ਦਸੂਹਾ/ਬਿਊਰੋ ਨਿਊਜ਼
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਅੱਜ ਸਵੇਰੇ 10 ਵਜੇ ਦੇ ਕਰੀਬ ਮਿੰਨੀ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 32 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਟੱਕਰ ਏਨੀ ਭਿਆਨਕ ਸੀ ਕਿ ਬੱਸ ਵਿੱਚੋਂ ਮਿ੍ਰਤਕਾਂ ਤੇ ਜ਼ਖਮੀਆਂ ਨੂੰ ਬਾਹਰ ਕੱਢਣ ਲਈ ਜੇ.ਸੀ.ਬੀ. ਦੀ ਸਹਾਇਤਾ ਲੈਣੀ ਪਈ। ਇਸ ਦੌਰਾਨ ਜ਼ਖਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਹਲਕਾ ਦਸੂਹਾ ਦੇ ਵਿਧਾਇਕ ਕਰਮਬੀਰ ਘੁੰਮਣ ਅਤੇ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਵੀ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੱਸ ਹਾਦਸੇ ’ਤੇ ਪ੍ਰਗਟਾਇਆ ਦੁੱਖ
ਹਾਦਸੇ ਦੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ
ਦਸੂਹਾ/ਬਿਊਰੋ ਨਿਊਜ਼
ਦਸੂਹਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸੀਐਮ ਮਾਨ ਨੇ ਇਸ ਸੜਕ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਇਸੇ ਦੌਰਾਨ ਹਲਕਾ ਦਸੂਹਾ ਤੋਂ ਵਿਧਾਇਕ ਕਰਮਜੀਤ ਸਿੰਘ ਘੁੰਮਣ ਹੋਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਨ ਕਾਲ ਦੁਆਰਾ ਉਨ੍ਹਾਂ ਤੋਂ ਸੜਕ ਹਾਦਸੇ ਸਬੰਧੀ ਜਾਣਕਾਰੀ ਹਾਸਲ ਕੀਤੀ ਹੈ। ਸੀਐਮ ਮਾਨ ਨੇ ਇਸ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ ਹੈ।