Home / ਹਫ਼ਤਾਵਾਰੀ ਫੇਰੀ / 25 ਸਾਲ ‘ਚ ਕਮਾਇਆ ਨਾਂ ‘ਘੁੱਗੀ’ ‘ਆਪ’ ਨੇ ਰੋਲ ਕੇ ਰੱਖ ਦਿੱਤਾ

25 ਸਾਲ ‘ਚ ਕਮਾਇਆ ਨਾਂ ‘ਘੁੱਗੀ’ ‘ਆਪ’ ਨੇ ਰੋਲ ਕੇ ਰੱਖ ਦਿੱਤਾ

ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਭ ਤੋਂ ਪਹਿਲੀ ਇੰਟਰਵਿਊ ‘ਪਰਵਾਸੀ ਰੇਡੀਓ’ ‘ਤੇ
ਟੋਰਾਂਟੋ : ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਣ ਦਾ ਐਲਾਨ ਚੰਡੀਗੜ੍ਹ ਦੇ ਪ੍ਰੈਸ ਕਲੱਬ ‘ਚ ਕਰਨ ਤੋਂ ਬਾਅਦ ਚਾਰ-ਪੰਜ ਦਿਨ ਗੁਰਪ੍ਰੀਤ ਘੁੱਗੀ ਦਾ ਫੋਨ ਬੰਦ ਰਹਿੰਦਾ ਹੈ ਤੇ ਫੋਨ ਔਨ ਹੋਣ ਤੋਂ ਬਾਅਦ ਉਹ ਸਭ ਤੋਂ ਪਹਿਲੀ ਇੰਟਰਵਿਊ ‘ਪਰਵਾਸੀ ਰੇਡੀਓ’ ‘ਤੇ ਦਿੰਦਾ ਹੈ। ਭਾਰੀ ਮਨ ਨਾਲ ਪਰ ਦ੍ਰਿੜ੍ਹ ਇਰਾਦੇ ਨਾਲ ਗੁਰਪ੍ਰੀਤ ਵੜੈਚ ਖੁੱਲ੍ਹ ਕੇ ਗੱਲ ਕਰਦਾ ਹੈ। ਰਜਿੰਦਰ ਸੈਣੀ ਦੇ ਪੁੱਛੇ ਸਵਾਲਾਂ ਦਾ ਜਵਾਬ ਸਿੱਧੇ ਲਫ਼ਜ਼ਾਂ ‘ਚ ਦਿੰਦਿਆਂ ਆਖਦਾ ਹੈ ਕਿ ‘ਘੁੱਗੀ’ ਨਾਂ 25 ਸਾਲਾਂ ‘ਚ ਕਮਾਇਆ ਸੀ ‘ਆਪ’ ਨੇ ਪਲਾਂ ‘ਚ ਰੋਲ ਦਿੱਤਾ ਆਖਦੇ ‘ਵੜੈਚ’ ਲਗਾ ਲੈ ਸੀਰੀਅਸਪਣ ਆਵੇਗਾ। ਮੇਰੇ ਕੈਰੀਅਰ ਦਾ ਇਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ। ਮੈਨੂੰ ਬਹੁਤ ਸੱਟ ਪਹੁੰਚੀ ਹੈ। ਮੈਂ ਬੁਰੀ ਤਰ੍ਹਾਂ ਨਾਲ ਬੇਇੱਜ਼ਤ ਹੋਇਆ ਹਾਂ।
ਗੁਰਪ੍ਰੀਤ ਘੁੱਗੀ ‘ਪਰਵਾਸੀ’ ਸਰੋਤਿਆਂ ਨਾਲ ਗੱਲ ਕਰਦਿਆਂ ਆਖਦਾ ਹੈ ਕਿ ਐਨ ਆਰ ਆਈ ਭਰਾਵਾਂ ਨੇ ਆਪਣਾ ਕੰਮ, ਆਪਣਾ ਵਕਤ ਸਭ ਕੁਝ ਛੱਡਿਆ, ਇੰਝ ਹੀ ਮੈਂ ਵੀ ਆਪਣਾ ਸਭ ਕੁਝ ਛੱਡ ਕੇ ਪੰਜਾਬ ਲਈ ਤੁਰਿਆ ਸੀ ਪਰ ਇਹ ਤਾਂ ਚਾਹੁੰਦੇ ਸਨ ਕਿ ਬੰਦਾ ਆਪਣੀ ਇੱਜ਼ਤ ਵੀ ਘਰ ਹੀ ਛੱਡ ਕੇ ਆਵੇ।
