ਬਰੈਂਪਟਨ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ ਪਿਛਲੇ ਦਿਨੀਂ ਕੀਤੇ ਗਏ ਸਫ਼ਲ ਸਰਕਾਰੀ ਦੌਰੇ ਦੌਰਾਨ ਕੈਨੇਡਾ ਅਤੇ ਯੂਏਈ ਵਿਚਕਾਰ ਹੋਏ ਮਹੱਤਵਪੂਰਨ ਸਮਝੌਤਿਆਂ ਨਾਲ ਕੈਨੇਡਾ ਦੇ ਅਰਥਚਾਰੇ ਅਤੇ ਬਿਜ਼ਨੈੱਸਾਂ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਇਸ ਦੇ ਨਾਲ ਵਰਕਰਾਂ ਲਈ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਪ੍ਰਧਾਨ ਮੰਤਰੀ ਕਾਰਨੀ ਦੀ ਯੂਏਈ ਦੀ ਇਸ ਯਾਤਰਾ ਦੌਰਾਨ ਕੈਨੇਡਾ ਅਤੇ ਯੂਏੳ ਵਿਚਕਾਰ ‘ਫੌਰਨ ਇਨਵੈੱਸਟਮੈਂਟ ਪ੍ਰਮੋਸ਼ਨ ਐਂਡ ਪ੍ਰੋਟੈੱਕਸ਼ਨ ਐਗਰੀਮੈਂਟ’ ਸਮਝੌਤੇ ਉੱਪਰ ਦਸਤਖ਼ਤ ਹੋਏ, ਜਿਸ ਰਾਹੀਂ ਦੋ-ਪਾਸੜ ਪੂੰਜੀ-ਨਿਵੇਸ਼ ਕਰਨ ਲਈ ਨਿਯਮ ਬਣਾਏ ਗਏ, ਜਿਨ੍ਹਾਂ ਨਾਲ ਦੋਹਾਂ ਦੇਸ਼ਾਂ ਵਿਚਕਾਰ ਕਈ ਬਿਲੀਅਨ ਡਾਲਰਾਂ ਦਾ ਪੂੰਜੀ-ਨਿਵੇਸ਼ ਹੋਏਗਾ। ਇਸ ਸਮਝੌਤੇ ਨਾਲ ਕੈਨੇਡੀਅਨ ਕੰਪਨੀਆਂ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਪ੍ਰਾਜੈੱਕਟਾਂ ਲਈ ਪੂੰਜੀ ਨਿਵੇਸ਼ ਕਰ ਸਕਣਗੀਆਂ।
ਕੈਨੇਡਾ ਅਤੇ ਯੂਏਈ ਵਿਚਕਾਰ ਵਪਾਰ ਅਗਲੇ ਦਸ ਸਾਲਾਂ ਵਿੱਚ 3.4 ਬਿਲੀਅਨ ਡਾਲਰ ਤੋਂ ਵੱਧ ਕੇ 7 ਬਿਲੀਅਨ ਡਾਲਰ, ਭਾਵ ਦੁੱਗਣੇ ਤੋਂ ਵੱਧ ਹੋ ਜਾਣ ਦੀ ਆਸ ਹੈ।
ਇਸਦੇ ਨਾਲ ਹੀ ਇੱਕ ਹੋਰ ਸਮਝੌਤੇ ਅਨੁਸਾਰ ਯੂਏਈ ਵੱਲੋਂ ਕੈਨੇਡਾ ਵਿੱਚ 70 ਬਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਕੈਨੇਡਾ ਦੇ ਊਰਜਾ ਤੇ ਇਨਫਰਾਸਟਰੱਕਚਰ ਖ਼ੇਤਰਾਂ ਵਿੱਚ ਉੱਚ-ਪੱਧਰ ਦੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਟੈੱਕਨਾਲੌਜੀ ਖ਼ੇਤਰ ਵਿੱਚ ਹੋਰ ਵਾਧਾ ਹੋਵੇਗਾ। ਇਸਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਇਨ੍ਹਾਂ ਸਮਝੌਤਿਆਂ ਨਾਲ ਕੈਨੇਡਾ ਦੇ ਬਿਜ਼ਨੈਸਾਂ ਵਿੱਚ ਵਿਭਿੰਨਤਾ ਆਏਗੀ, ਅਰਥਚਾਰਾ ਮਜ਼ਬੂਤ ਹੋਵੇਗਾ ਅਤੇ ਕਾਮਿਆਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਬਰੈਂਪਟਨ ਲੌਜਿਸਟਿਕਸ ਅਤੇ ਟੈੱਕਨਾਲੌਜੀ ਖ਼ੇਤਰਾਂ ਦੇ ਉਤੇਜਿਤ ਰੋਜ਼ਗਾਰਾਂ ਵਿੱਚ ਕੰਮ ਕਰਨ ਵਾਲੇ ਸਿੱਖਿਅਤ ਕਾਮਿਆਂ ਲਈ ਘਰ ਹੈ।
ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਇਹ ਭਾਈਵਾਲੀ ਸਥਾਨਕ ਬਿਜ਼ਨੈੱਸਾਂ ਲਈ ਨਵੇਂ ਵਪਾਰ ਕੇਂਦਰਾਂ ਦੇ ਮੌਕੇ ਅਤੇ ਹੋਰ ਪੂੰਜੀ-ਨਿਵੇਸ਼ ਕਰਨ ਲਈ ਸਹਾਇਤਾ ਕਰੇਗੀ ਜਿਸ ਨਾਲ ਇਸ ਸ਼ਹਿਰ ਵਿੱਚ ਹੋਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।”
ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇਸ ਦੇ ਬਾਰੇ ਕਹਿਣਾ ਹੈ, ”ਖ਼ਤਰਨਾਕ ਢੰਗ ਨਾਲ ਵੰਡੀ ਜਾ ਰਹੀ ਦੁਨੀਆਂ ਵਿੱਚ ਕੈਨੇਡਾ ਹੋਰ ਕਈ ਦੇਸ਼ਾਂ ਨਾਲ ਭਾਈਵਾਲੀ ਵਧਾ ਰਿਹਾ ਹੈ। ਯੂਏਈ ਦੇ ਨਾਲ ਹੋਏ ਇਨ੍ਹਾਂ ਸਮਝੌਤਿਆਂ ਨਾਲ ਕੈਨੇਡਾ ਵਿੱਚ ਉਸਦੇ ਵੱਲੋਂ ਕਈ ਬਿਲੀਅਨ ਡਾਲਰਾਂ ਦੀ ਪੂੰਜੀ ਨਿਵੇਸ਼ ਕੀਤੀ ਜਾਏਗੀ, ਸਾਡੇ ਬਿਜ਼ਨੈਸਾਂ ਤੇ ਵਰਕਰਾਂ ਲਈ ਨਵੇਂ ਵਪਾਰ ਕੇਂਦਰਾਂ ਦੇ ਮੌਕੇ ਪੈਦਾ ਹੋਣਗੇ ਅਤੇ ਦੇਸ਼-ਭਰ ਵਿੱਚ ਉੱਚੇਰੀ ਤਨਖ਼ਾਹ ਵਾਲੀਆਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਕੈਨੇਡਾ ਆਪਣੇ ਵਪਾਰ ਵਿੱਚ ਵਿਭਿੰਨਤਾ ਲਿਆ ਰਿਹਾ ਹੈ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਪੂੰਜੀ ਨਿਵੇਸ਼ ਕਰਨ ਵਾਲੇ ਨਵੇਂ ਭਾਈਵਾਲ ਲਿਆ ਰਿਹਾ ਹੈ।”

