20.8 C
Toronto
Thursday, September 18, 2025
spot_img
Homeਹਫ਼ਤਾਵਾਰੀ ਫੇਰੀਜਿਹੜੇ ਕਹਿੰਦੇ ਸੀ ਝੁਕਾਂਗੇ ਨਹੀਂ ਉਹਦੋ ਵਾਰਝੁਕੇ

ਜਿਹੜੇ ਕਹਿੰਦੇ ਸੀ ਝੁਕਾਂਗੇ ਨਹੀਂ ਉਹਦੋ ਵਾਰਝੁਕੇ

ਮੋਦੀ ਸਰਕਾਰ ਨੇ ਦੋ ਮੰਗਾਂ ਮੰਨੀਆਂ
ਖੇਤੀ ਕਾਨੂੰਨ ਤੇ ਐਮਐਸਪੀ ‘ਤੇ ਨਹੀਂ ਬਣੀ ਸਹਿਮਤੀ : 4 ਜਨਵਰੀ ਨੂੰ ਫਿਰ ਹੋਵੇਗੀ ਗੱਲਬਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਹ ਕਾਲੇ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨੀ ਅੰਦੋਲਨ ਨੂੰ ਪੰਜ ਹਫਤੇ ਹੋ ਚੁੱਕੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਇਸਦੇ ਚੱਲਦਿਆਂ ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨਰਿੰਦਰ ਤੋਮਰ, ਪਿਊਸ਼ ਗੋਇਲ ਅਤੇ ਸੋਮ ਪ੍ਰਕਾਸ਼ ਵਿਚ 6ਵੇਂ ਗੇੜ ਦੀ ਗੱਲਬਾਤ ਹੋਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਕਿਸਾਨ ਜਥੇਬੰਦੀਆਂ ਦੀਆਂ ਚਾਰ ਮੰਗਾਂ ਵਿਚੋਂ ਦੋ ਮੰਗਾਂ ਅਸੀਂ ਮੰਨ ਲਈਆਂ ਹਨ। ਸਰਕਾਰ ਦੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਬਿਜਲੀ ਨਿੱਜੀਕਰਨ ਵਾਲਾ ਮਾਮਲਾ ਅਤੇ ਪਰਾਲੀ ਸਾੜਨ ਵਾਲੇ ਮਾਮਲੇ ਵਿਚ ਵੱਡੇ ਜੁਰਮਾਨੇ ਦੀ ਤਜਵੀਜ਼ ਨੂੰ ਲਾਗੂ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਹਨਾਂ ਦੋਵਾਂ ਮੰਗਾਂ ਨੂੰ ਲੈ ਕੇ ਕੇਂਦਰ ਦੇ ਨੁਮਾਇੰਦੇ ਪਹਿਲਾਂ ਵੀ ਹਾਮੀ ਭਰਦੇ ਰਹੇ ਹਨ ਪਰ ਵੱਡਾ ਮਸਲਾ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਐਮਐਸਪੀ ਲਾਗੂ ਕਰਨ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਹੁਣ ਆਉਂਦੀ 4 ਜਨਵਰੀ ਨੂੰ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਫਿਰ ਮੀਟਿੰਗ ਹੋਣੀ ਹੈ। ਧਿਆਨ ਰਹੇ ਕਿ ਬੁੱਧਵਾਰ ਦੀ ਮੀਟਿੰਗ ਵਿਚ 40 ਕਿਸਾਨ ਸੰਗਠਨਾਂ ਦੇ ਆਗੂ ਸ਼ਾਮਲ ਹੋਏ ਹਨ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਮੰਗ ਰੱਖੀ ਕਿ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ਸਰਕਾਰ ਵਲੋਂ ਕਿਹਾ ਗਿਆ ਕਿ ਕਾਨੂੰਨਾਂ ਨਾਲ ਜੁੜੀਆਂ ਮੰਗਾਂ ‘ਤੇ ਵਿਚਾਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ।
ਮੋਦੀ ਦੇ ਮੰਤਰੀਆਂ ਨੇ ਵੀ ਕਿਸਾਨਾਂ ਨਾਲ ਹੀ ਛਕਿਆ ਲੰਗਰ
ਕਿਸਾਨਾਂ ਨੇ ਸਰਕਾਰੀ ਮਹਿਮਾਨ ਨਿਵਾਜ਼ੀ ਲੈਣ ਤੋਂ ਕੀਤਾ ਹੋਇਆ ਹੈ ਇਨਕਾਰ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਕਿਸਾਨਾਂ ਨਾਲ ਮੀਟਿੰਗ ਦੇ ਪਹਿਲੇ ਗੇੜ ਤੋਂ ਬਾਅਦ ਲੰਚ ਬ੍ਰੇਕ ਵੀ ਹੋਈ। ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਕੇਂਦਰ ਦੇ ਖੇਤੀ ਮੰਤਰੀ ਨਰਿੰਦਰ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਸੋਮ ਪ੍ਰਕਾਸ਼ ਨੇ ਵੀ ਕਿਸਾਨਾਂ ਨਾਲ ਹੀ ਲੰਗਰ ਛਕਿਆ। ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਵਿਗਿਆਨ ਭਵਨ ਪੁੱਜੇ ਕਿਸਾਨ ਨੇਤਾਵਾਂ ਲਈ ਲੰਗਰ ਦਾ ਪ੍ਰਬੰਧ ਗੁਰਦੁਆਰਾ ਸੀਸ ਗੰਜ ਸਾਹਿਬ ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ। ਪਹਿਲੀਆਂ ਮੀਟਿੰਗਾਂ ਦੌਰਾਨ ਵੀ ਗੁਰਦੁਆਰਾ ਸਾਹਿਬਾਨ ਵੱਲੋਂ ਕਿਸਾਨ ਨੇਤਾਵਾਂ ਲਈ ਲੰਗਰ ਲਗਾਇਆ ਗਿਆ ਸੀ। ਕਿਉਂਕਿ ਕਿਸਾਨ ਨੇਤਾਵਾਂ ਨੇ ਸਰਕਾਰੀ ਮਹਿਮਾਨ ਨਿਵਾਜ਼ੀ ਲੈਣ ਤੋਂ ਇਨਕਾਰ ਕੀਤਾ ਹੋਇਆ ਹੈ।
ਕਿਸਾਨਾਂ ਨੂੰ ਨਕਸਲੀ ਜਾਂ ਖ਼ਾਲਿਸਤਾਨੀ ਨਾ ਕਿਹਾ ਜਾਵੇ : ਰਾਜਨਾਥ
ਨਵੀਂ ਦਿੱਲੀ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਸਾਨੀ ਸੰਘਰਸ਼ ਸਬੰਧੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਨਕਸਲੀ ਜਾਂ ਖਾਲਿਸਤਾਨੀ ਕਹਿਣਾ ਗਲਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਡੇ ਸਿੱਖ ਭਰਾਵਾਂ ਨੇ ਭਾਰਤ ਦੇ ਸਭਿਆਚਾਰ ਦੀ ਰੱਖਿਆ ਕੀਤੀ ਹੈ। ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਨੇ ਭਾਰਤ ਦੇ ਆਤਮ ਸਨਮਾਨ ਨੂੰ ਬਚਾਇਆ ਹੈ। ਉਨ੍ਹਾਂ ਦੀ ਇਮਾਨਦਾਰੀ ‘ਤੇ ਕੋਈ ਸਵਾਲ ਨਹੀਂ ਹੈ। ਰਾਜਨਾਥ ਸਿੰਘ ਨੇ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਐਲ.ਏ.ਸੀ. ‘ਤੇ ਤਣਾਅ ਬਰਕਰਾਰ ਹੈ ਅਤੇ ਛੇਤੀ ਹੀ ਸੈਨਾ ਪੱਧਰ ‘ਤੇ ਗੱਲਬਾਤ ਵੀ ਹੋਵੇਗੀ।

RELATED ARTICLES
POPULAR POSTS