Breaking News
Home / ਹਫ਼ਤਾਵਾਰੀ ਫੇਰੀ / ਲੁਧਿਆਣਾ ਨਗਰ ਨਿਗਮ ‘ਤੇ ਕਾਂਗਰਸ ਦਾ ਕਬਜ਼ਾ

ਲੁਧਿਆਣਾ ਨਗਰ ਨਿਗਮ ‘ਤੇ ਕਾਂਗਰਸ ਦਾ ਕਬਜ਼ਾ

95 ਵਾਰਡਾਂ ‘ਚੋਂ 62 ‘ਤੇ ਜਿੱਤੀ ਕਾਂਗਰਸ, ‘ਆਪ’ ਨੂੰ ਮਿਲੀ ਸਿਰਫ਼ 1 ਵਾਰਡ ਤੋਂ ਜਿੱਤ
ਲੁਧਿਆਣਾ/ਬਿਊਰੋ ਨਿਊਜ਼ : ਨਗਰ ਨਿਗਮ ਲੁਧਿਆਣਾ ਦੀ ਸਿਆਸਤ ਵਿੱਚ 10 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਨੇ 95 ਵਾਰਡਾਂ ਵਿੱਚੋਂ 62 ਵਾਰਡਾਂ ‘ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਪਿਛਲੇ 10 ਸਾਲਾਂ ਤੋਂ ਨਗਰ ਨਿਗਮ ‘ਤੇ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ 11 ਵਾਰਡ, ਭਾਰਤੀ ਜਨਤਾ ਪਾਰਟੀ ਨੂੰ 10, ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੂੰ 7 ਵਾਰਡ, ਆਜ਼ਾਦ ਨੂੰ 4 ਅਤੇ ਆਮ ਆਦਮੀ ਪਾਰਟੀ ਨੂੰ ਇੱਕ ਵਾਰਡ ਵਿੱਚ ਜਿੱਤ ਮਿਲੀ ਹੈ। ਚੋਣਾਂ ਦੌਰਾਨ ਖਾਸ ਗੱਲ ਇਹ ਰਹੀ ਕਿ ਕਾਂਗਰਸ ਦੇ ਜ਼ਿਆਦਾਤਰ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤੇ ਜਦਕਿ ਅਕਾਲੀ ਦਲ ਦੇ ਕਈ ਉਮੀਦਵਾਰਾਂ ਦੀ ਜਿੱਤ ਦਾ ਅੰਤਰ 14 ਤੋਂ 20 ਵੋਟਾਂ ਤੱਕ ਦਾ ਰਿਹਾ। ਸੂਬੇ ਦੀ ਵਿਰੋਧੀ ਧਿਰ ਦੀ ਪਾਰਟੀ ਆਮ ਆਦਮੀ ਪਾਰਟੀ ਨੇ 39 ਵਾਰਡਾਂ ਵਿੱਚ ਚੋਣ ਲੜੀ ਸੀ ਤੇ ਸਿਰਫ਼ ਇੱਕ ‘ਤੇ ਹੀ ਜਿੱਤ ਹਾਸਲ ਕੀਤੀ ਹੈ।ਸ਼ਹਿਰ ਦੇ 95 ਵਾਰਡਾਂ ઠਵਿੱਚ ਗਠਜੋੜ ਨਾਲ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ। ਇਹ ਦੋਵੇਂ ਪਾਰਟੀਆਂ ਵਿਧਾਨ ਸਭਾ ਵਿੱਚ ਮਿਲੀਆਂ ਵੋਟਾਂ ਦੀ ਫੀਸਦ ਨੂੰ ਵੀ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਵਿਧਾਇਕ ਬੈਂਸ ਭਰਾਵਾਂ ਦੇ ਹਲਕਿਆਂ ਵਿੱਚ 24 ਵਾਰਡ ਆਉਂਦੇ ਸਨ ਜਿਨ੍ਹਾਂ ਵਿੱਚ ਸਿਰਫ਼ 7 ‘ਤੇ ਉਹ ਜਿੱਤ ਹਾਸਲ ਕਰ ਸਕੇ ਜਦਕਿ ਬਾਕੀ ਹਲਕਿਆਂ ਵਿੱਚ ਵਿਧਾਇਕ ਬੈਂਸ ਭਰਾਵਾਂ ਦਾ ਖਾਤਾ ਵੀ ਖੁੱਲ੍ਹ ਨਹੀਂ ਸਕਿਆ। ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਪਤਨੀ ਵਾਰਡ ਨੰਬਰ 11 ਤੋਂ ਜਿੱਤੀ ਜਦਕਿ ਬਾਕੀ ਕਿਸੇ ਵਾਰਡ ਵਿੱਚ ਵੀ ‘ਆਪ’ ਨੂੰ ਸਫਲਤਾ ਹਾਸਲ ਨਹੀਂ ਹੋਈ। ਕਾਂਗਰਸ ਨੂੰ ਬਹੁਮਤ ਮਿਲਣ ਤੋਂ ਬਾਅਦ ਲੁਧਿਆਣਾ ਹਲਕੇ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਭਾਰਤ ਭੂਸ਼ਨ ਆਸ਼ੂ ਮੋਟਰਸਾਈਕਲ ‘ਤੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੜਕਾਂ ‘ਤੇ ਨਿਕਲੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਮਿਲੀ ਵੱਡੀ ਜਿੱਤ ‘ਤੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਕਾਂਗਰਸ ਸਰਕਾਰ ਦੀਆਂ ਇਕ ਸਾਲ ਦੀਆਂ ਲੋਕ ਪੱਖੀ ਨੀਤੀਆਂ ‘ਤੇ ਆਪਣੀ ਮੋਹਰ ਲਾ ਦਿੱਤੀ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …