Breaking News
Home / ਹਫ਼ਤਾਵਾਰੀ ਫੇਰੀ / ਜੇਲ੍ਹ ‘ਚੋਂ ਫਰਾਰ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਮਿੰਟੂ ਦਿੱਲੀ ‘ਚ ਗ੍ਰਿਫ਼ਤਾਰ

ਜੇਲ੍ਹ ‘ਚੋਂ ਫਰਾਰ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਮਿੰਟੂ ਦਿੱਲੀ ‘ਚ ਗ੍ਰਿਫ਼ਤਾਰ

mintu-copy-copyਮਿੰਟੂ ਨੇ ਪਛਾਣ ਲੁਕਾਉਣ ਲਈ ਦਾੜ੍ਹੀ ਤੱਕ ਕਤਲ ਕਰ ਦਿੱਤੀ, ਪਰ ਫਿਰ ਵੀ ਫੜਿਆ ਗਿਆ
ਗੋਆ ਹੁੰਦੇ ਹੋਏ ਜਰਮਨੀ ਭੱਜਣ ਲਈ ਪਹੁੰਚਿਆ ਸੀ ਨਿਜ਼ਾਮੁਦੀਨ ਸਟੇਸ਼ਨ, ਸਾਥੀ ਕਸ਼ਮੀਰ ਸਿੰਘ ਫਰਾਰ
ਨਵੀਂ ਦਿੱਲੀ : ਪਟਿਆਲਾ ਜ਼ਿਲ੍ਹੇ ਦੇ ਨਾਭਾ ਦੀ ਜੇਲ੍ਹ ਤੋਂ ਫ਼ਰਾਰ ਹੋਣ ਵਾਲੇ ਖਾੜਕੂ ਅਤੇ ਖਾਲਿਸਤਾਨ ਲਿਬਰੇਸ਼ਨ ਫਰੰਟ (ਕੇਐੱਲਐੱਫ) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਤੋਂ 18 ਘੰਟੇ ਦੇ ਅੰਦਰ ਐਤਵਾਰ ਦੇਰ ਰਾਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਸ ਨੂੰ ਹਜ਼ਰਤ ਨਿਜ਼ਾਮੁੱਦੀਨ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ। ਉਹ ਗੋਆ ਹੁੰਦੇ ਹੋਏ ਜਰਮਨੀ ਭੱਜਣ ਦੀ ਤਾਕ ਵਿਚ ਸੀ। ਉਸ ਨਾਲ ਫ਼ਰਾਰ ਹੋਣ ਵਾਲਾ ਕੇਐੱਲਐੱਫ ਦਾ ਖਾੜਕੂ ਕਸ਼ਮੀਰ ਸਿੰਘ ਸਟੇਸ਼ਨ ਤੋਂ ਭੱਜਣ ਵਿਚ ਕਾਮਯਾਬ ਰਿਹਾ। ਉਸ ਦੇ ਦਿੱਲੀ ਵਿਚ ਹੀ ਲੁਕੇ ਹੋਣ ਦੀ ਸੰਭਾਵਨਾ ਹੈ। ਘਟਨਾ ਤੋਂ ਬਾਅਦ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਲਗਾਤਾਰ ਸੂਚਨਾਵਾਂ ਸਾਂਝੀਆਂ ਕਰਨ ਨਾਲ ਮਿੰਟੂ ਫੜਿਆ ਗਿਆ। ਉਸ ਦੀ ਗ੍ਰਿਫਤਾਰੀ ‘ਤੇ ਪੰਜਾਬ ਪੁਲਿਸ ਨੇ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਹਰਮਿੰਦਰ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਨੇ ਪੰਜ ਦਸੰਬਰ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ।
ਸਪੈਸ਼ਲ ਸੈੱਲ ਦੇ ਵਿਸ਼ੇਸ਼ ਕਮਿਸ਼ਨਰ ਅਰਵਿੰਦ ਦੀਪ ਨੇ ਕਿਹਾ ਕਿ ਹਰਮਿੰਦਰ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਸ ਨੇ ਜੇਲ੍ਹ ਵਿਚ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਗੁਰਪ੍ਰੀਤ ਨੇ ਆਪਣੇ ਗਰੋਹ ਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਸਾਜ਼ਿਸ਼ ਨੂੰ ਅੰਤਿਮ ਰੂਪ ਦਿੱਤਾ।  27 ਨਵੰਬਰ ਦਾ ਦਿਨ ਇਸ ਲਈ ਚੁਣਿਆ ਗਿਆ ਕਿਉਂਕਿ ਉਸ ਦਿਨ ਜੇਲ੍ਹ ਕੰਪਲੈਕਸ ਸਥਿਤ ਗੁਰਦੁਆਰੇ ਵਿਚ ਭੰਡਾਰਾ ਸੀ। ਭੰਡਾਰੇ ਕਾਰਨ ਕੈਦੀ ਬੈਰਕ ਤੋਂ ਬਾਹਰ ਆ ਗਏ ਸਨ। ਹਰਮਿੰਦਰ ਸਿੰਘ ਸਮੇਤ ਛੇ ਕੈਦੀਆਂ ਨੂੰ ਕਿਹਾ ਗਿਆ ਸੀ ਕਿ ਉਹ ਜੇਲ੍ਹ ਦੇ ਨਿਕਾਸੀ ਗੇਟ ਦੇ ਕੋਲ ਰਹਿਣ, ਪੁਲਿਸ ਦੀ ਵਰਦੀ ਵਿਚ ਆ ਕੇ ਉਨ੍ਹਾਂ ਨੂੰ ਛੁਡਾ ਲਿਆ ਜਾਏਗਾ। ਹਰਮਿੰਦਰ ਸਿੰਘ ਅਤੇ ਹੋਰ ਕੈਦੀਆਂ ਨੇ ਇਸੇ ਤਰ੍ਹਾਂ ਕੀਤਾ। ਚਾਰ ਗੱਡੀਆਂ ਵਿਚ ਪੁਲਿਸ ਦੀ ਵਰਦੀ ‘ਚ ਆਏ ਵਿਅਕਤੀਆਂ ਨੇ ਉਨ੍ਹਾਂ ਨੂੰ ਜੇਲ੍ਹ ਤੋਂ ਛੁਡਾ ਲਿਆ। ਫਾਰਚੂਨਰ ਨੂੰ ਗੁਰਪ੍ਰੀਤ ਚਲਾਉਣ ਲੱਗਾ। ਇਸੇ ਗੱਡੀ ਵਿਚ ਹਰਮਿੰਦਰ ਸਿੰਘ, ਕਸ਼ਮੀਰ ਸਿੰਘ ਸਮੇਤ ਗੁਰਪ੍ਰੀਤ ਦਾ ਚਚੇਰਾ ਭਰਾ ਮਨੀ ਵੀ ਸੀ। ਮਨੀ ਨੇ ਹੀ ਹਰਮਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਨੂੰ 19 ਹਜ਼ਾਰ ਰੁਪਏ, ਪਿਸਤੌਲ ਅਤੇ ਛੇ ਕਾਰਤੂਸ ਦਿੱਤੇ। ਜੇਲ੍ਹ ਤੋਂ ਕੁਝ ਦੂਰ ਜਾਣ ਤੋਂ ਬਾਅਦ ਹਰਮਿੰਦਰ ਅਤੇ ਕਸ਼ਮੀਰਾ ਗੱਡੀ ਤੋਂ ਉਤਰ ਗਏ।
ਕਮਾਦ ‘ਚ ਬਹਿ ਕੇ ਕਤਲ ਕੀਤੀ ਦਾੜ੍ਹੀ
ਨਾਭਾ ਜੇਲ੍ਹ ‘ਚੋਂ ਫਰਾਰ ਹੋ ਕੇ ਗੈਂਗਸਟਰ ਨਾਲ ਨਿਕਲੇ ਹਰਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਕੈਥਲ ਉਤਰ ਗਏ। ਮਿੰਟੂ ਕਮਾਦ ਦੇ ਖੇਤ ‘ਚ ਲੁਕ ਗਿਆ। ਕਸ਼ਮੀਰ ਸਿੰਘ ਲਾਗਲੇ ਪਿੰਡ ਗਿਆ ਤੇ ਕੈਂਚੀ ਲੈ ਆਇਆ, ਫਿਰ ਹਰਮਿੰਦਰ ਨੇ ਦਾੜ੍ਹੀ ਅਤੇ ਮੁੱਛਾਂ ਕੱਟ ਲਈਆਂ। ਦੋਵੇਂ ਜੀਪ ਰਾਹੀਂ ਕੁਰੂਕਸ਼ੇਤਰ, ਉਥੋਂ ਬੱਸ ਰਾਹੀਂ ਪਾਣੀਪਤ ਤੇ ਫਿਰ ਦਿੱਲੀ ਪਹੁੰਚ ਗਏ।
50 ਲੱਖ ਲੈ ਕੇ ਜੇਲ੍ਹ ਅਫਸਰਾਂ ਨੇ ਭਜਾਏ ਗੈਂਗਸਟਰ
ਪਟਿਆਲਾ : ਨਾਭਾ ਜੇਲ੍ਹ ਵਿਚੋਂ ਖਾੜਕੂ ਅਤੇ ਗੈਂਗਸਟਰਾਂ ਨੂੰ ਭਜਾਉਣ ਦੇ ਪਿੱਛੇ ਜੇਲ੍ਹ ਅਫਸਰਾਂ ਦਾ ਹੀ ਹੱਥ ਹੈ। ਉਹਨਾਂ ਇਸ ਕੰਮ ਲਈ 50 ਲੱਖ ਰੁਪਏ ਲਏ। ਜੇਲ੍ਹ ਤੋਂ ਕਰੀਬ 150 ਮੀਟਰ ਦੂਰ ਸ਼ਗੁਨ ਸਵੀਟ ਸ਼ਾਪ ‘ਤੇ ਡੀਲ ਹੋਈ। ਇਸ ਦੁਕਾਨ ਦੇ ਮਾਲਕ ਤੇਜਿੰਦਰ ਸ਼ਰਮਾ ਉਰਫ ਹੈਪੀ ਨੇ ਵਿਚੋਲੇ ਦਾ ਕੰਮ ਕੀਤਾ। ਉਸਦੀ ਦੁਕਾਨ ‘ਤੇ ਪੈਸੇ ਰਿਸੀਵ ਕੀਤੇ ਗਏ। ਜੇਲ੍ਹ ਵਿਚ ਦਾਖਲ ਹੋਣ ਲਈ ਦੋਸ਼ੀਆਂ ਨੇ ਕਈ ਵਾਰ ਰੇਕੀ ਕੀਤੀ, ਉਸ ਤੋਂ ਬਾਅਦ ਮੀਟਿੰਗ ਵੀ ਇਸੇ ਦੁਕਾਨ ਵਿਚ ਹੋਈ। ਗੈਂਗਸਟਰਾਂ ਨੂੰ ਭਜਾਉਣ ਤੋਂ ਬਾਅਦ ਕੁਝ ਵਿਅਕਤੀਆਂ ਨੂੰ ਲੁਕਾਉਣ ਦੀ ਜ਼ਿੰਮੇਵਾਰੀ ਵੀ ਸ਼ਵੀਟ ਸ਼ਾਪ ਦੇ ਮਾਲਕ ਤੇਜਿੰਦਰ ਸ਼ਰਮਾ ਨੇ ਨਿਭਾਈ। ਪੁਲਿਸ ਨੇ ਸਾਰੇ ਸਬੂਤ ਇਕੱਠੇ ਕਰਕੇ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਭੀਮ ਸਿੰਘ, ਹੈਡ ਵਾਰਡਰ ਜਗਮੀਤ ਸਿੰਘ ਅਤੇ ਤੇਜਿੰਦਰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ ‘ਚ 57 ਗੈਂਗ 15 ਐਕਟਿਵ
ਪੰਜਾਬ ਵਿਚ ਕੁਲ 57 ਗੈਂਗ ਹਨ ਜਿਨ੍ਹਾਂ ਵਿਚੋਂ 15  ਸਰਗਰਮ ਹਨ। ਇਨ੍ਹਾਂ ‘ਚੋਂ ਸਭ ਤੋਂ ਅੱਗੇ ਸ਼ੇਰਾ ਖੁੱਬਣ ਗੈਂਗ ਹੈ, ਜਿਸ ਦੇ ਸਾਥੀ ਫਰਾਰ ਹੋਏ।
ਗੈਂਗਸਟਰਾਂ ਨੇ ਬਣਾਈ  ਸਟੂਡੈਂਟ ਯੂਨੀਅਨ
ਇਨਕਾਊਂਟਰ ‘ਚ ਮਾਰੇ ਗਏ ਸ਼ੇਰਾ ਖੁੱਬਣ ਦੇ ਨਾਂ ‘ਤੇ ਗੈਂਗਸਟਰਾਂ ਨੇ ਡੀਏਵੀ ਕਾਲਜ ਮਲੋਟ ‘ਚ ਸ਼ੇਰਾ ਖੁੱਬਣ ਸਟੂਡੈਂਟ ਯੂਨੀਅਨ ਵੀ ਬਣਾਈ ਹੋਈ।
ਜੇਲ੍ਹ ‘ਚੋਂ ਚਲਾਉਂਦੇ
ਸਨ ਫੇਸਬੁੱਕ
ਵਿੱਕੀ ਗੌਂਡਰ ਤੋਂ ਲੈ ਕੇ ਨੀਟਾ ਦਿਓਲ ਤੱਕ ਸਾਰੇ ਗੈਂਗਸਟਰ ਜੇਲ੍ਹ ਅੰਦਰੋਂ ਫੇਸਬੁੱਕ ਚਲਾਉਂਦੇ ਸਨ। ਗੌਂਡਰ ਨੇ 22 ਨਵੰਬਰ ਨੂੰ ਜੇਲ੍ਹ ਅੰਦਰੋਂ ਆਖਰੀ ਅਪਡੇਟ ਕੀਤਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …