Breaking News
Home / ਹਫ਼ਤਾਵਾਰੀ ਫੇਰੀ / ਲੰਗਰ ‘ਤੇ ਜੀ ਐਸ ਟੀ : ਸੁਖਬੀਰ ਦਿੱਲੀ ਜਾਣ ਦੀਆਂ ਤਿਆਰੀਆਂ ਕਰਦੇ ਰਹਿ ਗਏ ਅਮਰਿੰਦਰ ਜੇਤਲੀ ਨਾਲ ਮੁਲਾਕਾਤ ਵੀ ਕਰ ਆਏ

ਲੰਗਰ ‘ਤੇ ਜੀ ਐਸ ਟੀ : ਸੁਖਬੀਰ ਦਿੱਲੀ ਜਾਣ ਦੀਆਂ ਤਿਆਰੀਆਂ ਕਰਦੇ ਰਹਿ ਗਏ ਅਮਰਿੰਦਰ ਜੇਤਲੀ ਨਾਲ ਮੁਲਾਕਾਤ ਵੀ ਕਰ ਆਏ

6000 ਕਰੋੜ ਰੁਪਏ ਦਾ ਕਿਸਾਨੀ ਕਰਜ਼ਾ ਨਿਪਟਾਉਣ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੇ ਬੁੱਧਵਾਰ ਨੂੰ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਲੰਗਰ ਅਤੇ ਪ੍ਰਸ਼ਾਦ ਬਣਾਉਣ ਆਦਿ ਦੀ ਰਸਦ ‘ਤੇ ਲਾਏ ਗਏ ਜੀ ਐਸ ਟੀ ਨੂੰ ਮੁਆਫ਼ ਕਰਵਾਉਣ ਲਈ ਛੇਤੀ ਹੀ ਦਿੱਲੀ ਦਾ ਰੁਖ ਕਰਨਗੇ ਅਤੇ ਅਰੁਣ ਜੇਤਲੀ ਨਾਲ ਮੁਲਾਕਾਤ ਕਰਨਗੇ। ਸੁਖਬੀਰ ਅਜੇ ਗੱਲੀਂ-ਬਾਤੀਂ ਦਿੱਲੀ ਜਾਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਅਗਲੇ ਦਿਨ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਰੁਣ ਜੇਤਲੀ ਦੇ ਡਰਾਇੰਗ ਰੂਮ ‘ਚ ਬੈਠ ਕੇ ਉਨ੍ਹਾਂ ਨਾਲ ਇਸੇ ਮੁੱਦੇ ‘ਤੇ ਗੱਲਬਾਤ ਕਰ ਰਹੇ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਾਸ਼ਟਰੀ ਅਤੇ ਨਿੱਜੀ ਬੈਂਕਾਂ ਤੋਂ ਸੂਬੇ ਦੇ ਕਿਸਾਨਾਂ ਦੁਆਰਾ ਲਏ 6000 ਕਰੋੜ ਰੁਪਏ ਦੇ ਕਰਜ਼ੇ ਦਾ ਯਕਮੁਸ਼ਤ ਨਿਪਟਾਰਾ ਕਰਨ ਦੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਨਿਪਟਾਰੇ ਨਾਲ ਮੁਸੀਬਤਾਂ ਵਿਚ ਘਿਰੇ ਪੰਜਾਬ ਦੇ 4 ਲੱਖ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਲੋੜੀਂਦੇ  ਦਿਸ਼ਾ ਨਿਰਦੇਸ਼ ਦੇ ਕੇ 6000 ਕਰੋੜ ਰੁਪਏ ਦਾ ਇਹ ਕਰਜ਼ਾ ਮਿਆਦੀ ਕਰਜ਼ੇ ਵਿਚ ਬਦਲਣ ਲਈ ਵਿੱਤ ਮੰਤਰੀ ਦੇ ਦਖਲ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਜੇਤਲੀ ਨੂੰ ਇਕ ਕਮੇਟੀ ਬਣਾਉਣ ਦੀ ਬੇਨਤੀ ਕੀਤੀ। ਇਹ ਮੁੱਦਾ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵੀ ਉਠਾਇਆ ਸੀ। ਕੈਪਟਨ ਨੇ ਧਾਰਮਿਕ ਸਥਾਨਾਂ ਵਿਖੇ ਲੰਗਰ ਅਤੇ ਪ੍ਰਸਾਦ ‘ਤੇ ਲੱਗੇ ਜੀ.ਐਸ.ਟੀ. ਨੂੰ ਖਤਮ ਕਰਨ ਦੀ ਵੀ ਵਿੱਤ ਮੰਤਰੀ ਨੂੰ ਅਪੀਲ ਕੀਤੀ। ਵਿੱਤ ਮੰਤਰੀ ਨੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਪੰਜਾਬ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਰੇ ਮੁੱਦਿਆਂ ‘ਤੇ ਗੌਰ ਕਰਨ ਲਈ ਵਿਭਾਗ ਦੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …