11 ਅਪ੍ਰੈਲ ਤੋਂ 19 ਮਈ ਤੱਕ 7 ਪੜਾਵਾਂ ‘ਚ ਹੋਣਗੀਆਂ ਲੋਕ ਸਭਾ ਚੋਣਾਂ, ਨਤੀਜੇ 23 ਮਈ ਨੂੰ
ਪੰਜਾਬ ਦੀਆਂ 13 ਸੀਟਾਂ ‘ਤੇ ਆਖਰੀ ਗੇੜ ‘ਚ 19 ਮਈ ਨੂੰ ਪੈਣਗੀਆਂ ਵੋਟਾਂ
ਕਾਂਗਰਸ ਤੇ ਅਕਾਲੀ-ਭਾਜਪਾ ਨੂੰ ਟੱਕਰ ਦੇਣ ਲਈ ‘ਆਪ’, ‘ਟਕਸਾਲੀ ਅਕਾਲੀ’ ਅਤੇ ਖਹਿਰਾ ਗੱਠਜੋੜ ਹੋਇਆ ਸਰਗਰਮ
ਨਵੀਂ ਦਿੱਲੀ/ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ 17ਵੀਂ ਲੋਕ ਸਭਾ ਖਾਤਰ ਚੋਣ ਪ੍ਰੋਗਰਾਮ ਦੇ ਕੀਤੇ ਗਏ ਐਲਾਨ ਤਹਿਤ 7 ਪੜਾਵਾਂ ਵਿਚ ਵੋਟਾਂ ਪੈਣਗੀਆਂ। 11 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਮਈ ਤੱਕ ਵੱਖੋ-ਵੱਖ ਸੂਬਿਆਂ ‘ਚ ਵੋਟਾਂ ਦਾ ਐਲਾਨ ਕੀਤਾ ਗਿਆ ਜਦੋਂਕਿ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਪੰਜਾਬ ਦੀਆਂ 13 ਸੀਟਾਂ ‘ਤੇ ਵੀ ਆਖਰੀ ਗੇੜ ‘ਚ 19 ਮਈ ਨੂੰ ਹੀ ਵੋਟਾਂ ਪੈਣਗੀਆਂ। ਪੰਜਾਬ ‘ਚ ਕਾਂਗਰਸ ਜਿੱਥੇ ਮਜ਼ਬੂਤ ਦਿਖ ਰਹੀ ਹੈ, ਉਥੇ ਅਕਾਲੀ ਦਲ ਵੀ ਉਤਾਂਹ ਉਠਣ ਲਈ ਤਰਲੋਮੱਛੀ ਹੈ, ਪਰ ਇਨ੍ਹਾਂ ਦੋਵਾਂ ਦਲਾਂ ਨੂੰ ਘੇਰਨ ਲਈ ਇਸ ਵਾਰ ਆਮ ਆਦਮੀ ਪਾਰਟੀ ਦੇ ਨਾਲ-ਨਾਲ ਖਹਿਰੇ ਦਾ ਸਾਂਝਾ ਮੋਰਚਾ ਅਤੇ ਟਕਸਾਲੀ ਅਕਾਲੀ ਦਲ ਪੂਰੀ ਤਿਆਰੀ ਤੇ ਹਿੰਮਤ ਨਾਲ ਮੈਦਾਨ ‘ਚ ਉਤਰਿਆ ਹੈ।
ਉਮੀਦਵਾਰ ਨੂੰ ਸਿਰੋਪਾ ਪਵੇਗਾ 90 ਰੁਪਏ ਦਾ ਤੇ ਜਲੇਬੀਆਂ 140 ਰੁਪਏ ਕਿਲੋ
ਚੰਡੀਗੜ੍ਹ : ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਸਖਤੀ ਦਿਖਾਉਂਦਿਆਂ 171 ਚੀਜ਼ਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀਆਂ ਕੀਮਤਾਂ ਦੱਸ ਕੇ ਖਰਚੇ ਦਾ ਹਿਸਾਬ ਉਮੀਦਵਾਰ ਕੋਲੋਂ ਲਿਆ ਜਾਵੇਗਾ। ਪੰਜਾਬ ‘ਚ ਚੋਣਾਂ ਨੂੰ ਅਜੇ ਦੋ ਮਹੀਨੇ ਹਨ ਤੇ ਇਕ ਉਮੀਦਵਾਰ 70 ਲੱਖ ਰੁਪਏ ਹੀ ਖਰਚ ਸਕਦਾ ਹੈ, ਇਸ ਲਈ ਉਸ ਨੂੰ ਚਿੰਤਾ ਹੈ ਕਿ ਉਹ ਆਪਣੇ ਸਮਰਥਕਾਂ ਨੂੰ ਜੇ ਚਾਹ, ਪਕੌੜੇ ਤੇ ਜਲੇਬੀਆਂ ਨਹੀਂ ਖਿਲਾਉਂਦਾ ਤਾਂ ਸਮਰਥਕ ਰੁੱਸਦੇ ਹਨ ਤੇ ਜੇਕਰ ਖਿਲਾਉਂਦਾ ਹੈ ਤਾਂ ਖਰਚਾ ਵਧਦਾ ਹੈ। ਜ਼ਿਕਰਯੋਗ ਹੈ ਕਿ 171 ਚੀਜ਼ਾਂ ‘ਚੋਂ ਮੁੱਖ ਤੌਰ ‘ਤੇ ਚਾਹ ਦਾ ਕੱਪ 8 ਰੁਪਏ, ਕੌਫੀ ਦਾ ਕੱਪ 12 ਰੁਪਏ, ਸਾਧਾਰਨ ਰੋਟੀ ਦੀ ਥਾਲੀ 70 ਰੁਪਏ, ਪਕੌੜੇ 150 ਰੁਪਏ ਕਿਲੋ, ਜਲੇਬੀ 140 ਰੁਪਏ ਕਿਲੋ, ਬੇਸਣ ਦੀ ਬਰਫੀ 200 ਰੁਪਏ ਕਿਲੋ, ਖੋਏ ਦੀ ਬਰਫ਼ੀ 250 ਰੁਪਏ ਕਿਲੋ, ਫੁੱਲਾਂ ਦਾ ਹਾਰ 10 ਰੁਪਏ, ਥੋੜ੍ਹਾ ਵੱਡਾ ਹਾਰ 15 ਰੁਪਏ ਤੇ ਹਰ ਸਿਰੋਪੇ ਦੀ ਕੀਮਤ 90 ਰੁਪਏ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …