12.7 C
Toronto
Friday, November 6, 2026
spot_img
Homeਹਫ਼ਤਾਵਾਰੀ ਫੇਰੀਅਮਰੀਕੀ ਮੱਧਕਾਲੀ ਚੋਣਾਂ 'ਚ ਟਰੰਪ ਦੀ ਹਾਰ

ਅਮਰੀਕੀ ਮੱਧਕਾਲੀ ਚੋਣਾਂ ‘ਚ ਟਰੰਪ ਦੀ ਹਾਰ

ਅਮਰੀਕੀ ਮੱਧਕਾਲੀ ਚੋਣਾਂ ‘ਚ ਟਰੰਪ ਦੀ ਹਾਰਡੈਮੋਕ੍ਰੇਟਿਕਾਂ ਦੀ ਜਿੱਤ ਤੋਂ ਬਾਅਦ ਕੈਨੇਡਾ ਨਾਲ ਵਪਾਰਕ ਸਬੰਧ ਸੁਧਰਨ ਦੀ ਜਾਗੀ ਉਮੀਦ
ਟੋਰਾਂਟੋ/ਪ੍ਰਭਜੋਤ ਸਿੰਘ (Local Journalism Initiative Reporter)
ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਹਾਰ ਹੋਈ ਹੈ। ਇਸਦੇ ਚੱਲਦਿਆਂ ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਕੈਨੇਡਾ ਨਾਲ ਵਪਾਰਕ ਸਬੰਧ ਸੁਧਰਨ ਦੀ ਉਮੀਦ ਜਾਗੀ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਆਗੂ ਜੈਮੀ ਰਾਸਕਿਨ ਨੇ ਕਿਹਾ ਹੈ ਕਿ ਕਾਂਗਰਸ ਦਾ ਕੰਟਰੋਲ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਕੈਨੇਡਾ ਸਮੇਤ ਸਹਿਯੋਗੀ ਦੇਸ਼ਾਂ ‘ਤੇ ਲਗਾਏ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਖਤਮ ਕਰਨ ਲਈ ਤੇਜ਼ੀ ਨਾਲ ਕਦਮ ਚੁੱਕੇਗੀ।
ਮੈਰੀਲੈਂਡ ਤੋਂ ਕਾਂਗਰਸ ਮੈਨ ਅਤੇ ਹਾਊਸ ਜੁਡੀਸ਼ਰੀ ਕਮੇਟੀ ਦੇ ਮੌਜੂਦਾ ਰੈਂਕਿੰਗ ਮੈਂਬਰ ਰਾਸਕਿਨ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਨਾਲ ਆਜ਼ਾਦ ਅਤੇ ਨਿਰਪੱਖ ਵਪਾਰ ਉਨ੍ਹਾਂ ਦੀ ਪਾਰਟੀ ਦੇ ਏਜੰਡੇ ਦਾ ਅਹਿਮ ਹਿੱਸਾ ਹੋਵੇਗਾ। ਉਨ੍ਹਾਂ ਉਮੀਦ ਜਤਾਈ ਕਿ ਨਵੀਂ ਕਾਂਗਰਸ ਦੇ ਜਨਵਰੀ ਵਿੱਚ ਕੰਮ ਸੰਭਾਲਣ ਤੋਂ ਬਾਅਦ ਪਹਿਲੇ 100 ਦਿਨਾਂ ਵਿੱਚ ਇਸ ਦਿਸ਼ਾ ਵਿੱਚ ਕਾਰਵਾਈ ਹੋਵੇਗੀ। ਰਾਸਕਿਨ ਨੇ ਕਿਹਾ ਕਿ ਅਮਰੀਕੀ ਸੰਵਿਧਾਨ ਅਨੁਸਾਰ ਟੈਕਸਾਂ ਅਤੇ ਟੈਰਿਫ ਬਾਰੇ ਫੈਸਲਾ ਕਰਨ ਦਾ ਅਧਿਕਾਰ ਕਾਂਗਰਸ ਕੋਲ ਹੈ ਅਤੇ ਡੈਮੋਕ੍ਰੇਟਿਕ ਪਾਰਟੀ ਇਸ ਅਧਿਕਾਰ ਦੀ ਵਰਤੋਂ ਕਰੇਗੀ।
ਇਸੇ ਦੌਰਾਨ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਕਿਹਾ ਕਿ ਅਮਰੀਕੀ ਚੋਣਾਂ ਦੇ ਨਤੀਜਿਆਂ ਨਾਲ ਕੈਨੇਡਾ ਦੀ ਰਣਨੀਤੀ ਵਿੱਚ ਤੁਰੰਤ ਕੋਈ ਤਬਦੀਲੀ ਨਹੀਂ ਆਵੇਗੀ। ਉਨ੍ਹਾਂ ਮੁਤਾਬਕ ਟਰੰਪ ਅਤੇ ਉਨ੍ਹਾਂ ਦੀ ਕੈਬਨਿਟ ਹਾਲੇ ਸੱਤਾ ਵਿੱਚ ਹਨ, ਇਸ ਲਈ ਵਪਾਰਕ ਗੱਲਬਾਤ ਉਨ੍ਹਾਂ ਨਾਲ ਹੀ ਜਾਰੀ ਰਹੇਗੀ।
ਕੈਨੇਡਾ ਵੱਲੋਂ ਵਾਹਨ ਉਦਯੋਗ, ਸਟੀਲ, ਐਲਮੋਨੀਅਮ ਅਤੇ ਸਾਫ਼ਟ ਵੁੱਡ ਲੱਕੜ ‘ਤੇ ਲੱਗੇ ਅਮਰੀਕੀ ਟੈਰਿਫ਼ ਘਟਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਮਰੀਕਾ ਨੇ ਕੈਨੇਡਾ ਦੀਆਂ ਕੁਝ ਅਹਿਮ ਸ਼ਰਤਾਂ ‘ਤੇ ਆਪਣਾ ਰੁਖ਼ ਨਰਮ ਕੀਤਾ ਹੈ, ਹਾਲਾਂਕਿ ਸਮਝੌਤੇ ਲਈ ਅਜੇ ਕਈ ਮੁੱਦੇ ਹੱਲ ਹੋਣੇ ਬਾਕੀ ਹਨ। ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਦੇ ਬਾਵਜੂਦ ਟੈਰਿਫ਼ ਖ਼ਤਮ ਕਰਨ ਦਾ ਰਾਹ ਆਸਾਨ ਨਹੀਂ ਹੋਵੇਗਾ। ਰਾਸ਼ਟਰਪਤੀ ਟਰੰਪ ਕੋਲ ਕਾਂਗਰਸ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਵੀਟੋ ਕਰਨ ਦਾ ਅਧਿਕਾਰ ਬਰਕਰਾਰ ਰਹੇਗਾ।
ਵਰਮਾਂਟ ਦੇ ਸੈਨੇਟਰ ਪੀਟਰ ਵੈਲਚ ਨੇ ਵੀ ਕੈਨੇਡਾ ‘ਤੇ ਲਗਾਏ ਗਏ ਟੈਰਿਫ਼ ਖ਼ਤਮ ਕਰਨ ਲਈ ਕਾਨੂੰਨ ਲਿਆਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਟਰੰਪ ਬਿੱਲ ‘ਤੇ ਦਸਤਖ਼ਤ ਕਰਦੇ ਹਨ ਤਾਂ ਅਮਰੀਕਾ ਨੂੰ ਲਾਭ ਹੋਵੇਗਾ, ਪਰ ਜੇ ਉਹ ਵੀਟੋ ਕਰਦੇ ਹਨ ਤਾਂ ਉਨ੍ਹਾਂ ਦੀ ਭੂਮਿਕਾ ਸਪਸ਼ਟ ਹੋ ਜਾਵੇਗੀ। ਕੈਨੇਡਾ ਵਿੱਚ ਸਾਬਕਾ ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨੇ ਕਿਹਾ ਕਿ ਸਿਰਫ਼ ਕਾਂਗਰਸ ਵਿੱਚ ਡੈਮੋਕ੍ਰੇਟਿਕ ਜਿੱਤ ਨਾਲ ਵਪਾਰਕ ਨੀਤੀ ਬਦਲਣ ਦੀ ਗਾਰੰਟੀ ਨਹੀਂ ਮਿਲਦੀ। ਇਸ ਲਈ ਵਾਈਟ ਹਾਊਸ ਦਾ ਸਹਿਯੋਗ ਵੀ ਜ਼ਰੂਰੀ ਹੈ। ਕੰਸਰਵੇਟਿਵ ਆਗੂ ਪੀਅਰੇ ਪੋਇਲੀਵਰ ਨੇ ਮਾਰਕ ਕਾਰਨੀ ਨੂੰ ਚੋਣ ਨਤੀਜਿਆਂ ਦਾ ਲਾਹਾ ਲੈ ਕੇ ਸਾਰੇ ਟੈਰਿਫ਼ ਖ਼ਤਮ ਕਰਵਾਉਣ ਲਈ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ। ਜਦਕਿ ਐਨ ਡੀ ਪੀ ਆਗੂ ਐਵੀ ਲੂਈਸ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਸਾਰੇ ਆਗੂ ਟੈਰਿਫ਼ ਦੇ ਵਿਰੋਧ ਵਿੱਚ ਨਹੀਂ ਹਨ। ਕੁੱਲ ਮਿਲਾ ਕੇ ਅਮਰੀਕੀ ਚੋਣ ਨਤੀਜਿਆਂ ਨੇ ਕੈਨੇਡਾ ਲਈ ਉਮੀਦ ਜ਼ਰੂਰ ਪੈਦਾ ਕੀਤੀ ਹੈ, ਪਰ ਟੈਰਿਫ਼ ਤੋਂ ਰਾਹਤ ਮਿਲਣੀ ਅਜੇ ਵੀ ਟਰੰਪ ਪ੍ਰਸ਼ਾਸਨ ਦੇ ਰੁਖ਼ ਅਤੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ‘ਤੇ ਨਿਰਭਰ ਕਰੇਗੀ।
ਟਰੰਪ ਨੇ ਹਾਰ ਦਾ ਭਾਂਡਾ ਦੂਜਿਆਂ ਸਿਰ ਭੰਨਿਆ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧਕਾਲੀ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਦੀ ਹਾਰ ਦਾ ਠੀਕਰਾ ਦੂਜਿਆਂ ਸਿਰ ਭੰਨਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ ਇਸ ਹਾਰ ਦੀ ਜ਼ਿੰਮੇਵਾਰੀ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਖ਼ੁਦ ਧੂੰਆਂਧਾਰ ਸਭਾਵਾਂ ਕੀਤੀਆਂ ਸਨ ਅਤੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਹੀ ਉਮੀਦਵਾਰ ਸਮਝ ਕੇ ਵੋਟ ਪਾਉਣ, ਪਰ ਹਾਰ ਮਗਰੋਂ ਹੁਣ ਉਹ ਇਸ ਦਾ ਠੀਕਰਾ ਦੂਜਿਆਂ ਦੇ ਸਿਰ ਭੰਨ ਰਹੇ ਹਨ। ਇਨ੍ਹਾਂ ਚੋਣ ਨਤੀਜਿਆਂ ਕਾਰਨ ਅਮਰੀਕੀ ਸੰਸਦ (ਕਾਂਗਰਸ) ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਦਬਦਬਾ ਮੁੜ ਕਾਇਮ ਹੋ ਗਿਆ ਹੈ। ਡੈਮੋਕ੍ਰੇਟਸ ਨੇ ਉਨ੍ਹਾਂ ਕਈ ਸੀਟਾਂ ‘ਤੇ ਵੀ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਨੂੰ ਰਿਪਬਲੀਕਨ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ। ਸਾਊਥ ਕੈਰੋਲਾਇਨਾ ਅਤੇ ਕੰਸਾਸ ਵਿੱਚ ਵੀ ਡੈਮੋਕ੍ਰੇਟਿਕ ਉਮੀਦਵਾਰ ਜੇਤੂ ਰਹੇ, ਜਿੱਥੇ 1932 ਤੋਂ ਬਾਅਦ ਕੋਈ ਡੈਮੋਕ੍ਰੇਟਿਕ ਸੈਨੇਟਰ ਨਹੀਂ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਟੈਕਸਾਸ ਵਿੱਚ ਵੀ ਡੈਮੋਕ੍ਰੇਟਸ ਨੇ ਕਈ ਦਹਾਕਿਆਂ ਬਾਅਦ ਜਿੱਤ ਦਰਜ ਕੀਤੀ ਹੈ।

RELATED ARTICLES
POPULAR POSTS