ਪੰਜਾਬ ਦੇ ਹਰ ਮੁਹੱਲੇ ‘ਚ ਇਕ ਸ਼ਰਾਬ ਦੀ ਭੱਠੀ : ਸੁਪਰੀਮ ਕੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਚ ਨਕਲੀ ਸ਼ਰਾਬ ਦੀ ਵਿਕਰੀ ਬਹੁਤਾਤ ਵਿਚ ਹੋਣ ‘ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ।
ਜਸਟਿਸ ਐਸ.ਆਰ. ਸ਼ਾਹ ਅਤੇ ਸੀ.ਟੀ. ਰਵੀਕੁਮਾਰ ਦੀ ਬੈਂਚ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਡਰੱਗ-ਸ਼ਰਾਬ ਦੀ ਸਮੱਸਿਆ ਪੰਜਾਬ ਵਿਚ ਗੰਭੀਰ ਮੁੱਦਾ ਹੈ। ਪੁਲਿਸ ਕੇਵਲ ਐਫ.ਆਈ.ਆਰ. ਦਰਜ ਕਰਦੀ ਹੈ। ਮਾਮਲਾ ਇਹ ਹੈ ਕਿ ਇੱਥੇ ਹਰ ਮੁਹੱਲੇ ਵਿਚ ਸ਼ਰਾਬ ਦੀ ਭੱਠੀ ਚੱਲ ਰਹੀ ਹੈ। ਗਰੀਬ ਮਰ ਰਹੇ ਹਨ।
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹਲਫਨਾਮਾ ਦਾਇਰ ਕਰਕੇ ਦੱਸੇ ਕਿ ਉਨ੍ਹਾਂ ਨੇ ਨਕਲੀ ਸ਼ਰਾਬ ਦੀ ਵਿਕਰੀ, ਨਿਰਮਾਣ ਨੂੰ ਰੋਕਣ ਲਈ ਕੀ ਕਦਮ ਉਠਾਏ ਹਨ? ਜੇਕਰ ਪੰਜਾਬ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਸਥਾਨਕ ਅਫਸਰਾਂ ਨੂੰ ਜਵਾਬਦੇਹ ਠਹਿਰਾਵਾਂਗੇ। ਇਸ ਮਾਮਲੇ ਵਿਚ ਹੁਣ ਅਗਲੇ ਹਫਤੇ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ‘ਤੇ ਮੁਆਵਜ਼ਾ ਦੇਣ ਦੀ ਮੰਗ ‘ਤੇ ਅਰਜ਼ੀ ਦਾਇਰ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਜੀਤ ਕੁਮਾਰ ਸਿਨਹਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।