋਏ ਹਨ। ਉਸਾਰੀ ਵਾਲੀਆਂ ਥਾਵਾਂ, ਰੈਸਟੋਰੈਂਟ, ਫਾਰਮ ਅਤੇ ਗੋਦਾਮਾਂ ਵਿੱਚੋਂ ਵੀਜ਼ਾ ਮਿਆਦ ਪੁਗਾ ਚੁੱਕੇ ਜ਼ਿਆਦਾਤਰ ਸਾਬਕਾ ਵਿਦਿਆਰਥੀ ਜਾਂ ਅਸਥਾਈ ਕਾਮਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਡਿਪੋਰਟੇਸ਼ਨ (ਦੇਸ਼ ਨਿਕਾਲੇ) ਦੇ ਨੋਟਿਸ ਜਾਰੀ ਕੀਤੇ ਗਏ ਹਨ।
15 ਅਕਤੂਬਰ ਨੂੰ ਕੈਲਗਰੀ ਵਿੱਚ ਇੱਕ ਉਸਾਰੀ ਵਾਲੀ ਥਾਂ ‘ਤੇ ਮਾਰੇ ਛਾਪੇ ਵਿੱਚ ਚਾਰ ਅਣਅਧਿਕਾਰਤ ਕਾਮਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਭਾਰਤੀ ਹੁਣ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਸਤੰਬਰ ਵਿੱਚ ਟੋਰਾਂਟੋ ਦੇ ਪੀਲ ਖੇਤਰ ‘ਚ ਅਜਿਹੀਆਂ ਕਾਰਵਾਈਆਂ ਦੌਰਾਨ 50 ਤੋਂ ਵੱਧ ਭਾਰਤੀ ਕਾਮੇ ਫੜੇ ਗਏ, ਜਿਨ੍ਹਾਂ ਵਿੱਚ ਬਹੁਤ ਸਾਰੇ ਕਾਮੇ ਪੰਜਾਬ ਤੋਂ ਸਨ। ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ ਕੰਮ ਵਾਲੀਆਂ ਥਾਵਾਂ ਦੀ ਅਚਾਨਕ ਜਾਂਚ 2024 ਦੇ ਮੁਕਾਬਲੇ ਲਗਪਗ 25 ਫੀਸਦੀ ਵਧੀ ਹੈ। ਇਸ ਸਖ਼ਤੀ ਦੌਰਾਨ ਭਾਰਤੀ ਨਾਗਰਿਕ ਫੜੇ ਜਾਣ ਵਾਲੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਹਨ। ਅਧਿਕਾਰਤ ਅੰਕੜੇ ਦੱਸਦੇ ਹਨ ਕਿ ਕੈਨੇਡਾ ਤੋਂ ਬਰਖਾਸਤ ਕੀਤੇ ਜਾਣ ਦੇ ਮਾਮਲੇ ਵਿੱਚ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਅਪ੍ਰੈਲ 2024 ਤੋਂ ਅਗਸਤ 2025 ਦੇ ਵਿਚਕਾਰ 2200 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਾਲਮੇਲ ਨਾਲ, ਚਾਰਟਰਡ ਉਡਾਣਾਂ ਰਾਹੀਂ ਦੇਸ਼ ਵਾਪਸੀਆਂ ਨੂੰ ਤੇਜ਼ ਕਰ ਰਹੀ ਹੈ। ਫਰਵਰੀ ਵਿੱਚ, ਇੱਕ ਅਜਿਹੇ ਸਾਂਝੇ ਆਪਰੇਸ਼ਨ ਵਿੱਚ 106 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਸੀ। ਕੈਨੇਡਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਾਜ਼ਾ ਕਾਰਵਾਈਆਂ ਨੇ 50 ਹਜ਼ਾਰ ਤੋਂ 1 ਲੱਖ ਅਣਅਧਿਕਾਰਤ ਭਾਰਤੀਆਂ ਲਈ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲ ਹੀ ਵਿੱਚ ਆਈ ਇੱਕ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਗ਼ੈਰਕਨੂੰਨੀ ਤੌਰ ‘ਤੇ ਮੌਜੂਦ 32 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ।
ਜਸਟਿਸ ਸੂਰਿਆ ਕਾਂਤ ਭਾਰਤ ਦੇ ਚੀਫ ਜਸਟਿਸ ਨਿਯੁਕਤ
ਨਵੀਂ ਦਿੱਲੀ : ਜਸਟਿਸ ਸੂਰਿਆ ਕਾਂਤ ਨੂੰ ਭਾਰਤ ਦੇ 53ਵੇਂ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ ਅਤੇ ਉਹ 24 ਨਵੰਬਰ ਨੂੰ ਅਹੁਦਾ ਸੰਭਾਲਣਗੇ। ਇਸ ਨਿਯੁਕਤੀ ਦਾ ਐਲਾਨ ਕੇਂਦਰੀ ਕਾਨੂੰਨ ਮੰਤਰਾਲੇ ਦੇ ਨਿਆਂ ਵਿਭਾਗ ਨੇ ਕਰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਸਟਿਸ ਸੂਰਿਆ ਕਾਂਤ ਜਸਟਿਸ ਬੀ ਆਰ ਗਵੱਈ ਦੀ ਥਾਂ ਲੈਣਗੇ ਜੋ 23 ਨਵੰਬਰ ਨੂੰ ਅਹੁਦਾ ਛੱਡ ਰਹੇ ਹਨ। ਸੂਰਿਆ ਕਾਂਤ ਲਗਪਗ 15 ਮਹੀਨਿਆਂ ਲਈ ਸੀਜੇਆਈ ਰਹਿਣਗੇ ਅਤੇ 9 ਫਰਵਰੀ, 2027 ਨੂੰ 65 ਸਾਲ ਦੀ ਉਮਰ ਪੂਰੀ ਕਰਨ ‘ਤੇ ਅਹੁਦਾ ਛੱਡ ਦੇਣਗੇ। ਸੂਰਿਆ ਕਾਂਤ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਉਹ 24 ਮਈ, 2019 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸਨ।
ਕੈਨੇਡਾ ਪੋਸਟ ਵੱਲੋਂ ਸਿੱਖ ਫੌਜੀਆਂ ਦੇ ਸਨਮਾਨ ‘ਚ ਜਾਰੀ ਕੀਤੀ ਜਾਵੇਗੀ ਯਾਦਗਾਰੀ ਡਾਕ ਟਿਕਟ
ਓਟਵਾ : ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ ਕਿ ਉਹ ਸਿੱਖ ਫੌਜੀਆਂ ਦੇ ਬਹਾਦਰੀ ਭਰੇ ਯੋਗਦਾਨ ਲਈ ਉਨ੍ਹਾਂ ਦੇ ਸਨਮਾਨ ‘ਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ। ਇਹ ਟਿਕਟ ਪਹਿਲੀ ਅਤੇ ਦੂਜੀ ਵਿਸ਼ਵ ਯੁੱਧ ਵਿੱਚ ਸਿੱਖ ਸੈਨਿਕਾਂ ਵੱਲੋਂ ਦਿੱਤੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਸਮਰਪਿਤ ਹੋਵੇਗੀ। ਇਸ ਵਿਸ਼ੇਸ਼ ਟਿਕਟ ‘ਤੇ ਸਿੱਖ ਸੈਨਿਕਾਂ ਦੀ ਤਸਵੀਰ ਦਰਸਾਈ ਜਾਵੇਗੀ, ਜੋ ਕੈਨੇਡਾ ਦੇ ਇਤਿਹਾਸ ਵਿੱਚ ਸਿੱਖਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੀ ਹੈ।
ਕੈਨੇਡਾ ਪੋਸਟ ਅਨੁਸਾਰ, ਇਹ ਟਿਕਟ ਨਵੰਬਰ ਮਹੀਨੇ ਵਿੱਚ ‘ਰਿਮੈਂਬਰੈਂਸ ਡੇਅ’ ਮੌਕੇ ਜਾਰੀ ਕੀਤੀ ਜਾਵੇਗੀ ਤਾਂ ਜੋ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਸਿੱਖ ਕਮਿਊਨਿਟੀ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ ਅਤੇ ਇਸਨੂੰ ਸਿੱਖਾਂ ਦੇ ਇਤਿਹਾਸਕ ਯੋਗਦਾਨ ਦੀ ਸਵੀਕਾਰਤਾ ਵਜੋਂ ਦੇਖਿਆ ਜਾ ਰਿਹਾ ਹੈ। ਰਿਮੈਂਬਰੈਂਸ ਡੇਅ ਬੁੱਕਣ ਸਿੰਘ ਦੀ ਕਬਰ ‘ਤੇ ਮਨਾਇਆ ਜਾਂਦਾ ਹੈ, ਜੋ ਕਿ ਵਿਸ਼ਵ ਯੁੱਧਾਂ ਵਿੱਚੋਂ ਕੈਨੇਡਾ ਵਿੱਚ ਇੱਕ ਸਿੱਖ ਸੈਨਿਕ ਦੀ ਇਕਲੌਤੀ ਜਾਣੀ-ਪਛਾਣੀ ਫੌਜੀ ਕਬਰ ਹੈ। ਇਤਿਹਾਸਕ ਰਿਕਾਰਡ ਦੱਸਦੇ ਹਨ ਕਿ ਜਦੋਂ ਹਜ਼ਾਰਾਂ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਕੈਨੇਡੀਅਨ ਫੌਜ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਸੀ, ਤਾਂ ਸਿਰਫ ਦਸ ਸਿੱਖ ਸੈਨਿਕਾਂ ਨੂੰ ਸਵੀਕਾਰ ਕੀਤਾ ਗਿਆ ਸੀ। ਬੁੱਕਣ ਸਿੰਘ ਉਨ੍ਹਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਨੇ ਫਰਾਂਸ ਅਤੇ ਬੈਲਜੀਅਮ ਵਿੱਚ 20ਵੀਂ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਨਾਲ ਲੜਾਈ ਲੜੀ ਸੀ। ਉਹ ਜ਼ਖਮੀ ਹੋ ਗਏ ਸਨ ਅਤੇ 1919 ਵਿੱਚ ਕਿਚਨਰ ਓਨਟਾਰੀਓ ਦੇ ਇੱਕ ਕੈਨੇਡੀਅਨ ਫੌਜੀ ਹਸਪਤਾਲ ਵਿੱਚ ਉਨ੍ਹਾਂ ਦੀ ਜਾਨ ਚਲੇ ਗਈ ਸੀ।

 

RELATED ARTICLES
POPULAR POSTS