ਅਡਾਨੀ ਗਰੁੱਪ ਵੱਲੋਂ ਐੱਨਡੀਟੀਵੀ ‘ਤੇ ਮੁਕੰਮਲ ਕਬਜ਼ੇ ਦੀ ਤਿਆਰੀ
ਨਵੀਂ ਦਿੱਲੀ : ਨਿਊਜ਼ ਚੈਨਲ ਐੱਨਡੀਟੀਵੀ ਦੇ ਬਾਨੀ ਪ੍ਰਣੌਏ ਰੌਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਵੱਲੋਂ ਮੰਗਲਵਾਰ ਰਾਤ ਨੂੰ ਦਿੱਤੇ ਅਸਤੀਫਿਆਂ ਮਗਰੋਂ ਰਵੀਸ਼ ਕੁਮਾਰ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਿਊਜ਼ ਚੈਨਲ ਨੇ ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਭੇਜ ਕੇ ਰਵੀਸ਼ ਦੇ ਅਸਤੀਫ਼ੇ ਬਾਰੇ ਜਾਣਕਾਰੀ ਦਿੱਤੀ ਹੈ। ਐੱਨਡੀਟੀਵੀ ਨੇ ਸਬੰਧਤ ਮੁਲਾਜ਼ਮਾਂ ਨੂੰ ਭੇਜੀ ਗਈ ਮੇਲ ਵਿੱਚ ਕਿਹਾ, ”ਰਵੀਸ਼ ਦਹਾਕਿਆਂ ਤੋਂ ਐੱਨਡੀਟੀਵੀ ਦਾ ਅਨਿੱਖੜਵਾਂ ਅੰਗ ਰਹੇ ਹਨ; ਉਨ੍ਹਾਂ ਦਾ ਯੋਗਦਾਨ ਬਹੁਤ ਜ਼ਿਆਦਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਉਹ ਨਵੀਂ ਸ਼ੁਰੂਆਤ ਕਰਨਗੇ ਤਾਂ ਬਹੁਤ ਸਫਲ ਹੋਣਗੇ।” ਰਮਨ ਮੈਗਸੈਸੈ ਐਵਾਰਡ ਜੇਤੂ ਰਵੀਸ਼ ਕੁਮਾਰ ਐੱਨਡੀਟੀਵੀ ਦੇ ‘ਹਮ ਲੋਗ’, ‘ਰਵੀਸ਼ ਕੀ ਰਿਪੋਰਟ’, ‘ਦੇਸ ਕੀ ਬਾਤ’ ਅਤੇ ਪ੍ਰਾਈਮ ਟਾਈਮ’ ਸਮੇਤ ਕਈ ਹਫ਼ਤਾਵਾਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ। ਉਨ੍ਹਾਂ ਨੂੰ ਦੋ ਵਾਰ ਰਾਮਨਾਥ ਗੋਇਨਕਾ ਐਕਸੀਲੈਂਸ ਇਨ ਜਰਨਲਿਜ਼ਮ ਐਵਾਰਡ ਵੀ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਰੌਏ ਦੰਪਤੀ ਨੇ ਪ੍ਰੋਮੋਟਰ ਗਰੁੱਪ ਆਰਆਰਪੀਆਰ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਅਸਤੀਫੇ ਦੇ ਦਿੱਤੇ ਸਨ। ਰੌਏ ਦੰਪਤੀ ਨੇ ਪ੍ਰੋਮੋਟਰ ਫਰਮ ‘ਤੇ ਅਡਾਨੀ ਗਰੁੱਪ ਦੇ ਮੁਕੰਮਲ ਕਬਜ਼ੇ ਮਗਰੋਂ ਅਸਤੀਫ਼ੇ ਦਿੱਤੇ ਹਨ, ਜਿਸ ਨੂੰ ਐੱਨਡੀਟੀਵੀ ਦੇ ਨਵੇਂ ਬੋਰਡ ਨੇ ਫੌਰੀ ਮਨਜ਼ੂਰ ਵੀ ਕਰ ਲਿਆ।
Check Also
ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ
ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …