ਦੂਜੀ ਅਤੇ ਆਖਰੀ ਕਿਸ਼ਤ
ਆਖ਼ਰੀ ਮਿਸ਼ਨ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਲਾਚਾਰ ਹਾਲਤ ਵਿਚ ਮੈਂ ਆਪਣੇ ਹੱਥ ਅੱਗੇ ਕੀਤੇ। ਦਰਅਸਲ ਮੈਨੂੰ ਆਪਣੇ ਮਾਰੇ ਜਾਣ ਦਾ ਜ਼ਰਾ ਜਿੰਨਾ ਵੀ ਡਰ ਨਹੀਂ ਸੀ। ਫਾਇਰਿੰਗ ਸੂਅਕੈਡ ਦਾ ਸਾਹਮਣਾ ਤਾਂ ਅਜਿਹੇ ਹਾਲਤ ਵਿਚ ਵਰਦਾਨ ਹੀ ਹੋਵੇਗਾ ਜਦ ਕਿ ਮੈਂ ਪੂਰੇ ਰੂਸ ਨੂੰ ਤਬਾਹ ਕਰਨਯੋਗ ਐਟਮੀ ਬੰਬ ਨੂੰ ਨਸ਼ਟ ਕਰ ਚੁੱਕਾ ਸਾਂ। ਹੁਣ ਕੁਝ ਵੀ ਵਾਪਰੇ ਤੀਸਰੇ ਵਿਸ਼ਵ ਯੁੱਧ ਦਾ ਨਤੀਜਾ ਤਾਂ ਬਦਲ ਹੀ ਚੁੱਕਾ ਸੀ ਤੇ ਇਸ ਦੇ ਨਾਲ ਹੀ ਮੇਰਾ ਭਵਿੱਖ ਵੀ ਬਦਲ ਗਿਆ ਸੀ। ਜਿਸ ਵਿਚ ਨਾ ਤਾਂ ਮੇਰੀ ਹੋਂਦ ਸੀ ਤੇ ਨਾ ਹੀ ਸੋਫ਼ੀਆ ਨਾਲ ਕਿਸੇ ਮੁਲਾਕਾਤ ਦਾ ਸਬੱਬ।
‘ਬਾਹਰ ਲੈ ਜਾਓ ਇਸ ਨੂੰ ਤੇ ਗੋਲੀ ਮਾਰ ਦਿਓ!’ ਜਨਰਲ ਚੀਖ਼ ਰਿਹਾ ਸੀ।
ਮੈਂ ਲਗਭਗ ਤਤਪਰਤਾ ਨਾਲ ਹੀ ਮੌਤ ਦੇ ਗਲੇ ਲਗਣ ਲਈ ਚਲ ਪਿਆ। ਮੇਰਾ ਮਨ ਸੋਫ਼ੀਆ ਨਾਲ ਮੇਰੀ ਆਖ਼ਰੀ ਮੁਲਾਕਾਤ ਦੇ ਪਲਾਂ ਵਿਚ ਮਗਨ ਸੀ।
ਉਹ ਤਕਨੀਕੀ ਮਾਹਿਰ ਜਿਸ ਨੇ ਮੈਨੂੰ ਪਛਾਣ ਲਿਆ ਸੀ, ‘ਠਹਿਰੋ!’ ਉਹ ਬੋਲਿਆ। ‘ਸਰ! ਮੈਨੂੰ ਇਸ ਤੋਂ ਪੁੱਛ-ਪੜਤਾਲ ਕਰ ਲੈਣ ਦਿਓ। ਸ਼ਾਇਦ ਕੋਈ ਲਾਭਦਾਇਕ ਜਾਣਕਾਰੀ ਮਿਲ ਜਾਵੇ।’
‘ਕੀ ਫਾਇਦਾ? ਬੰਬ ਤਾਂ ਇਹ ਤਬਾਹ ਕਰ ਹੀ ਚੁੱਕਾ ਹੈ।’ ਪਰ ਉਹ ਪਲ ਕੁ ਲਈ ਰੁਕਿਆ ਜਿਵੇਂ ਦੁਬਿਧਾ ਵਿਚ ਹੋਵੇ ਤੇ ਫਿਰ ਬੋਲਿਆ, ‘ਠੀਕ ਹੈ। ਜੋ ਪੁੱਛਣਾ ਚਾਹੁੰਦੇ ਹੋ ਪੁੱਛ ਲਵੋ। ਨੁਕਸਾਨ ਤਾਂ ਹੁਣ ਹੋ ਹੀ ਚੁੱਕਾ ਹੈ।’
ਜਾਂਚ-ਕੇਂਦਰ ਵਿਚ ਉਦਾਸੀ ਦੇ ਆਲਮ ਵਿਚ ਡੁੱਬਿਆ ਮੈਂ, ਜਾਂਚ ਅਫਸਰ ਦੇ ਤਿੱਖੇ ਸਵਾਲਾਂ ਨੂੰ ਲਗਭਗ ਅਣਸੁਣਿਆ ਹੀ ਕਰ ਰਿਹਾ ਸਾਂ। ਪਰ ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਇਹ ਸੱਭ ਜਾਨਣ ਲਈ ਬਜ਼ਿੱਦ ਸੀ, ਕਿ ਮੈਂ ਕੌਣ ਸਾਂ, ਕਿਥੋਂ ਤੇ ਕਿਉਂ ਆਇਆ ਸਾਂ?
‘ਤੇ ਉਹ ਬੰਬ?’ ਉਸ ਨੇ ਪੁੱਛਿਆ। ‘ਕੀ ਕੀਤਾ ਹੈ ਤੂੰ ਇਸ ਨੂੰ?’
ਮੈਂ ਆਪਣੀ ਬੈਲਟ ਨਾਲ ਲੱਗੇ ਟਾਓਨੇਟਰ ਦੇ ਊਰਜਾ ਸੌਖਣ ਯੰਤਰ ਨੂੰ ਥਪਥਪਾਇਆ। ‘ਮੇਰੇ ਇਸ ਯੰਤਰ ਨੇ ਉਸ ਦੀ ਊਰਜਾ ਨੂੰ ਚੂਸ ਲਿਆ ਹੈ।’ ਮੈਂ ਕਿਹਾ। ‘ਦਰਅਸਲ ਤੁਹਾਡਾ ਬੰਬ ਤਾਂ ਫੱਟਣ ਵਾਲਾ ਹੀ ਸੀ।’
‘ਬੰਬ ਦੀ ਊਰਜਾ ਨੂੰ ਚੂਸ ਲਿਆ? ਉਹ ਕਿਵੇਂ?’
‘ਟਾਓਨੇਟਰ ਦੀ ਮਦਦ ਨਾਲ।’ ਮੈਂ ਕਿਹਾ ਤੇ ਉਸ ਨੂੰ ਦੱਸਿਆ ਕਿ ਕਿਵੇਂ ਟਾਓਨੇਟਰ ਐਟਮੀ ਬੰਬ ਅੰਦਰ ਟੁੱਟ ਰਹੇ ਨਿਊਕਲੀਅਸਾਂ ਵਿਚੋਂ ਪੈਦਾ ਹੋ ਰਹੀ ਊਰਜਾ ਨੂੰ ਚੂਸ ਕੇ ਆਪਣੇ ਸੌਖਣ ਯੰਤਰ ਵਿਚ ਭੰਡਾਰ ਕਰ ਲੈਂਦਾ ਹੈ।’
ਉਸ ਨੇ ਟਾਇਓਨੇਟਰ ਦੇ ਸੌਖਣ ਯੰਤਰ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਅਚਾਨਕ ਹੀ ਉਸ ਦੀਆਂ ਅੱਖਾਂ ਵਿਚ ਕਿਸੇ ਨਵੀਂ ਆਸ ਦੀ ਚਮਕ ਦਿਖਾਈ ਦਿੱਤੀ।
‘ਕੀ ਤੂੰ ਇਸ ਊਰਜਾ ਨੂੰ ਇਸ ਯੰਤਰ ਵਿਚੋਂ ਕੱਢ ਕੇ ਕਿਸੇ ਹੋਰ ਯੰਤਰ ਵਿਚ ਪਾ ਸਕਦਾ ਹੈ?’
‘ਕੀ ਤੂੰ ਐਟਮ-ਬੰਬ ਨੂੰ ਦੁਬਾਰਾ ਕ੍ਰਿਆਸ਼ੀਲ ਕਰਨਾ ਚਾਹੁੰਦਾ ਹੈ?’ ਮੈਂ ਪੁੱਛਿਆ।
‘ਨਹੀਂ! ਬਿਲਕੁਲ ਹੀ ਨਹੀਂ!’ ਉਸ ਨੇ ਸਿਰ ਹਿਲਾਉਂਦੇ ਹੋਏ ਕਿਹਾ। ‘ਮੈਂ ਕੁਝ ਹੋਰ ਸੋਚ ਰਿਹਾ ਸਾਂ।’ ਉਹ ਬੋਲ ਰਿਹਾ ਸੀ। ‘ਕੀ ਤੂੰ ਇਸ ਊਰਜਾ ਨੂੰ ਪੁਲਾੜ ਵਿਚ ਤਿੰਨ ਕਰੋੜ ਕਿਲੋਮੀਟਰ ਦੂਰ ਭੇਜ ਸਕਦਾ ਹੈ?’
ਮੈਂ ਕਿਸੇ ਅਣਕਿਆਸੇ ਹਾਲਾਤ ਦੇ ਡਰ ਕਾਰਣ, ਉਸ ਵੱਲ ਬੌਂਦਲਿਆ ਜਿਹਾ ਦੇਖ ਰਿਹਾ ਸਾਂ।
‘ਮੈਨੂੰ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਹੈ।’
‘ਪਰ ਤੂੰ ਗੜਬੜ ਤਾਂ ਕਰ ਹੀ ਚੁੱਕਾ ਹੈ।’ ਉਹ ਚੀਕਿਆ। ‘ਤੂੰ ਸਾਡਾ ਇਹ ਜੰਗ ਜਿੱਤਣ ਦਾ ਮੌਕਾ ਤਾਂ ਖ਼ਰਾਬ ਕਰ ਹੀ ਚੁੱਕਿਆ ਹੈ। ਜੇ ਤੂੰ ਆਪਣੀ ਜਾਨ ਦੀ ਖ਼ੈਰ ਚਾਹੁੰਦਾ ਹੈ ਤਾਂ ਤੈਨੂੰ ਸਾਡੀ ਮਦਦ ਕਰਨੀ ਹੀ ਪੈਣੀ ਹੈ।’
ਕੁਰਸੀ ‘ਤੇ ਬੈਠਾ ਮੈਂ ਘਬਰਾ ਕੇ ਪਿੱਛੇ ਨੂੰ ਹੋ ਗਿਆ। ਉਹ ਠੀਕ ਹੀ ਕਹਿ ਰਿਹਾ ਸੀ। ਮੇਰੀ ਟ੍ਰੇਨਿੰਗ ਦੇ ਬਾਵਜੂਦ, ਮੇਰੇ ਟ੍ਰੇਨਿੰਗ ਅਫ਼ਸਰ ਤੇ ਸੋਫ਼ੀਆ ਦੇ ਬਾਰ-ਬਾਰ ਚੇਤਾਵਨੀ ਦੇ ਬਾਵਜੂਦ ਮੈਂ ਦੁਸ਼ਮਣ ਦੇ ਸ਼ਿਕੰਜੇ ਵਿਚ ਫਸ ਚੁੱਕਾ ਸਾਂ। ਸ਼ਾਇਦ ਇਨ੍ਹਾਂ ਦੀ ਮਦਦ ਦੇ ਬਹਾਨੇ ਮੈਨੂੰ ਮੌਤ ਦੇ ਖੂਹ ਵਿਚੋਂ ਨਿਕਲਣ ਦਾ ਮੌਕਾ ਮਿਲ ਹੀ ਜਾਵੇ।
‘ਮੈਂ ਤੁਹਾਨੂੰ ਟਾਓਨੇਟਰ ਚਲਾਉਣਾ ਸਿਖਾ ਸਕਦਾ ਹਾਂ।’ ਮੇਰੇ ਮੁਰਦਾ ਜਿਹੇ ਬੋਲ ਸਨ।
ਮੈਂ ਚੁਪਚਾਪ ਬੈਲਟ ਉਤਾਰੀ, ਟਾਓਨੇਟਰ ਨੂੰ ਸੈੱਟ ਕਰ ਉਸ ਨੂੰ ਫੜਾ ਦਿੱਤਾ। ਉਹ ਮੈਨੂੰ ਕਾਲੀ ਹਨੇਰੀ ਰਾਤ ਵਿਚ ਤਾਰਿਆਂ ਜੜ੍ਹੇ ਅੰਬਰ ਹੇਠ ਲੈ ਆਏ। ਉਸ ਨੇ ਦੂਰ ਹਨੇਰੇ ਅੰਬਰ ਵੱਲ ਦੇਖਿਆ ਤੇ ਟਾਓਨੇਟਰ ਨੂੰ ਉਸ ਵੱਲ ਸਿੱਧਾ ਕਰ ਦਿੱਤਾ।
‘ਠਹਿਰੋ!’ ਮੈਂ ਚੀਖਿਆ। ‘ਊਰਜਾ-ਨਿਕਾਸ ਦੇ ਪ੍ਰਭਾਵਾਂ ਤੋਂ ਬਚਣ ਲਈ ਹਰ ਕਿਸੇ ਨੂੰ ਬਿਲਡਿੰਗ ਅੰਦਰ ਜਾਣਾ ਠੀਕ ਰਹੇਗਾ, ਤੇ ਉਹ ਵੀ ਖਿੜਕੀਆਂ ਤੋਂ ਪਰ੍ਹੇ। ਰੌਸ਼ਨੀ ਦੀ ਬਹੁਤ ਵਧੇਰੇ ਚਮਕ ਤੋਂ ਕਾਲੀਆਂ ਐਨਕਾਂ ਹੀ ਅੱਖਾਂ ਦਾ ਬਚਾ ਕਰ ਸਕਣਗੀਆਂ।’ ਆਪਣੀ ਕਾਲੀ ਐਨਕ ਪਹਿਨਦੇ ਮੈਂ ਕਿਹਾ।
ਫੌਜੀ ਅਫ਼ਸਰ ਦਾ ਹੁਕਮ ਸੁਣਦੇ ਹੀ ਸਾਰੇ ਫੌਜੀ ਮਿਲਟਰੀ ਹੈੱਡ ਕੁਆਰਟਰ ਦੀ ਬਿਲਡਿੰਗ ਅੰਦਰ ਚਲੇ ਗਏ। ਬਾਹਰ ਸਿਰਫ਼ ਮੈਂ ਸਾਂ, ਉਹ ਅਫ਼ਸਰ ਤੇ ਇਕ ਹੋਰ ਫੌਜੀ।
ਤਦ ਹੀ ਉਸ ਅਫ਼ਸਰ ਨੇ ਟਾਓਨੇਟਰ ਦੀ ਨਲੀ ਅੰਬਰ ਵੱਲ ਕਰਦੇ ਹੋਏ ਕੋਲ ਖੜ੍ਹੇ ਫੌਜੀ ਨੂੰ ਪੁੱਛਿਆ, ‘ਕੀ ਇਹ ਸੇਧ ਸਹੀ ਹੈ?’
ਫੌਜੀ ਨੇ ਹਾਂ ਵਿਚ ਸਿਰ ਹਿਲਾਇਆ।
ਮਨ ਹੀ ਮਨ ਮੈਂ ਖੁਸ਼ ਸਾਂ ਕਿ ਉਸ ਨੇ ਨਿਸ਼ਾਨਾ ਰੂਸ ਵੱਲ ਨਹੀਂ ਸੀ ਸਾਧਿਆ।
ਤੇ ਉਸ ਅਫ਼ਸਰ ਨੇ ਮੇਰੇ ਦੱਸੇ ਅਨੁਸਾਰ ਟਾਓਨੇਟਰ ਦਾ ਟ੍ਰਿਗਰ ਦਬਾ ਦਿੱਤਾ।
ਆਸਮਾਨੀ ਬਿਜਲੀ ਵਰਗੀ ਤੇਜ਼ ਚਮਕ ਨਜ਼ਰ ਆਈ। ਟਾਓਨੇਟਰ ਦੀ ਨਲੀ ਵਿਚੋਂ ਨਿਕਲ ਰਹੀਆਂ ਲਾਲ-ਨੀਲੀਆਂ ਲਾਟਾਂ ਦੂਰ ਅੰਬਰ ਤਕ ਫੈਲ ਗਈਆਂ। ਮਿੰਟ ਕੁ ਦੇ ਅਰਸੇ ਵਿਚ ਹੀ ਟਾਓਨੇਟਰ ਦੀ ਸਾਰੀ ਸ਼ਕਤੀ ਖ਼ਤਮ ਹੋ ਗਈ। ਹੁਣ ਚਾਰੇ ਪਾਸੇ ਗਹਿਰਾ ਸੰਨਾਟਾ ਸੀ।
ਅਸੀਂ ਤਿੰਨੋਂ ਜਲਦੀ ਨਾਲ ਬਿਲਡਿੰਗ ਅੰਦਰ ਆ ਗਏ।
ਇਕ ਫੌਜੀ ਨੇ ਹੱਥ ਵਿਚ ਫੜੇ ਆਈ-ਪੈਡ ਦੇ ਕੀ-ਬੋਰਡ ਦੇ ਕੁਝ ਬਟਨ ਦੱਬੇ ਤੇ ਸਕਰੀਨ ਉਤਲੀ ਇਬਾਰਤ ਪੜ੍ਹਦਿਆਂ ਹੀ ਬੋਲਿਆ, ‘ਇਸ ਰੌਸ਼ਨੀ-ਬੀਮ ਨੂੰ ਨਿਸ਼ਾਨੇ ਨਾਲ ਟਕਰਾ ਕੇ ਮੁੜਣ ਲਈ ਸਿਰਫ਼ ਤਿੰਨ ਮਿੰਟ ਹੀ ਲਗਣਗੇ।’
ਟਾਓਨੇਟਰ ਚਲਾਉਣ ਵਾਲਾ ਅਫ਼ਸਰ ਮੇਰੇ ਵੱਲ ਮੁੜਿਆ। ‘ਜੇ ਨਿਸ਼ਾਨਾ ਉੱਕ ਜਾਵੇ ਤਾਂ?’ ਸ਼ੱਕ ਭਰੀ ਆਵਾਜ਼ ਵਿਚ ਉਹ ਅਚਾਨਕ ਚੀਖਿਆ। ‘ਉਹ ਤਾਂ ਇੰਨੀ ਦੂਰ ਹੈ ਕਿ ਥੋੜ੍ਹੀ ਜਿਹੀ ਉਕਾਈ ਵੀ ਰੌਸ਼ਨੀ-ਬੀਮ ਨੂੰ ਉਸ ਤੋਂ ਕੋਹਾਂ ਦੂਰ ਲਿਜਾ ਸਕਦੀ ਹੈ।’
ਮੈਂ ਨਾਂਹ ਵਿਚ ਸਿਰ ਹਿਲਾਂਦਿਆਂ ਕਿਹਾ, ‘ਜਿਵੇਂ ਜਿਵੇਂ ਰੌਸ਼ਨੀ-ਬੀਮ ਦੂਰੀ ਤੈਅ ਕਰਦਾ ਹੈ ਇਹ ਖਿੰਡਰਦਾ ਜਾਂਦਾ ਹੈ ਅਤੇ ਰੌਸ਼ਨੀ ਦੇ ਫੋਟੋਨ, ਨਿਸ਼ਾਨੇ ਦੀ ਗੁਰੂਤਾ-ਖਿੱਚ ਕਾਰਣ ਉਸ ਵੱਲ ਖਿੱਚੇ ਜਾਂਦੇ ਹਨ। ਜੇ ਰੌਸ਼ਨੀ-ਬੀਮ ਨਿਸ਼ਾਨੇ ਤੋਂ ਥੋੜ੍ਹਾ ਉੱਕ ਵੀ ਜਾਵੇ ਤਾਂ ਨਿਸ਼ਾਨੇ ਦਾ ਪਦਾਰਥ ਇਸ ਨੂੰ ਆਪਣੇ ਵੱਲ ਖਿੱਚ ਲਵੇਗਾ।’
***
ਉਸ ਨੇ ਸਿਰ ਹਿਲਾਇਆ, ਪਰ ਚੁੱਪ ਹੀ ਰਿਹਾ। ਚਾਰੋਂ ਪਾਸੇ ਚੁੱਪ-ਚਾਂ ਸੀ। ਮੈਂ ਤੇ ਯੂਕਰੇਨ ਦੇ ਲਗਭਗ 100 ਫੌਜੀ ਇਸ ਰਹੱਸ ਭਰੀ ਰਾਤ ਦੇ ਹਨੇਰੇ ਅੰਬਰ ਵੱਲ ਝਾਕ ਰਹੇ ਸਾਂ।
ਤਿੰਨ ਮਿੰਟ ਇੰਨ੍ਹੇ ਹੌਲੀ ਹੌਲੀ ਬੀਤ ਰਹੇ ਸਨ ਜਿਵੇਂ ਇਹ ਤਿੰਨ ਸਾਲ ਲੰਮਾ ਅਰਸਾ ਹੋਵੇ। ਜਿਵੇਂ ਹੀ ਮੇਰੀ ਹੱਥ-ਘੜੀ ਦੀ ਸੈਕਿੰਡਾਂ ਵਾਲੀ ਸੂਈ ਨੇ ਆਪਣਾ ਡੇਢ ਘੁੰਮੇਟਾ ਪੂਰਾ ਕੀਤਾ, ਤਦ ਹੀ ਟਾਓਨੇਟਰ ਦੇ ਊਰਜਾ-ਬੀਮ ਦੀ ਨਿਸ਼ਾਨੇ ਨਾਲ ਟੱਕਰ ਵਾਪਰ ਗਈ।
ਟਾਓਨੇਟਰ ਤੋਂ ਨਿਕਲੇ ਰੌਸ਼ਨੀ-ਬੀਮ ਨੇ ਬ੍ਰਹਿਮੰਡੀ ਤੀਲੀ ਦਾ ਕੰਮ ਕੀਤਾ। ਨਿਸ਼ਾਨੇ ਨਾਲ ਇਸ ਦੀ ਟੱਕਰ ਨੇ ਅਗੰਮੀ ਤੇਜ਼ ਵਾਲੇ ਸੂਰਜ ਨੂੰ ਜਨਮ ਦੇ ਦਿੱਤਾ।
ਅਗਲਾ ਡੇਢ ਮਿੰਟ ਤਾਂ ਜਿਵੇਂ ਉੱਡਣ ਛੂੰ ਹੀ ਹੋ ਗਿਆ ਸੀ। ਹਨੇਰਾ ਤਾਂ ਜਿਵੇਂ ਸਿਰ ‘ਤੇ ਪੈਰ ਰੱਖ ਨੱਸ ਗਿਆ ਸੀ ਤੇ ਸਿਖ਼ਰ ਦੁਪਿਹਰ ਦੀ ਤਪਸ਼ ਆਪਣੇ ਜੋਬਨ ‘ਤੇ ਸੀ। ਇੰਝ ਜਾਪ ਰਿਹਾ ਸੀ ਜਿਵੇਂ ਚਾਰੋਂ ਪਾਸੇ ਅੱਗ ਵਰ੍ਹ ਰਹੀ ਹੋਵੇ। ਅਜਿਹੀ ਤਿੱਖੀ ਚਮਕ ਪਹਿਲਾਂ ਕਦੇ ਨਹੀਂ ਸੀ ਦੇਖੀ। ਊਰਜਾ-ਬੀਮ ਦੇ ਨਿਸ਼ਾਨੇ ਨਾਲ ਟਕਰਾਉਣ ਪਿਛੋਂ ਪੈਦਾ ਹੋਏ ਅਸੀਮ ਵਿਕਿਰਣ ਦੀ ਤੇਜ਼ ਚਮਕ ਨਾਲ ਦਗ ਦਗ ਕਰਦਾ ਸਾਡੇ ਸਾਹਮਣਲਾ ਜੰਗਲ ਅਚਾਨਕ ਲਟ ਲਟ ਬਲਣ ਲੱਗਾ। ਇਕ ਪਲ ਤਾਂ ਮੈਨੂੰ ਅਜਿਹਾ ਲੱਗਿਆ ਕਿ ਨਿਊਕਲੀ ਵਿਕਿਰਣ ਦੀ ਗਰਮੀ ਸਾਨੂੰ ਸੁਆਹ ਹੀ ਕਰ ਦੇਵੇਗੀ।
ਤਦ ਹੀ ਗਰਮੀ ਦੀ ਅਤਿ ਹੋ ਗਈ ਤੇ ਇਸੇ ਅਥਾਹ ਗਰਮੀ ਦੀ ਬਦੌਲਤ ਜਿਵੇਂ ਹੀ ਹਾਈਡ੍ਰੋਜਨ ਪਰਮਾਣੂੰਆਂ ਦਾ ਖਾਤਮਾ ਹੋਇਆ, ਗਰਮੀ ਦੀ ਤੀਬਰਤਾ ਘੱਟਣ ਲੱਗੀ। ਅਗਲੇ ਕੁਝ ਕੁ ਪਲਾਂ ਵਿਚ ਊਰਜਾ ਦਾ ਇਹ ਵਰਤਾਰਾ ਘਟਦਾ ਘਟਦਾ ਖ਼ਤਮ ਹੋ ਗਿਆ।
ਮੈਨੂੰ ਸਮਝ ਨਹੀਂ ਸੀ ਆਈ ਕਿ ਫੌਜੀ ਅਫ਼ਸਰ ਨੇ ਟਾਓਨੇਟਰ ਦੀ ਤਾਕਤ ਨੂੰ ਅੰਜਾਈਂ ਹੀ ਕਿਉਂ ਗੁਆ ਲਿਆ ਸੀ। ਪਰ ਅੰਦਰੂਨੀ ਤੌਰ ਉੱਤੇ ਮੈਂ ਖੁਸ਼ ਸਾਂ ਕਿ ਉਸ ਨੇ ਇਹ ਊਰਜਾ ਮੇਰੇ ਦੇਸ਼ ਦੇ ਖਾਤਮੇ ਲਈ ਨਹੀਂ ਸੀ ਵਰਤੀ।
ਤਦ ਹੀ ਧਰਤੀ ਅੰਦਰ ਅਜੀਬ ਥਰਥਰਾਹਟ ਮਹਿਸੂਸ ਹੋਈ। ਅਗਲੇ ਹੀ ਪਲ, ਇਵੇਂ ਜਾਪਿਆ ਜਿਵੇਂ ਸ਼ਕਤੀਸ਼ਾਲੀ ਭੂਚਾਲ ਨੇ ਸਾਡੇ ਪੈਰਾਂ ਹੋਠੋਂ ਜ਼ਮੀਨ ਖਿਸਕਾ ਦਿੱਤੀ ਹੋਵੇ।
ਅਚਾਨਕ ਹੀ ਮੀਂਹ ਪੂਰੀ ਤੇਜ਼ੀ ਨਾਲ ਪੈਣਾ ਸ਼ੁਰੂ ਹੋ ਗਿਆ ਜਿਵੇਂ ਕੋਈ ਬੱਦਲ ਫੱਟ ਗਿਆ ਹੋਵੇ। ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਾਡੀ ਇਮਾਰਤ ਨੂੰ ਪਾਣੀ ਦੀਆਂ ਤੇਜ਼ ਛੱਲਾਂ ਨੇ ਚਾਰੇ ਪਾਸੇ ਤੋਂ ਘੇਰ ਲਿਆ।
