Breaking News
Home / ਹਫ਼ਤਾਵਾਰੀ ਫੇਰੀ / ਕਿਫਾਇਤੀ ਘਰਾਂ ਦੇ ਨਿਰਮਾਣ ਲਈ ਜਸਟਿਨ ਟਰੂਡੋ ਸਰਕਾਰ ਜੀਐਸਟੀ ਤੇ ਐਚਐਸਟੀ ਨਾ ਵਸੂਲੇ : ਜਗਮੀਤ ਸਿੰਘ

ਕਿਫਾਇਤੀ ਘਰਾਂ ਦੇ ਨਿਰਮਾਣ ਲਈ ਜਸਟਿਨ ਟਰੂਡੋ ਸਰਕਾਰ ਜੀਐਸਟੀ ਤੇ ਐਚਐਸਟੀ ਨਾ ਵਸੂਲੇ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਟੋਰਾਂਟੋ ਵਿੱਚ ਹਾਊਸਿੰਗ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਫੈਡਰਲ ਸਰਕਾਰ ਆਪਣੇ ਹਿੱਸੇ ਦਾ ਜੀਐਸਟੀ ਤੇ ਐਚਐਸਟੀ ਨਾ ਵਸੂਲੇ। ਉਨ੍ਹਾਂ ਇਹ ਵੀ ਆਖਿਆ ਕਿ ਨਵੇਂ ਕਿਫਾਇਤੀ ਘਰ ਤਿਆਰ ਕਰਨ ਲਈ ਕਿਰਾਏ ਦੇ ਘਰਾਂ ਦੇ ਨਿਰਮਾਣ ਵਾਸਤੇ ਫੈਡਰਲ ਜ਼ਮੀਨ ਦੀ ਵਰਤੋਂ ਕਰਨ ਜਾਂ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ ਐਨੀ ਰਾਹਤ ਤਾਂ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ।
ਗੱਲਬਾਤ ਦੌਰਾਨ ਜਗਮੀਤ ਸਿੰਘ ਨੇ ਆਖਿਆ ਕਿ ਟੋਰਾਂਟੋ ਨੂੰ ਫੈਡਰਲ ਪੱਧਰ ਉੱਤੇ ਅਸਲ ਭਾਈਵਾਲ ਦੀ ਲੋੜ ਹੈ। ਅਜਿਹੇ ਕਿਸੇ ਭਾਈਵਾਲ ਦੀ ਲੋੜ ਨਹੀਂ ਹੈ ਜਿਹੜਾ ਨਤੀਜੇ ਦੇਣ ਦੀ ਥਾਂ ਕੋਰੇ ਵਾਅਦੇ ਕਰਨ ਨੂੰ ਤਰਜੀਹ ਦਿੰਦਾ ਹੋਵੇ। ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਕੋਲ ਦਮਦਾਰ ਭੂਮਿਕਾ ਨਿਭਾਉਣ ਲਈ ਸਾਰੇ ਸਾਧਨ ਮੌਜੂਦ ਹਨ ਪਰ ਲਿਬਰਲਾਂ ਨੂੰ ਅਜਿਹੇ ਵਿਅਕਤੀਆਂ ਜਾਂ ਕੰਪਨੀਆਂ ਨੂੰ ਤਰਜੀਹ ਦੇਣੀ ਬੰਦ ਕਰਨੀ ਹੋਵੇਗੀ ਜਿਹੜੇ ਲੋਕਾਂ ਲਈ ਕੰਮ ਕਰਨ ਦੀ ਥਾਂ ਆਪਣੀਆਂ ਜੇਬ੍ਹਾਂ ਭਰ ਰਹੇ ਹਨ। ਜਗਮੀਤ ਸਿੰਘ ਨੇ ਇਹ ਨਹੀਂ ਦੱਸਿਆ ਕਿ ਜੇ ਸਰਕਾਰ ਅਜਿਹਾ ਕਰਦੀ ਹੈ ਤਾਂ ਉਸ ਨਾਲ ਸਰਕਾਰੀ ਖਜ਼ਾਨੇ ਉੱਤੇ ਕਿੰਨਾ ਬੋਝ ਪਵੇਗਾ। ਇਹ ਬਿਆਨ ਐਨਡੀਪੀ ਦੀ ਸਾਬਕਾ ਐਮਪੀ ਓਲੀਵੀਆ ਚਾਓ ਦੇ ਟੋਰਾਂਟੋ ਦਾ ਮੇਅਰ ਬਣਨ ਤੋਂ ਹਫਤੇ ਬਾਅਦ ਆਇਆ। ਆਪਣੀ ਕੈਂਪੇਨ ਦੌਰਾਨ ਚਾਓ ਵੱਲੋਂ ਜਿਸ ਹਾਊਸਿੰਗ ਪਲੈਨ ਦੀ ਗੱਲ ਕੀਤੀ ਗਈ ਸੀ ਉਹ ਬਹੁਤਾ ਕਰਕੇ ਫੈਡਰਲ ਸਰਕਾਰ ਤੋਂ ਮਿਲਣ ਵਾਲੀ ਵਿੱਤੀ ਮਦਦ ਉੱਤੇ ਟਿਕਿਆ ਹੋਇਆ ਹੈ। ਪਿਛਲੇ ਹਫਤੇ ਚਾਓ ਨੇ ਇਹ ਸਪਸ਼ਟ ਕੀਤਾ ਸੀ ਕਿ ਆਫਿਸ ਵਿੱਚ ਉਨ੍ਹਾਂ ਦੇ ਪਹਿਲੇ ਸਾਲ ਵਿੱਚ ਰਹਿਣ ਵਾਲੀਆਂ ਤਿੰਨ ਤਰਜੀਹਾਂ ਵਿੱਚੋਂ ਇੱਕ ਹਾਊਸਿੰਗ ਹੋਵੇਗੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਚਾਓ ਉਸ ਸਮੇਂ ਮੇਅਰ ਚੁਣੀ ਗਈ ਹੈ ਜਦੋਂ ਸੱਤਾਧਾਰੀ ਲਿਬਰਲ ਐਨਡੀਪੀ ਦੀ ਗੱਲ ਸੁਣਨ ਤੇ ਮੰਨਣ ਲਈ ਮਜਬੂਰ ਹਨ। ਅਜਿਹਾ ਇਸ ਲਈ ਕਿਉਂਕਿ ਪਾਰਲੀਆਮੈਂਟ ਵਿੱਚ ਲਿਬਰਲ ਘੱਟਗਿਣਤੀ ਹਨ। ਜਗਮੀਤ ਸਿੰਘ ਨੇ ਪਿਛਲੇ ਹਫਤੇ ਚਾਓ ਦੇ ਮੇਅਰ ਬਣਨ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਿਆਸਤ ਵਿੱਚ ਆਪਣੇ ਪਹਿਲੇ ਗੁਰੂਆਂ ਵਿੱਚੋਂ ਇੱਕ ਦਾ ਦਰਜਾ ਦਿੱਤਾ। ਉਨ੍ਹਾਂ ਇਹ ਵੀ ਆਖਿਆ ਕਿ ਚਾਓ ਨਾਲ ਰਲ ਕੇ ਟੋਰਾਂਟੋ ਨੂੰ ਹਰ ਕਿਸੇ ਲਈ ਬਿਹਤਰ ਸਿਟੀ ਬਣਾਉਣ ਵਾਸਤੇ ਉਹ ਨਿੱਠ ਕੇ ਕੰਮ ਕਰਨਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਚਾਓ ਦੇ ਮੇਅਰ ਬਣਨ ਦਾ ਸਵਾਗਤ ਕੀਤਾ ਗਿਆ ਸੀ।

Check Also

ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …