ਡੀਆਈਜੀ ਦੀ ਚੰਡੀਗੜ੍ਹ ਵਿਚਲੀ ਕੋਠੀ ‘ਚੋਂ ਮਿਲੇ 5 ਕਰੋੜ ਰੁਪਏ
ਚੰਡੀਗੜ੍ਹ : ਸੀਬੀਆਈ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਡੀਆਈਜੀ ਭੁੱਲਰ ਨੇ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਕਾਰੋਬਾਰੀ ਕੋਲੋਂ ਰਿਸ਼ਵਤ ਮੰਗੀ ਸੀ।
ਵੀਰਵਾਰ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਪਹੁੰਚੀ ਸੀਬੀਆਈ ਦੀ ਟੀਮ ਨੇ ਹਰਚਰਨ ਸਿੰਘ ਭੁੱਲਰ ਨੂੰ ਟਰੈਪ ਲਗਾ ਕੇ ਗ੍ਰਿਫਤਾਰ ਕਰ ਲਿਆ। ਇਸ ਆਈਪੀਐੱਸ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਮੁਹਾਲੀ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭੁੱਲਰ ਦੇ ਦਫ਼ਤਰ, ਘਰ ਤੇ ਖੰਨਾ ਦੇ ਫਾਰਮਹਾਊਸ ਦੀ ਵੀ ਤਲਾਸ਼ੀ ਲਈ ਗਈ। ਸੀਬੀਆਈ ਨੂੰ ਭੁੱਲਰ ਦੀਆਂ 15 ਜਾਇਦਾਦਾਂ ਅਤੇ ਲਗਜ਼ਰੀ ਗੱਡੀਆਂ ਦਾ ਵੀ ਪਤਾ ਲੱਗਾ ਹੈ।
ਜ਼ਿਕਰਯੋਗ ਹੈ ਕਿ ਭੁੱਲਰ ਨੇ ਪਿਛਲੇ ਸਾਲ 27 ਨਵੰਬਰ ਨੂੰ ਰੋਪੜ ਰੇਂਜ ਦੇ ਡੀਆਈਜੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਪਟਿਆਲਾ ਰੇਂਜ ਡੀਆਈਜੀ ਵਜੋਂ ਤਾਇਨਾਤ ਸਨ। ਭੁੱਲਰ ਰੋਪੜ ਰੇਂਜ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਸਨ। ਹਰਚਰਨ ਸਿੰਘ ਭੁੱਲਰ ਪੰਜਾਬ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ। ਇਸ ਦੇ ਚੱਲਦਿਆਂ ਰਿਸ਼ਵਤਖੋਰੀ ਦੇ ਮਾਮਲੇ ਵਿਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੇ ਪੁਲਿਸ ਵਿਭਾਗ ਵਿਚ ਹਲਚਲ ਮਚਾ ਦਿੱਤੀ ਹੈ।
ਸੀਬੀਆਈ ਨੂੰ ਮੰਗਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ
ਸੀਬੀਆਈ ਨੇ ਡੀਆਈਜੀ ਹਰਚਰਨ ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਚੰਡੀਗੜ੍ਹ ਦੇ ਸੈਕਟਰ-40 ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ। ਇਸ ਦੌਰਾਨ ਪੰਜ ਕਰੋੜ ਰੁਪਏ ਨਕਦ, ਡੇਢ ਕਿਲੋ ਸੋਨਾ, 22 ਮਹਿੰਗੀਆਂ ਘੜੀਆਂ, ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ, ਔਡੀ ਤੇ ਬੀਐਮਡਬਲਿਊ ਸਮੇਤ ਦੋ ਲਗਜ਼ਰੀ ਵਾਹਨਾਂ ਦੀਆਂ ਚਾਬੀਆਂ ਅਤੇ ਪੰਜਾਬ ਵਿੱਚ ਕੁਝ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਦੁਨਾਲੀ ਰਾਈਫਲ, ਪਿਸਤੌਲ, ਰਿਵਾਲਵਰ ਅਤੇ ਏਅਰਗੰਨ ਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਭੁੱਲਰ ਦੇ ਕਥਿਤ ਸਹਿਯੋਗੀ ਕ੍ਰਿਸ਼ਾਨੂ ਨੂੰ 21 ਲੱਖ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ। ਜ਼ਬਤ ਕੀਤੀ ਰਕਮ ਨੂੰ ਗਿਣਨ ਲਈ ਸੀਬੀਆਈ ਨੂੰ ਮਸ਼ੀਨਾਂ ਵੀ ਮੰਗਾਉਣੀਆਂ ਪਈਆਂ।