ਨਵੇਂ ਪ੍ਰਧਾਨ ਬਾਰੇ ਗੱਲਬਾਤ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਆਖਿਆ ਕਿ ਭਗਵੰਤ ਨਾਲ ਨਾ ਕੋਈ ਵਿਵਾਦ ਹੈ, ਨਾ ਕੋਈ ਗਿਲਾ, ਸਵਾਲ ਤਾਂ ਇਹ ਹੈ ਇਹ ਆਪਸ਼ਨ ਤਾਂ ਪਾਰਟੀ ਕੋਲ ਪਹਿਲਾਂ ਵੀ ਸੀ ਤਦ ਭਗਵੰਤ ਨੂੰ ਕਿਉਂ ਨਹੀਂ ਬਣਾਇਆ। ਛੋਟੇਪੁਰ ਤੋਂ ਪਹਿਲਾਂ ਵੀ ਇਹ ਆਪਸ਼ਨ ਮੌਜੂਦ ਸੀ, ਛੋਟੇਪੁਰ ਤੋਂ ਬਾਅਦ ਵੀ ਮੌਜੂਦ ਸੀ ਤੇ ਹੁਣ ਵੀ ਜੇਕਰ ਬਣਾਇਆ ਹੈ ਤਾਂ ਵੀ ਸ਼ਰਤ ਰੱਖ ਕੇ ਕਿ ਆਪਣੀ ਉਹ ਖਰਾਬ ਆਦਤ ਛੱਡ ਦੇਵੇਗਾ। ਕੀ ਇੰਝ ਨੈਸ਼ਨਲ ਪਾਰਟੀਆਂ ਸ਼ਰਤਾਂ ਲਾ ਕੇ ਪ੍ਰਧਾਨ ਬਣਾਉਂਦੀਆਂ ਹਨ। ਮੇਰੀ ਵਿਰੋਧਤਾ ਪ੍ਰਕਿਰਿਆ ਨਾਲ ਹੈ ਵਿਅਕਤੀ ਨਾਲ ਨਹੀਂ। ਮੈਂ ਅਹੁਦਿਆਂ ਦਾ ਲਾਲਚੀ ਨਹੀਂ। ਜਦੋਂ ਮੈਨੂੰ ਕਨਵੀਨਰ ਥਾਪਿਆ ਗਿਆ ਤਦ ਨਾ ਮੇਰੇ ਕੋਲ ਰਾਜਨੀਤੀ ਦਾ ਤਜ਼ਰਬਾ ਸੀ, ਤਦ ਜਬਰਦਸਤੀ ਇਹ ਆਖ ਕੇ ਕਿ ਪਾਰਟੀ ਬਿਖਰੇ ਨਾ ਤੇਰੇ ਨਾਮ ‘ਤੇ ਇਕਜੁੱਟ ਰਹੇਗੀ, ਤੂੰ ਸਾਫ਼ ਛਵੀ ਵਾਲਾ ਹੈ ਮੇਰਾ ਬਲੀਦਾਨ ਲੈ ਲਿਆ। ਹੁਣ ਵਰਤ ਕੇ ਮੈਨੂੰ ਸੁੱਟ ਦਿੱਤਾ। ਮੈਨੂੰ ਵੀ ਉਹੀ ਰੋਸਾ ਹੈ ਜੋ ਹਰ ਪੰਜਾਬੀ ਦੇ ਦਿਲ ਵਿਚ ਹੈ, ਜੋ ਹਰ ਵਰਕਰ ਦੇ ਦਿਲ ਵਿਚ ਹੈ। ਨਾ ਮੈਨੂੰ ਕਦੇ ਛੋਟੇਪੁਰ ਦੀ ਵੀਡੀਓ ਦਿਖਾਈ, ਨਾ ਕਿਸੇ ਫੈਸਲੇ ਵਿਚ ਸਾਡੀ ਰਾਏ ਲਈ, ਤੁਸੀਂ ਹੈਰਾਨ ਹੋਵੋਗੇ ਕਿ ਚੋਣ ਨਤੀਜਿਆਂ ਤੋਂ ਬਾਅਦ ਇਸ ਗੁਰਪ੍ਰੀਤ ਵੜੈਚ ਨੂੰ ਜੋ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਕਨਵੀਨਰ ਸੀ ਉਸ ਨੂੰ ਇਕ ਵਾਰ ਵੀ ਦਿੱਲੀ ਵਾਲਿਆਂ ਨੇ ਫੋਨ ਕਰਕੇ ਨਹੀਂ ਪੁੱਛਿਆ ਕਿ ਹਾਰ ਦੇ ਕੀ ਕਾਰਨ ਹਨ। ਦੋ ਸਾਲ ਪੰਜਾਬ ਜਿਨ੍ਹਾਂ ਦਾ ਘਰ ਰਿਹਾ, ਇਕ ਮਹੀਨੇ ‘ਚ ਪੰਜ-ਪੰਜ ਵਾਰ ਕੇਜਰੀਵਾਲ ਜੀ ਆਉਂਦੇ ਰਹੇ, ਚੋਣਾਂ ਤੋਂ ਬਾਅਦ ਪਾਰਟੀ ਵਰਕਰਾਂ ਨਾਲ, ਪਾਰਟੀ ਲੀਡਰਾਂ ਨਾਲ 5 ਮਿੰਟ ਲਈ ਵੀ ਉਨ੍ਹਾਂ ਕੋਲ ਸਮਾਂ ਨਹੀਂ ਸੀ। ਫਿਰ ਅਜਿਹੀ ਥਾਂ ਰਹਿ ਕੇ ਕੀ ਫਾਇਦਾ।
ਰਜਿੰਦਰ ਸੈਣੀ ਹੁਰਾਂ ਦੇ ਇਸ ਸਵਾਲ ‘ਤੇ ਕਿ ਤੁਸੀਂ ਰਾਜਨੀਤਿਕ ਸਫ਼ਰ ਜਾਰੀ ਰੱਖੋਗੇ। ਚਰਚੇ ਹਨ ਕਿ ਕਾਂਗਰਸ ‘ਚ ਜਾ ਰਹੇ ਹੋ। ਕੀ ਆਖੋਗੇ। ਗੁਰਪ੍ਰੀਤ ਘੁੱਗੀ ਨੇ ਜਵਾਬ ਦਿੰਦਿਆਂ ਕਿਹਾ ਅਜੇ ਆਪਣੇ-ਆਪ ਨਾਲ ਹੀ ਗੱਲਾਂ ਕਰ ਰਿਹਾ ਹਾਂ, ਕਿਧਰੇ ਜਾਣ ਬਾਰੇ ਸੋਚਿਆ ਨਹੀਂ, ਹਾਂ ਜੇਕਰ ਦੂਜੀਆਂ ਪਾਰਟੀਆਂ ਵਾਲੇ ਮੈਨੂੰ ਆਪਣੇ ਦਲ ਵਿਚ ਲੈਣ ਲਈ ਮੀਡੀਆ ‘ਚ ਖਬਰਾਂ ਲਗਵਾ ਰਹੇ ਹਨ। ਇਸ ਦਾ ਮਤਲਬ ਮੇਰੀ ਇਮੇਜ਼ ਅਜੇ ਵੀ ਬੇਦਾਗ ਹੈ। ਇਕ ਸੱਚ ਦੱਸਾਂ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਦਿੱਲੀ ਵਾਲੇ ਲੀਡਰਾਂ ਤੋਂ ਲੈ ਕੇ ਪੰਜਾਬ ਦੇ ਲੀਡਰਾਂ ਨੇ ਵੀ ਵੱਖੋ-ਵੱਖ ਸੁਨੇਹਿਆਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਇਹੋ ਦੁੱਖ ਪ੍ਰਗਟਾਇਆ ਕਿ ਇਕ ਚੰਗਾ ਲੀਡਰ ਪਾਰਟੀ ‘ਚੋਂ ਗਿਆ। ਬਸ ਭਗਵੰਤ ਮਾਨ ਨੇ ਹੀ ਕੁਝ ਕੌੜੇ ਬੋਲ ਸਾਂਝੇ ਕੀਤੇ ਹਨ। ਬਹੁਤ ਸਲਾਹਾਂ ਮਿਲ ਰਹੀਆਂ ਹਨ ਪਰ ਅਜੇ ਮੈਂ ਇਸ ਹਾਲਤ ‘ਚ ਨਹੀਂ ਕਿ ਕੋਈ ਫੈਸਲਾ ਲੈ ਸਕਾਂ। ਹਾਂ ਬਟਾਲਾ ਹਲਕਾ ਵਾਸੀਆਂ ਦੀ ਚਿੰਤਾ ਹੈ ਕਿ ਉਨ੍ਹਾਂ ਲਈ ਮੈਂ ਹੁਣ ਕੀ ਕਰ ਪਾਵਾਂਗਾ ਜਿਨ੍ਹਾਂ ਮੈਨੂੰ ਵੋਟਾਂ ਪਾਈਆਂ। ਐਨ ਆਰ ਆਈ ਭਰਾਵਾਂ ਦਾ ਵੀ ਧੰਨਵਾਦ ਜਿਨ੍ਹਾਂ ਬਹੁਤ ਸਾਥ ਦਿੱਤਾ।
ਜੋ ਬੋਲਦਾ ਹੈ ਉਸ ਨੂੰਤੋਰ ਦਿੰਦੇ ਹਨ
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਡਾ.ਗਾਂਧੀ ਬੋਲੇ-ਸਸਪੈਂਡ। ਐਮ.ਪੀ.ਖਾਲਸਾ ਇਨ੍ਹਾਂ ਅਨੁਸਾਰ ਨਹੀਂ ਚੱਲੇ-ਸਸਪੈਂਡ। ਅੰਮ੍ਰਿਤਸਰ ਵਾਲੇ ਡਾ.ਦਲਜੀਤ ਨੇ ਮੂੰਹ ਖੋਲ੍ਹਿਆ-ਸਸਪੈਂਡ। ਛੋਟੇਪੁਰ-ਬਾਹਰ, ਜੱਸੀ ਜਸਰਾਜ-ਬਾਹਰ, ਅਸਲ ਜੋ ਬੋਲ ਸਕਦਾ ਹੈ, ਜੋ ਜ਼ੁਬਾਨ ਰੱਖਦਾ ਹੈ ਉਹ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਹੁੰਦਾ।
2019 ਤੋਂ ਬਾਅਦ ਕੀ ਕਰੇਗਾ ਭਗਵੰਤ ਮਾਨ
ਮੇਰੇ ਪਾਰਟੀ ‘ਚੋਂ ਜਾਣ ‘ਤੇ ਖਹਿਰਾ ਦੁੱਖ ਪ੍ਰਗਟਾਉਂਦਾ ਹੈ। ਫੂਲਕਾ ਸਾਹਿਬ ਵਾਪਸ ਲਿਆਉਣ ਦੀ ਗੱਲ ਕਰਦੇ ਹਨ ਪਰ ਭਗਵੰਤ ਕੌੜੇ ਬੋਲ ਬੋਲਦਾ ਹੈ। ਹਕੀਕਤ ਇਹ ਹੈ ਕਿ ਭਗਵੰਤ ਐਮ ਐਲ ਏ ਹੈ ਨਹੀਂ,  2019 ‘ਚ ਐਮ ਪੀ ਦੀ ਚੋਣ ਉਸ ਤੋਂ ਜਿੱਤ ਨਹੀਂ ਹੋਣੀ, ਇਸ ਲਈ ਹੁਣ ਉਸ ਨੇ ਪ੍ਰਧਾਨਗੀ ਖੋਹੀ ਹੈ।

Check Also

ਵਾਤਾਵਰਣ ਬਚਾਓ ਮੁਹਿੰਮ ਚਲਾ ਰਹੇ ਆਈਆਰਐਸ ਅਫਸਰ ਰੋਹਿਤ ਮੇਹਰਾ ਦੀ ਸਮਾਜ ਸੇਵਕੀ

ਭਾਰਤ ਵਿਚ ਵਿਕਸਤ ਕਰ ਦਿੱਤੇ 80 ਜੰਗਲ ਲੁਧਿਆਣਾ ਵਿਚ ਹੀ 25-26 ਅਜਿਹੇ ਸ਼ਹਿਰੀ ਜੰਗਲ ਬਣੇ …