ਮੇਰੀਆਂ ਅੱਖਾਂ ਭਰ ਆਈਆਂ ਸਨ…ਪਤਾ ਨਹੀਂ ਕਿਉਂ। ਉਸ ਫੌਜੀ ਅਫ਼ਸਰ ਦਾ ਮੇਰੇ ਮੋਢੇ ਉੱਤੇ ਰੱਖਿਆ ਹੱਥ ਧਰਵਾਸ ਦਿੰਦਾ ਲਗ ਰਿਹਾ ਸੀ।
‘ਕੋਈ ਹੋਰ ਹੱਲ ਹੀ ਨਹੀਂ ਸੀ।’ ਜ਼ਜਬਾਤਾਂ ਨਾਲ ਲਬਰੇਜ਼ ਉਸ ਦੀ ਆਵਾਜ਼ ਸੁਣਾਈ ਦਿੱਤੀ। ‘ਵਿਸ਼ਵ ਸ਼ਾਂਤੀ ਲਈ ਇਹ ਜ਼ਰੂਰੀ ਸੀ।’ ਉਹ ਕਹਿ ਰਿਹਾ ਸੀ।
ਸਮਝ ਨਹੀਂ ਸੀ ਆ ਰਿਹਾ ਕਿ ਉਹ ਅਜਿਹਾ ਕਿਉਂ ਕਹਿ ਰਿਹਾ ਸੀ।
***
ਅਗਲੀ ਸਵੇਰ ਦੇ ਨਿਊਜ਼ ਬੂਲੇਟਿਨ ਨੇ ਸੱਭ ਕੁਝ ਸਾਫ਼ ਕਰ ਦਿੱਤਾ ਸੀ। ਖ਼ਬਰ ਸੀ, ‘ਪਿਛਲੀ ਰਾਤ, ਯੂਕਰੈਨ ਦੁਆਰਾ ਕੀਤੇ ਨਿਊਕਲੀ ਹਮਲੇ ਦੌਰਾਨ ਰੂਸ ਦਾ ਪੁਲਾੜ ਸਥਿਤ ਮਿਲਟਰੀ ਕੰਟ੍ਰੋਲ ਸੈਂਟਰ ਨਸ਼ਟ ਹੋ ਗਿਆ ਹੈ। ਇਸ ਕੰਟ੍ਰੋਲ ਸੈਂਟਰ ਦੇ ਤਿੰਨ ਵੱਡੇ ਟੁਕੜੇ ਸਾਇਬੇਰੀਆ ਦੇ ਖੇਤਰ ਵਿਚ ਡਿੱਗਣ ਕਾਰਣ, ਰੂਸ ਵਿਖੇ ਰਿਕਟਰ ਪੈਮਾਨੇ ਦੀ 9.6 ਮਾਤਰਾ ਵਾਲਾ ਭੂਚਾਲ ਆਇਆ ਹੈ ਤੇ ਅਨੇਕ ਸ਼ਹਿਰ ਨਸ਼ਟ ਹੋ ਗਏ ਹਨ। ਇਸ ਸੈਂਟਰ ਦੇ ਬਹੁਤ ਹੀ ਗਰਮ ਟੁੱਕੜਿਆਂ ਦੇ ਸਾਇਬੇਰੀਆ ਵਿਖੇ ਡਿੱਗਣ ਨਾਲ ਉਥੋਂ ਦੇ ਗਲੇਸ਼ੀਅਰ ਪਿਘਲ ਗਏ ਹਨ। ਜਿਸ ਕਾਰਣ ਰੂਸ ਦੇ ਅਨੇਕ ਸ਼ਹਿਰ ਤੇ ਯੂਕਰੇਨ ਦੇ ਰੂਸ ਨਾਲ ਲਗਦੇ ਖੇਤਰ ਪਾਣੀ ਹੇਠ ਡੁੱਬ ਗਏ ਹਨ। ਰਾਹਤ ਕਾਰਜ ਲਗਾਤਾਰ ਜਾਰੀ ਹਨ। ਅਜਿਹੇ ਸੰਕਟਮਈ ਹਾਲਾਤ ਕਾਰਣ ਰੂਸੀ ਧੜੇ ਨੇ ਬਿਨ੍ਹਾਂ ਸ਼ਰਤ ਜੰਗਬੰਦੀ ਦਾ ਐਲਾਨ ਕਰਦੇ ਹੋਏ ਸੁਲਹ ਦੀ ਅਪੀਲ ਕੀਤੀ ਹੈ। ਵਿਸ਼ਵ ਸ਼ਾਂਤੀ ਦੀ ਕਾਇਮੀ ਦੇ ਮੱਦੇ ਨਜ਼ਰ ਯੂਕਰੇਨ ਧੜੇ ਵਲੋਂ ਇਹ ਅਪੀਲ ਸਵੀਕਾਰ ਕਰ ਲਏ ਜਾਣ ਪਿੱਛੋਂ ਤੀਸਰੇ ਵਿਸ਼ਵ ਯੁੱਧ ਦਾ ਖ਼ਾਤਮਾ ਹੋ ਗਿਆ ਹੈ। ਇਸ ਘਟਨਾ ਕਾਰਣ ਹੋਏ ਜਾਨ ਮਾਲ ਦੇ ਨੁਕਸਾਨ ਦਾ ਅੰਦਾਜ਼ਾ…।’
ਤੀਸਰੇ ਵਿਸ਼ਵ ਯੁੱਧ ਦੇ ਖ਼ਾਤਮੇ ਦਾ ਐਲਾਨ ਸੁਣਦੇ ਹੀ ਸਾਰੇ ਫੌਜੀ ਖੁਸ਼ੀ ਨਾਲ ਨੱਚ ਉੱਠੇ।
ਤੇ ਮੈਂ ਉਦਾਸ ਹਾਂ ਕਿਉਂ ਕਿ ਮੇਰਾ ਆਖ਼ਰੀ ਮਿਸ਼ਨ – ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ, ਪੂਰੀ ਤਰ੍ਹਾ ਅਸਫ਼ਲ ਹੋ ਚੁੱਕਾ ਹੈ। ਗਨੀਮਤ ਹੈ ਕਿ ਮੈਂ ਯੂਕਰੇਨ ਦੀ ਕੈਦ ਵਿਚ ਹਾਂ ਨਹੀਂ ਤਾਂ ਹੁਣ ਤਕ ਮੇਰਾ ਕੋਰਟ ਮਾਰਸ਼ਲ ਹੋ ਜਾਂ ਤਾਂ ਮੌਤ ਦੀ ਸਜ਼ਾ ਹੋ ਜਾਣੀ ਸੀ ਜਾਂ ਫਿਰ ਫੌਜ ਤੋਂ ਨਿਰਾਦਰੀ ਭਰੀ ਬਰਖ਼ਾਸਤੀ। ਅਜਿਹੇ ਹਾਲਾਤ ਵਿਚ ਮੈਨੂੰ ਦੇਸ਼ ਵਾਪਸੀ ਜਾਂ ਸੋਫ਼ੀਆ ਨਾਲ ਮੁਲਾਕਾਤ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਸਮੱਸਿਆ ਦਾ ਕੀ ਹਲ ਹੈ, ਸਮਝ ਨਹੀਂ ਆ ਰਿਹਾ। ਸੋਚਦਾ ਹਾਂ ਸੁਖਾਵੇਂ ਹਾਲਾਤ ਦੀ ਉਡੀਕ ਵਿਚ ਜਲਾਵਤਨੀ ਹੀ ਠੀਕ ਰਹੇਗੀ।
(ਸਮਾਪਤ)
(ਨੋਟ: ਆਖ਼ਰੀ ਮਿਸ਼ਨ ਇਕ ਵਿਗਿਆਨ ਗਲਪ ਰਚਨਾ ਹੈ ਤੇ ਇਸ ਦੇ ਸਾਰੇ ਪਾਤਰ, ਸਥਾਨ ਤੇ ਘਟਨਾਵਾਂ ਕਲਪਿਤ ਹੀ ਹਨ। ਕਹਾਣੀ ਵਿਚ ਵਰਨਿਤ ਨਾਵਾਂ ਤੇ ਥਾਵਾਂ ਦਾ ਕਿਸੇ ਵਿਅਕਤੀ, ਸਥਾਨ ਜਾਂ ਬਿਰਤਾਂਤ ਨਾਲ ਮਿਲਣਾ ਮਹਿਜ਼ ਇਤਫਾਕੀਆ ਹੀ ਸਮਝਿਆ ਜਾਵੇ।)
For more info about the author, please see:drdpsinghauthor.wordpress.com
Email: [email protected]